ਕਮੇਟੀ ਵੱਲੋਂ ਜਾਤ-ਪਾਤ ਦਾ ਵਿਤਕਰਾ ਕੀਤਾ ਜਾ ਰਿਹੈ – ਸੰਗਤ

ਪੱਟੀ 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਥਾਨਕ ਕੁੱਲਾ ਚੌਂਕ ਪੱਟੀ ਵਿਖੇ ਸਥਿਤ ਗੁਰਦੁਆਰਾ ਬਾਬਾ ਵਿਸ਼ਵਕਰਮਾਜੀ ਦੇ ਮੁੱਖ ਸੇਵਾਦਾਰ ਭਾਈ ਹਰਮਿੰਦਰ ਸਿੰਘ ਦੀ ਅਚਾਨਕ ਛੁੱਟੀ ਕਰਨ ਤੋਂ ਬਾਅਦ ਰਾਮਗੜੀਆ ਬਰਾਦਰੀ ਨੇ ਸ਼ਾਹੀ ਫੁਰਮਾਨ ਜਾਰੀ ਕੀਤਾ ਕਿ ਬਰਾਦਰੀ ਤੋਂ ਬਗੈਰ ਕੋਈ ਵੀ ਸਿੱਖ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਹੀਂ ਕਰ ਸਕਦਾ ਜਿਸ ਨੂੰ ਲੈ ਕੇ ਬਰਾਦਰੀ ਅਤੇ ਇਲਾਕਾ ਨਿਵਾਸੀਆਂ ਵਿੱਚ ਵਿਵਾਦ ਭਖ ਗਿਆ ਹੈ।ਇਸ ਸਬੰਧੀ ਅੱਜ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਨੇੜਲੇ ਵਸਨੀਕਾਂ ਜਿੰਨਾਂ ਵਿੱਚ ਭਾਰੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਸ਼ਾਮਿਲ ਸਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਈ ਤਰਾਂ ਦੇ ਦੋਸ਼ ਲਗਾਏ ਅਤੇ ਮੁੱਖ ਸੇਵਾਦਾਰ ਦੀ ਛੁੱਟੀ ਨੂੰ ਗਲਤ ਦੱਸਿਆ ਹੈ। ਇਸ ਸਬੰਧੀ ਵਾਰਡ ਦੇ ਕੌਂਸਲਰ ਕੰਵਲਜੀਤ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਪੱਟੀ ਦੀ ਹਾਜ਼ਰੀ ਵਿੱਚ ਬਾਪੂ ਦਲੀਪ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਸੁਰਜੀਤ ਸਿੰਘ, ਸੰਤੋਖ ਸਿੰਘ, ਪ੍ਰੋ.ਬਖਸ਼ੀਸ਼ ਸਿੰਘ, ਬਲਵਿੰਦਰ ਸਿੰਘ, ਨਿਸ਼ਾਨ ਸਿੰਘ, ਤਜਿੰਦਰ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ, ਅਮਰਜੀਤ ਕੌਰ, ਬਚਨ ਕੌਰ, ਨਿਰਮਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਅਮਰੀਕ ਕੌਰ, ਪ੍ਰਕਾਸ਼ ਕੌਰ ਅਤੇ ਹਰਪ੍ਰੀਤ ਕੌਰ ਆਦਿ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਅੱਠ ਸਾਲਾਂ ਤੋਂ ਭਾਈ ਹਰਮਿੰਦਰ ਸਿੰਘ ਸੇਵਾਵਾਂ ਨਿਭਾਅ ਰਹੇ ਸਨ ਪਰ ਅੱਜ ਅਚਾਨਕ ਪ੍ਰਬੰਧਕ ਕਮੇਟੀ ਰਾਮਗੜੀਆ ਬਰਾਦਰੀ ਨੇ ਇਹ ਕਹਿ ਕੇ ਮੁੱਖ ਸੇਵਾਦਾਰ ਦੀ ਛੁੱਟੀ ਕਰ ਦਿੱਤੀ ਕਿ ਇਹ ਗੁਰਦੁਆਰਾ ਰਾਮਗੜੀਆ ਬਿਰਾਦਰੀ ਦਾ ਹੈ ਇਥੇ ਕਿਸੇ ਹੋਰ ਜਾਤ ਦਾ ਵਿਅਕਤੀ ਸੇਵਾ ਨਹੀਂ ਨਿਭਾ ਸਕਦਾ। ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਗੁਰੂਆਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਹੀ ਮਾਰਗ ਦਿਖਾਇਆ ਸੀ, ਇਥੋਂ ਤੱਕ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਧਰਮਾਂ ਨਾਲ ਸਬੰਧਤ ਗੁਰੂਆਂ, ਭਗਤਾਂ ਅਤੇ ਸਿੱਖਾਂ ਦੀ ਬਾਣੀ ਦਰਜ ਹੈ ਜਦਕਿ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਕੇਂਦਰ ਸਰਕਾਰਾਂ ਕਾਬਜ ਰਹੀਆਂ ਹਨ ਪਰ ਉਨਾਂ ਨੇ ਸਿੱਖ ਧਰਮ ਨੂੰ ਨੁਮਾਇੰਦਗੀ ਦਿੱਤੀ ਹੈ, ਪਰ ਇਥੇ ਜਾਤ ਬਿਰਾਦਰੀ ਦਾ ਬਖੇੜਾ ਖੜਾ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਇਥੋਂ ਦੀ ਕਮੇਟੀ ਦੇ ਕਈ ਅਹੁਦੇਦਾਰ ਸ਼ਰਾਬ ਮੀਟ ਦਾ ਸੇਵਨ ਕਰਦੇ ਹਨ ਅਤੇ ਕਦੇ ਵੀ ਗੁਰਦੁਆਰਾ ਸਾਹਿਬ ਵਿਖੇ ਨਹੀਂ ਆਉਂਦੇ ਸਿਰਫ਼ ਤੇ ਸਿਰਫ਼ ਗੋਲਕ ਖੋਲਣ ਮੌਕੇ ਹੀ ਆਉਂਦੇ ਹਨ ਅਤੇ ਉਨਾਂ ਵੱਲੋਂ ਬਾਬੇ ਦੀ ਛੁੱਟੀ ਕਰਨ ਨੂੰ ਕਈ ਚਿਰ ਪਹਿਲਾਂ ਕਈ ਤਰਾਂ ਦੇ ਵਿਵਾਦ ਖੜੇ ਕੀਤੇ ਗਏ ਅਤੇ ਬਾਬੇ ‘ਤੇ ਕਈ ਗਲਤ ਦੋਸ਼ ਵੀ ਲਗਾਏ ਗਏ। ਇਸ ਸਬੰਧੀ ਭਾਈ ਹਰਮਿੰਦਰ ਸਿੰਘ ਮੁੱਖ ਸੇਵਾਦਾਰ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰਾਂ ਦੇ ਦੋਸ਼ ਮੈਨੂੰ ਬਦਨਾਮ ਕਰਨ ਲਈ ਲਾਏ ਗਏ ਹਨ ਜੇਕਰ ਉਹ ਸੰਗਤ ਦੇ ਵਿੱਚ ਸਾਬਿਤ ਕਰ ਦੇਣ ਤਾਂ ਮੈਂ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਜ਼ਾ ਭੁਗਤਣ ਲਈ ਤਿਆਰ ਹਾਂ। ਹਾਜ਼ਰ ਲੋਕਾਂ ਨੇ ਕਿਹਾ ਕਿ ਭਾਈ ਹਰਮਿੰਦਰ ਸਿੰਘ ਦੀ ਜਬਰੀ ਛੁੱਟੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਸਮੇਂ ਹਾਜ਼ਰ ਕੰਵਲਜੀਤ ਸਿੰਘ ਗਿੱਲ ਕੌਂਸਲਰ ਨੇ ਕਿਹਾ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇਗਾ। ਕਿਉਂਕਿ ਸਿੱਖ ਧਰਮ ਸਭ ਦਾ ਸਾਂਝਾ ਧਰਮ ਹੈ। ਇਸ ਦੇ ਦਰਵਾਜ਼ੇ ਹਰੇਕ ਲਈ ਖੁੱਲੇ ਹਨ। ਇਹ ਵਿਵਾਦ ਦੁੱਖਦਾਈ ਹੈ।
ਇਸ ਸਬੰਧੀ ਗੁਰਦੁਆਰਾ ਰਾਮਗੜੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਸੋਨੂੰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸੰਗਤ ਵੱਲੋਂ ਇਹ ਮਸਲਾ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ ਹੈ।ਗੁਰਦੁਆਰਾ ਸਾਹਿਬ ਦੀ ਦੇਖਭਾਲ ਰਾਮਗੜੀਆ ਬਰਾਦਰੀ ਕਰਦੀ ਹੈ ਅਤੇ ਇਹ ਗੁਰਦੁਆਰਾ ਸੰਗਤ ਦਾ ਹੈ।ਸਾਨੂੰ ਕਿਸੇ ਦੇ ਆਉਣ ‘ਤੇ ਕੋਈ ਇਤਰਾਜ਼ ਨਹੀਂ, ਪਰ ਮੁੱਖ ਸੇਵਾਦਾਰ ਸਬੰਧੀ ਬਰਾਦਰੀ ਨੇ ਜੋ ਵੀ ਲਿਖਤੀ ਫੈਸਲਾ ਲਿਆ ਹੈ ਉਹ ਬਿਲਕੁੱਲ ਸਹੀ ਹੈ।
ਕਿਸੇ ਵੀ ਜਾਤੀ ਨਾਲ ਸਬੰਧਤ ਅੰਮ੍ਰਿਤਧਾਰੀ ਸਿੰਘ ਸੇਵਾ ਨਿਭਾਅ ਸਕਦਾ ਹੈ – ਗਿਆਨੀ ਗੁਰਬਚਨ ਸਿੰਘ
ਇਸ ਮਾਮਲੇ ਬਾਰੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਗੁਰੂ ਘਰ ਵਿਖੇ ਕੋਈ ਵੀ ਧਰਮ ਜਾਂ ਜਾਤੀ ਵਾਲਾ ਆ ਸਕਦਾ ਹੈ। ਇਹ ਧਰਮ ਸਭ ਦਾ ਸਾਂਝਾ ਹੈ ਇਥੇ ਕਿਸੇ ਵੀ ਜਾਤੀ ਦਾ ਅੰਮ੍ਰਿਤਧਾਰੀ ਸਿੱਖ ਸੇਵਾ ਨਿਭਾਅ ਸਕਦਾ ਹੈ, ਇਥੇ ਕੋਈ ਵੀ ਅਰਦਾਸ, ਪਾਠ ਬੇਨਤੀ ਕਰ ਸਕਦਾ ਹੈ।ਇਸ ਵਿਵਾਦ ਸਬੰਧੀ ਸਾਡੇ ਕੋਲ ਲਿਖਤੀ ਸ਼ਿਕਾਇਤ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media