Monday, December 23, 2024

ਨਿਹੰਗ ਜਥੇਬੰਦੀ ਬਾਬਾ ਬਿਧੀ ਚੰਦ ਸੰਪਰਦਾ ਦੇ ਗਿਆਰਵੇਂ ਮੁਖੀ ਬਾਬਾ ਦਯਾ ਸਿੰਘ ‘ਸੁਰਸਿੰਘ’ ਨੂੰ ਯਾਦ ਕਰਦਿਆਂ

ਅਦਾਰਾ ਪੰਜਾਬ ਪੋਸਟ ,ਸਿੱਖ ਕੌਮ ਦੇ ਇਸ ਮਹਾਨ ਨਾਇਕ ਵਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੀਤੇ ਕਾਰਜਾਂ ਲਈ ਸ਼ਰਧਾ ਦੇ ਫੁਲ ਭੇਟ ਕਰਦਾ ਹੈ

BabaDayaSinghG

ਬਾਬਾ ਦਯਾ ਸਿੰਘ ‘ਸੁਰਸਿੰਘ ਵਾਲਿਆਂ’ ਦਾ ਜਨਮ 1927 ਈਸਵੀ ਵਿਚ ਬਾਬਾ ਬਿਧੀ ਚੰਦ ਸੰਪਰਦਾ ਦੇ ਦਸਵੇਂ ਮੁਖੀ, ਨਾਮ ਰੰਗ ਵਿਚ ਰੰਗੀ ਹੋਈ ਰੂਹ, ਬਾਬਾ ਸੋਹਣ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਆਪ ਦਾ ਪਾਲਣ-ਪੋਸ਼ਣ ਬਾਬਾ ਸੋਹਣ ਸਿੰਘ ਜੀ ਨੇ ਗੁਰਮਤਿ ਰਹੁਰੀਤਾਂ ਅਨੁਸਾਰ ਕੀਤਾ। ਛੋਟੀ ਅਵਸਥਾ ਵਿਚ ਹੀ ਆਪ ਦੇ ਮਨ ‘ਤੇ ਨਾਮ ਬਾਣੀ ਦਾ ਪ੍ਰਭਾਵ ਪਿਆ, ਕਿਉਂਕਿ ਬਾਬਾ ਬਿਧੀ ਚੰਦ ਦਲ ਦੀ ਪਰੰਪਰਾ ਦੇ ਤੱਤ ਆਪ ਨੂੰ ਵਿਰਸੇ ਵਿੱਚੋਂ ਪ੍ਰਾਪਤ ਹੋਏ ਸਨ ।
ਮੁੱਢਲੀ ਵਿੱਦਿਆ ਸੁਰਸਿੰਘ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਗੁਰਮਤਿ ਦੀ ਜਾਣਕਾਰੀ ਤੇ ਗੁਰਬਾਣੀ ਦੀ ਸਿੱਖਿਆ ਬਾਬਾ ਬਿਧੀ ਚੰਦ ਦਲ ਦੇ ਹੈੱਡ ਗ੍ਰੰਥੀ ਭਾਈ ਸੁੱਚਾ ਸਿੰਘ ਤੋਂ ਲਈ।ਬਾਬਾ ਸੋਹਣ ਸਿੰਘ ਦੀ ਅਗਵਾਈ ਹੇਠ ਦਲ ਵਿਚ ਵਿਚਰਦਿਆਂ ਆਪ ਨੇ ਗੱਤਕਾਬਾਜ਼ੀ, ਘੋੜ-ਸਵਾਰੀ ਅਤੇ ਸ਼ਸਤਰ ਵਿੱਦਿਆ ਵਿਚ ਨਿਪੁੰਨਤਾ ਹਾਸਲ ਕੀਤੀ।
1942 ਈਸਵੀ ਵਿਚ ਆਪ ਦੇ ਪਿਤਾ ਬਾਬਾ ਸੋਹਣ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਗਏ ਤਾਂ ਬਾਬਾ ਦਯਾ ਸਿੰਘ ਨੂੰ ਜਥੇ ਸਮੇਤ ਉਥੇ ਹੀ ਛੱਡ ਆਏ। ਸ੍ਰੀ ਹਜ਼ੂਰ ਸਾਹਿਬ ਰਹਿੰਦਿਆਂ ਬਾਬਾ ਦਯਾ ਸਿੰਘ ਨੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਜਥੇਦਾਰ ਬਾਬਾ ਮਿੱਤ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ।
ਇਥੇ ਰਹਿੰਦਿਆਂ ਹੀ ਬਾਬਾ ਜੀ ਨੇ ਹੋਲਾ ਮਹੱਲਾ, ਦੀਵਾਲੀ ਅਤੇ ਵੈਸਾਖੀ ਆਦਿ ਇਤਿਹਾਸਕ ਪੁਰਬਾਂ ਮੌਕੇ ਵੱਧ-ਚੜ੍ਹ ਕੇ ਸੇਵਾ ਕੀਤੀ ਅਤੇ ਸੰਗਤਾਂ ਤੇ ਅਮਿੱਟ ਛਾਪ ਛੱਡੀ। ਆਪ ਨੂੰ ਸ੍ਰੀ ਹਜ਼ੂਰ ਸਾਹਿਬ ਨਾਲ ਸਬੰਧਤ ਬਾਬਾ ਨਿਧਾਨ ਸਿੰਘ ਸਮੇਤ ਬਾਬਾ ਆਤਮਾ ਸਿੰਘ, ਬਾਬਾ ਸ਼ੀਸ਼ਾ ਸਿੰਘ ਤੇ ਬਾਬਾ ਹਰਨਾਮ ਸਿੰਘ ਦੀ ਸੰਗਤ ਅਤੇ ਸਾਥ ਮਾਨਣ ਦਾ ਮੌਕਾ ਮਿਲਿਆ।
ਸੰਪਰਦਾ ਦੀ ਜ਼ਿੰਮੇਵਾਰੀ ਮਿਲਣ ਤੋਂ ਕੋਈ 15 ਕੁ ਸਾਲ ਪਹਿਲਾਂ ਤੋਂ ਹੀ ਬਾਬਾ ਦਯਾ ਸਿੰਘ ਦਲ ਅੰਦਰ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਲਗ ਪਏ। ਆਪ ਦਲ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਅਤੇ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜੱਥੇ ਦੇ ਨਾਲ ਜਾਂਦੇ। ਇਹ ਆਪ ਦੀ ਸਿੱਖੀ ਪ੍ਰਤੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਮੰਨਿਆ ਜਾ ਸਕਦਾ ਹੈ।
ਬਾਬਾ ਸੋਹਣ ਸਿੰਘ ਜੀ ਦੀ ਸਰਪ੍ਰਸਤੀ ਹੇਠ ਆਪ ਨੇ ਲਾਇਲਪੁਰੀ ਬਾਰ, ਮਿੰਟਗੁੰਮਰੀ ਬਾਰ ਅਤੇ ਸਰਗੋਧੇ ਦੀ ਬਾਰ ਵਿਚ ਨਿਰੰਤਰ ਸਿੱਖੀ ਪ੍ਰਚਾਰ ਕੀਤਾ। 1965  ਅਤੇ 1971 ਦੀ ਜੰਗ ਵਿਚ ਬਾਬਾ ਸੋਹਣ ਸਿੰਘ ਦੇ ਨਾਲ ਬਾਬਾ ਦਯਾ ਸਿੰਘ ਨੇ ਜੰਗੀ ਮੋਰਚਿਆਂ ਵਿਚ ਲੰਗਰ ਪਹੁੰਚਾਉਣ ਦੀ ਸੇਵਾ ਕੀਤੀ ।
21 ਮਾਰਚ 1975 ਈਸਵੀ ਨੂੰ ਬਾਬਾ ਸੋਹਣ ਸਿੰਘ ਦੇ ਅਕਾਲ ਚਲਾਣੇ ਉਪਰੰਤ ਸਮੁੱਚੇ ਸਿੱਖ ਪੰਥ ਦੀ ਸਹਿਮਤੀ ਨਾਲ ਬਾਬਾ ਦਯਾ ਸਿੰਘ ‘ਦਲ ਬਿਧੀ ਚੰਦ’ ਦੇ ਗਿਆਰਵੇਂ ਮੁਖੀ ਵਜੋਂ ਕਾਰਜਸ਼ੀਲ ਹੋਏ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਿਥੇ ਦਲ ਦੀਆਂ ਪਰੰਪਰਾਵਾਂ ਅਤੇ ਮਾਣ-ਮਰਯਾਦਾ ਨੂੰ ਕਾਇਮ ਰੱਖਦਿਆਂ ਸਿੱਖੀ ਦੀ ਸੇਵਾ ਕੀਤੀ, ਉਥੇ ਪੰਥ ਵੱਲੋਂ ਮਨਾਈਆਂ ਗਈਆਂ ਸ਼ਤਾਬਦੀਆਂ ਅਤੇ ਹੋਰ ਇਤਿਹਾਸਕ ਪੁਰਬਾਂ ਮੌਕੇ ਵਧ-ਚੜ੍ਹ ਕੇ ਹਿੱਸਾ ਲਿਆ। ਉਹ ਆਪਣੇ ਦਲ ਵੱਲੋਂ ਇਨ੍ਹਾਂ ਸਮਾਗਮਾਂ ਦੌਰਾਨ ਗੱਤਕਾਬਾਜੀ ਅਤੇ ਘੋੜ ਸਵਾਰੀ ਦੁਆਰਾ ਸਿੱਖੀ ਦੇ ਚੜ੍ਹਦੀ ਕਲਾ ਵਾਲੇ ਸਰੂਪ ਦਾ ਪ੍ਰਗਟਾਵਾ ਕਰਦੇ ਰਹੇ। ਇਥੇ ਇਹ ਗੱਲ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਬਾਬਾ ਦਯਾ ਸਿੰਘ ਜੀ ਹਮੇਸ਼ਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ। ਬੇਸ਼ੱਕ ਨਿਹੰਗ ਸਿੰਘ ਜਥੇਬੰਦੀ ਦੀ ਮਰਯਾਦਾ ਨਿਭਾਉਣੀ ਆਪ ਦੀ ਜਥੇਬੰਦਕ ਜ਼ਿੰਮੇਵਾਰੀ ਦਾ ਹਿੱਸਾ ਸੀ, ਪਰ ਆਪ ਪੰਥ ਦੇ ਹਰ ਫੈਸਲੇ ਨਾਲ ਸਹਿਮਤੀ ਪ੍ਰਗਟਾਉਂਦੇ ਰਹੇ ਅਤੇ ਸੰਕਟ ਸਮੇਂ ਧਿਰ ਬਣ ਕੇ ਪੰਥ ਦੇ ਨਾਲ ਵੀ ਖੜ੍ਹਦੇ ਰਹੇ।
ਬਾਬਾ ਦਯਾ ਸਿੰਘ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ  ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ ਅਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਵੀ ਧਰਮ ਪ੍ਰਚਾਰ ਹਿੱਤ ਗਏ ਤੇ  ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ।
ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਲੋਚਾ ਵਾਲੀ ਇਹ ਨਾਮ ਰੱਤੜੀ ਰੂਹ 19ਜਨਵਰੀ 2014 ਨੂੰ ਸਚਖੰਡ ਪਿਆਨਾ ਕਰ ਗਈ ।
ਅੱਜ 28ਜਨਵਰੀ ਨੂੰ ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਛਾਉਣੀ ਸਾਹਿਬ, ਪਿੰਡ ਸੁਰਸਿੰਘ (ਤਰਨਤਾਰਨ) ਵਿਖੇ ਸਵੇਰੇ 10 ਵਜੇ ਪੈਣਗੇ। ਉਪਰੰਤ ਗੁਰੂ-ਘਰ ਦੇ ਕੀਰਤਨੀਏ ਅਤੇ ਕਥਾਵਾਚਕ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਜੋੜਨਗੇ। ਉਨ੍ਹਾ ਨਮਿਤ ਹੋਣ ਵਾਲੀ ਅੰਤਿਮ ਅਰਦਾਸ ਮੌਕੇ ਸਿੱਖ ਪੰਥ ਦੇ ਸਤਿਕਾਰਤ ਤਖਤ ਸਾਹਿਬਾਨ ਦੇ ਜਥੇਦਾਰ  ਸਾਹਿਬਾਨ, ਉੱਘੀਆਂ ਧਾਰਮਿਕ,ਰਾਜਨੀਤਕ ,ਸਮਾਜਿਕ ਜਥੇਬੰਦੀਆਂ, ਸੰਤ ਮਹਾਂਪੁਰਸ਼, ਨਿਹੰਗ ਸਿੰਘ ਜੱਥੇਬੰਦੀਆਂ, ਕਾਰ ਸੇਵਾ ਸੰਪਰਦਾਵਾਂ ਦੇ ਮੁਖੀ ਉਚੇਚੇ ਤੌਰ ‘ਤੇ ਪੁੱਜ ਕੇ ਬਾਬਾ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰ ਰਹੀਆਂ ਹਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply