ਕੇਂਦਰ ਤੇ ਰਾਜ ਸਰਕਾਰ ਮਿਲ ਕੇ ਕਰਨਗੀਆਂ ਸੂਬੇ ਦਾ ਵਿਕਾਸ – ਧੁੱਗਾ

ਬਟਾਲਾ, 6 ਜੂਨ (ਨਰਿੰਦਰ ਬਰਨਾਲ) – ਭਾਰਤ ਸਰਕਾਰ ਵੱਲੋਂ ਪੰਜਾਬ ਦੇ 217 ਪਿੰਡਾਂ ਨੂੰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਂਮ ਯੋਜਨਾ ਲਈ ਚੁਣਿਆ ਗਿਆ ਹੈ ਅਤੇ ਇਸ ਯੋਜਨਾ ਤਹਿਤ ਚੁਣੇ ਗਏ ਹਰੇਕ ਪਿੰਡ ਵਿੱਚ ਵਿਕਾਸ ਕਾਰਜਾਂ ‘ਤੇ 40 ਲੱਖ ਰੁਪਏ ਖਰਚ ਕੀਤੇ ਜਾਣਗੇ।ਇਹ ਪ੍ਰਗਟਾਵਾ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸ਼ਸ਼ਤਰੀਕਰਨ ਮੰਤਰਾਲੇ ਦੇ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਊਧਨਵਾਲ ਵਿਖੇ ਮੋਦੀ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਦੱਸਣ ਲਈ ਹਲਕਾ ਵਿਧਾਇਕ ਦੇਸਰਾਜ ਸਿੰਘ ਧੁੱਗਾ ਵੱਲੋਂ ਕਰਾਈ ਗਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਕੇਂਦਰੀ ਰਾਜ ਮੰਤਰੀ ਸ੍ਰੀ ਸਾਂਪਲਾ ਨੇ ਕਿਹਾ ਕਿ ਇਸ ਯੋਜਨਾਂ ਉੱਪਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਬਰਾਬਰ ਦਾ ਹਿੱਸਾ ਪਾਇਆ ਜਾਵੇਗਾ ਅਤੇ ਕੇਂਦਰ ਤੇ ਸੂਬਾ ਸਰਕਾਰ ਨੇ ਇਸ ਯੋਜਨਾ ਲਈ 86.80 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਗ੍ਰਾਂਮ ਯੋਜਨਾ ਲਈ ਉਨ੍ਹਾਂ ਪਿੰਡਾਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਪਿੰਡਾਂ ਵਿੱਚ ਦਲਿਤਾਂ ਦੀ ਅਬਾਦੀ ਜਿਆਦਾ ਹੈ ਮੋਦੀ ਸਰਕਾਰ ਦੀਆਂ ਇੱਕ ਸਾਲ ਦੀ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਦੇਸ਼ ਵਿੱਚ ਵਿਕਾਸ ਦੀ ਲਹਿਰ ਚੱਲੀ ਹੈ ਅਤੇ ਲੋਕਾਂ ਨੂੰ ਚੰਗੇ ਦਿਨ ਮਹਿਸੂਸ ਹੋਣ ਲੱਗੇ ਹਨ। ਕੇਂਦਰ ਸਰਕਾਰ ਵੱਲੋਂ ਚਲਾਈ ਜਨ ਧਨ ਯੋਜਨਾ, ਅਟਲ ਪੈਨਸ਼ਨ ਯੋਜਨਾ, ਦੁਰਘਟਨਾ ਬੀਮਾਂ ਯੋਜਨਾ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਂਮ ਯੋਜਨਾ, ਸਵੱਛ ਭਾਰਤ ਯੋਜਨਾ ਸਮੇਤ ਕਈ ਲੋਕ ਤੇ ਗਰੀਬ ਪੱਖੀ ਯੋਜਨਾਵਾਂ ਦਾ ਜਿਕਰ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕੇਂਦਰ ਸਰਕਾਰ ਨੇ ਬੀਤੇ ਇੱਕ ਸਾਲ ‘ਚ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨ ਦਾ ਯਤਨ ਕੀਤਾ ਹੈ ਅਤੇ ਅੱਗੇ ਵੀ ਇਹ ਯਤਨ ਜਾਰੀ ਰਹਿਣਗੇ। ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਟੈਕਸਾਂ ‘ਚ ਰਾਜਾਂ ਦਾ ਹਿੱਸਾ 32 ਫੀਸਦੀ ਤੋਂ ਵਧਾ ਕੇ 42 ਫੀਸਦੀ ਕਰ ਦਿੱਤਾ ਹੈ ਜਿਸ ਨਾਲ ਸੂਬਾ ਪੰਜਾਬ ਨੂੰ 7-8 ਹਜ਼ਾਰ ਕਰੋੜ ਦੀ ਰਾਸ਼ੀ ਪਹਿਲਾਂ ਨਾਲੋਂ ਵੱਧ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 5 ਫੀਸਦੀ ਹਿੱਸਾ ਪਿੰਡਾਂ ਤੇ 5 ਫੀਸਦੀ ਹਿੱਸਾ ਸ਼ਹਿਰਾਂ ਦੇ ਵਿਕਾਸ ਲਈ ਵੱਖਰੇ ਤੌਰ ‘ਤੇ ਦਿੱਤਾ ਜਾ ਰਿਹਾ ਹੈ।ਯੂ.ਪੀ.ਏ. ਸਰਕਾਰ ਦੀ ਗੱਲ ਕਰਦਿਆਂ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਘੁਟਾਲਿਆਂ ਦੀ ਸਰਕਾਰ ਸੀ ਅਤੇ ਕਾਂਗਰਸ ਪਾਰਟੀ ਨੇ ਭਾਈ-ਭਤੀਜਾਵਾਦ ਰਾਹੀਂ ਦੇਸ਼ ਦੇ ਖਜ਼ਾਨੇ ਦੀ ਅੰਨੀ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਲਾ ਘੁਟਾਲਾ ਜੋ ਕਿ 1 ਲੱਖ 76 ਹਜ਼ਾਰ ਕਰੋੜ ਰੁਪਏ ਦਾ ਕਿਹਾ ਜਾਂਦਾ ਸੀ ਅਸਲ ਵਿੱਚ ਇਸ ਤੋਂ ਵੀ ਕਈ ਗੁਣਾ ਜਿਆਦਾ ਦਾ ਘੁਟਾਲਾ ਹੈ ਅਤੇ ਕਾਂਗਰਸ ਨੇ 204 ਕੋਲੇ ਦੀਆਂ ਖਾਣਾ ਨੂੰ ਕੌਡੀਆਂ ਦੇ ਭਾਅ ਹੀ ਲੁੁੱਟਾ ਦਿੱਤਾ ਸੀ। ਸ੍ਰੀ ਸਾਂਪਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਕੋਲੇ ਦੀਆਂ ਖਾਣਾ ਦੀ ਨਿਲਾਮੀ ਰੱਦ ਕੀਤੀ ਤਾਂ ਜੋ ਦੇਸ਼ ਦੇ ਧੰਨ ਦੀ ਲੁੱਟ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਸਿਰਫ 30 ਕੋਲਾ ਖਾਣਾ ਦੀ ਨਿਲਾਮੀ ਕਰਾਈ ਹੈ ਅਤੇ ਇਸ ਨਿਲਾਮੀ ਤੋਂ 3 ਲੱਖ ਕਰੋੜ ਰੁਪਏ ਦੇਸ਼ ਦੇ ਖਜ਼ਾਨੇ ‘ਚ ਆਏ ਹਨ। ਉਨ੍ਹਾਂ ਕਿਹਾ ਕਿ ਅਜੇ 166 ਕੋਲਾ ਖਾਣਾ ਦੀ ਨਿਲਾਮੀ ਹੋਣੀ ਬਾਕੀ ਹੈ ਜਿਸ ਤੋਂ ਬਹੁਤ ਸਾਰਾ ਧੰਨ ਸਰਕਾਰੀ ਖਜ਼ਾਨੇ ‘ਚ ਆਵੇਗਾ ਜਿਸ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾ ਸਕੇਗਾ।
ਇਸ ਮੌਕੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਤੇ ਹਲਕਾ ਵਿਧਾਇਕ ਦੇਸਰਾਜ ਸਿੰਘ ਧੁੱਗਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਰਲ ਕੇ ਸੂਬੇ ਦਾ ਵਿਕਾਸ ਕਰਨਗੀਆਂ ਅਤੇ ਲੋਕ ਭਲਾਈ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਸ਼੍ਰੋਮਣੀ ਕਮੇਟੀ ਮੈਂਬਰ ਕਸ਼ਮੀਰ ਸਿੰਘ ਬਰਿਆਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਵਿੰਦਰ ਸਿੰਘ ਕਾਹਲੋਂ, ਕਰਮਜੀਤ ਸਿੰਘ ਜੋਗੀ ਡਡਿਆਲਾ, ਹਰਬੰਸ ਸਿੰਘ ਘੁਮਾਣ, ਬੱਬੂ ਕਾਹਲੋਂ, ਪਰਮਜੀਤ ਸਿੰਘ ਪੰਮ, ਹਰਦੀਪ ਸਿੰਘ ਬੇਦੀ, ਸਰਪੰਚ ਝਿਰਮਲ ਸਿੰਘ ਪੰਜਗਰਾਈਆਂ, ਬ੍ਰਿਜ ਮੋਹਨ ਮੱਪੀ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਭਾਟੀਆ, ਬਲਾਕ ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਕਾਹਲੋਂ, ਜਸਵੰਤ ਸਿੰਘ ਟਿੱਕਾ, ਮਨਜੀਤ ਸਿੰਘ ਹਰਦਾਨ, ਗੁਰਮੇਜ ਸਿੰਘ ਧੰਦੋਈ, ਹਰਭਜਨ ਸਿੰਘ ਹਰਪੁਰਾ, ਹਰਦੀਪ ਸਿੰਘ ਕਲੇਰ, ਕਾਕਾ ਚੋਪੜਾ, ਮਨਜੀਤ ਸਿੰਘ ਬਰਿਆਰ, ਸੰਤੋਖ ਸਿੰਘ ਮਧਰਾ, ਸੁਖਦੇਵ ਸਿੰਘ, ਸੁਲਖਣ ਸਿੰਘ ਖੈਹਿਰਾ, ਬੱਲਾ ਸਰਪੰਚ ਸੰਗਰਾਵਾਂ, ਤਜਿੰਦਰ ਸਿੰਘ ਸੰਧਵਾਂ, ਜਗਤਾਰ ਸਿੰਘ ਸਦਾਰੰਗ, ਦਿਲਬਾਗ ਸਿੰਘ ਨੱਤ, ਸਰਪੰਚ ਜਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕ ਹਾਜ਼ਰ ਸਨ।
Punjab Post Daily Online Newspaper & Print Media