Thursday, June 25, 2026

ਦੁਨੀਆਂ ਦੀ ਸਭ ਤੋਂ ਹੋਵੇਗੀ ਸੋਹਣੀ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਸੜਕ – ਪ੍ਰਮੁੱਖ ਸਕੱਤਰ

ਪੰਜਾਬ ਦਾ ਸੱਭਿਆਚਾਰ, ਖੂਬਸੂਰਤੀ ਤੇ ਅੰਤਰਰਾਸ਼ਟਰੀ ਦਿੱਖ ਪ੍ਰਦਾਨ ਕੀਤੀ ਜਾਵੇਗੀ ਰਸਤੇ ਨੂੰ

PPN1106201509

ਅੰਮ੍ਰਿਤਸਰ, 11 ਜੂਨ (ਗੁਰਚਰਨ ਸਿੰਘ) – ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ.ਔਜਲਾ ਦੀ ਪ੍ਰਧਾਨਗੀ ਹੇਠ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਵਿਖੇ ਚੱਲ ਰਹੇ ਵਿਕਾਸ ਕੰਮਾਂ ਦੀ ਹੋਈ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲੈਂਦੇ ਹੋਏ ਉਨਾਂ ਕਿਹਾ ਕਿ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤਕ ਦੀ ਮੁੱਖ ਸੜਕ ਦੁਨੀਆਂ ਦੀ ਸਭ ਤੋਂ ਖੂਬਸੂਰਤ ਹੋਵੇਗੀ ਤੇ ਇਸ ਤੋਂ ਪੰਜਾਬ ਦਾ ਸੱਭਿਆਚਾਰ ਝਲਕੇਗਾ। ਇਸ ਮੌਕੇ ਸ੍ਰੀ ਐਨ.ਪੀ.ਐਸ ਰੰਧਾਵਾ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ, ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਸ੍ਰੀ ਸੰਦੀਪ ਰਿਸ਼ੀ ਚੇਅਰਮੈਨ ਨਗਰ ਸੁਧਾਰ ਟਰੱਸਟ ਸਮੇਤ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
ਮੀਟਿੰਗ ਦੌਰਾਨ ਸ੍ਰੀ ਔਜਲਾ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਵਲੋਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਦੀ ਰਵਾਇਤੀ ਦਿੱਖ ਬਹਾਲ ਕਰਨ ਦੇ ਨਾਲ-ਨਾਲ ਇਸ ਸ਼ਹਿਰ ਨੂੰ ਵਿਸ਼ਵ ਦੇ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਸ੍ਰੀ ਦਰਬਾਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਕਸਤ ਕਰਦਿਆਂ ਸੁੰਦਰੀਕਰਨ ਕੀਤਾ ਜਾਵੇਗਾ।
ਸਥਾਨਕ ਬਚਤ ਭਵਨ ਵਿਖੇ ਪੀ.ਐਸ ਔਜਲਾ ਨੇ ਦੱਸਿਆ ਕਿ ਜੁਲਾਈ ਮਹੀਨੇ ਅਖੀਰ ਤਕ ਟੈਂਡਰ ਪ੍ਰਕ੍ਰਿਆ ਮੁਕੰਮਲ ਹੋਣ ਪਿੱਛੋਂ ਅਗਸਤ 2015 ਤੱਕ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਕ ਸਾਲ ਦੌਰਾਨ ਮੁਕੰਮਲ ਹੋਵੇਗਾ, ਜਿਸ ਤਹਿਤ ਫੁਹਾਰਾ ਚੌਂਕ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਨ ਤੋਂ ਇਲਾਵਾ ਇਕ ਵੱਡਾ ਫੁਹਾਰਾ ਵੀ ਲਾਇਆ ਜਾਵੇਗਾ, ਜਿਸ ਵਿਚ ਪਾਣੀ ਦੇ ਕੰਪਿਊਟਰੀਕ੍ਰਿਤ ਸ਼ੋਅ, ਵਾਟਰ ਐਨੀਮੇਸ਼ਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋਣਗੇ। ਇਹ ਸਾਰਾ ਰਸਤਾ ਵਾਈ-ਫਾਈ ਹੋਵੇਗਾ ਤੇ ਰਸਤੇ ਵਿਚ ਵੱਡੀਆਂ-ਵੱਡੀਆਂ ਸਕਰੀਨਾਂ ਲਗਾਈਆਂ ਜਾਣਗੀਆਂ, ਜਿਸ ਤੇ ਮੌਸਮ, ਸਮਾਂ ਤੇ ਖਬਰਾਂ ਆਦਿ ਚੱਲਣਗੀਆਂ। ਉਨਾਂ ਦੱਸਿਆ ਕਿ ਪੈਦਲ ਰਸਤੇ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਹੋਣਗੇ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਸਥਿਤ ਧਰਮ ਸਿੰਘ ਮਾਰਕੀਟ ਨੂੰ ਵੀ ਲਾਲ ਰੇਤ ਦੇ ਪੱਥਰਾਂ ਨਾਲ ਸੁੰਦਰੀਕਰਨ ਤੋਂ ਇਲਾਵਾ ਇਕੋ ਤਰ੍ਹਾਂ ਦੇ ਸਾਇਨ ਬੋਰਡ ਵੀ ਲਾਏ ਜਾਣਗੇ। ਧਰਮ ਸਿੰਘ ਮਾਰਕੀਟ ਦੇ ਸਾਹਮਣੇ ਪੌਦੇ ਲਾਏ ਜਾਣ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ਦੇ ਨੇੜੇ ਆਜ਼ਾਦੀ ਦੀ ਲੜਾਈ ਨੂੰ ਦਰਸਾਉਂਦੀ ਯਾਦਗਾਰ ਵੀ ਉਸਾਰੀ ਜਾਵੇਗੀ। ਇਸ ਤੋਂ ਇਲਾਵਾ ਧਰਮ ਸਿੰਘ ਮਾਰਕਿਟ ਦੇ ਸਾਹਮਣੇ ਫੂਡ ਕੋਰਟ ਵੀ ਸਥਾਪਿਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੇ ਨਾਲ-ਨਾਲ ਟਾਊਨ ਹਾਲ ਦੀ ਇਮਾਰਤ ਦਾ ਸੁੰਦਰੀਕਰਨ ਕਰਦਿਆਂ ਇਸ ਨੂੰ ਸਟੇਟ ਅਜਾਇਬ ਘਰ ਵਜੋਂ ਵਿਕਸਤ ਕੀਤਾ ਜਾਵੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply