ਜ਼ਿਲ੍ਹੇ ਵਿਚ ਇਕ ਮਹੀਨੇ ‘ਚ 5756 ਲੋਕਾਂ ਨੇ ਸੇਵਾਵਾਂ ਦਾ ਲਿਆ ਲਾਭ -ਲਖਬੀਰ ਸਿੰਘ

ਅੰਮ੍ਰਿਤਸਰ, 11 ਜੂਨ ( ਜਗਦੀਪ ਸਿੰਘ, ਗੁਰਚਰਨ ਸਿੰਘ) – ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ ਪੁਲਿਸ-ਸਾਂਝ ਕੇਂਦਰ ਲਾਹੇਵੰਦ ਸਾਬਤ ਹੋ ਰਹੇ ਹਨ ਅਤੇ ਇਹ ਕੇਂਦਰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅੰਮ੍ਰਿਤਸਰ ਜ਼ਿਲ੍ਹੇ ਅੰਦਰ ਸਥਾਪਿਤ ਇਨ੍ਹਾਂ ਕੇਂਦਰਾਂ ਵਿਚ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਅੰਮ੍ਰਿਤਸਰ ਜ਼ਿਲ੍ਹੇ ਅੰਦਰ ਸਬ ਡਵੀਜ਼ਨ ਪੱਧਰ ਤੇ ਛੇ ਪੁਲਿਸ ਸਾਂਝ ਕੇਂਦਰ ਚੱਲ ਰਹੇ ਹਨ। ਇਨ੍ਹਾਂ ਚੱਲ ਰਹੇ ਕੇਂਦਰਾਂ ਸਬੰਧੀ ਜਾਣਕਾਰੀ ਦੇਦਿੰਆਂ ਸ੍ਰੀ ਲਖਬੀਰ ਸਿੰਘ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅੰਮ੍ਰਿਤਸਰ (ਦਿਹਾਤੀ) ਨੇ ਦੱਸਿਆ ਕਿ ਸੇਵਾ ਅਧਿਕਾਰ ਕਾਨੂੰਨ, 2011 ਤਹਿਤ ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਨਾਮਜ਼ਦ ਅਫਸਰ ਵਲੋਂ ਸੇਵਾਵਾਂ ਸਮਾਂਬੱਧ ਮਿਤੀ ਅੰਦਰ ਨਹੀਂ ਪ੍ਰਾਪਤ ਹੁੰਦੀਆਂ ਤਾਂ ਉਹ ਵਿਅਕਤੀ ਇਸ ਸਬੰਧੀ ਸਬੰਧਿਤ ਐਪੀਲੈਟ ਅਥਾਰਟੀ ਨੂੰ ਅਪੀਲ ਕਰ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ-ਸਾਂਝ ਕੇਂਦਰ ਵਿਚ ਕਰੀਬ 27 ਸੇਵਾਵਾਂ ਇਨ੍ਹਾਂ ਕੇਂਦਰਾਂ ਵਿਚ ਦਿੱਤੀਆਂ ਜਾ ਰਹੀਆਂ ਹਨ, ਜਿਨਾਂ ਵਿਚ ਚਾਲ ਚਲਣਾ ਤਸਦੀਕ ਕਰਨਾ (10 ਦਿਨ), ਪਾਸਪੋਰਟ ਜਾਂਚ (21 ਦਿਨ), ਲਾਇਸੰਸ ਨਵਿਆਉਣ ਲਈ ਤਸਦੀਕ (22 ਦਿਨ), ਚੋਰੀ ਦੇ ਕੇਸਾਂ ਵਿਚ ਆਨ-ਟ੍ਰੇਸਡ ਰਿਪੋਰਟ ਦੀ ਕਾਪੀ (45 ਦਿਨ), ਪੈਟਰੋਲ ਪੰਪ ਅਤੇ ਸਿਨਮੇ ਹਾਲ ਆਦਿ ਸਥਾਪਨਾ ਲਈ ਇਤਰਾਜ਼ਹੀਣਤਾ ਦਾ ਸਰਟੀਫਿਕੇਟ ਜਾਰੀ ਕਰਨਾ (15 ਦਿਨ), ਨੌਕਰੀ ਨਾਲ ਸਬੰਧਿਤ ਹੋਰ ਤਸਦੀਕੀਕਰਨ (30 ਦਿਨ), ਲਾਊਡ ਸਪੀਕਰ ਦੀ ਵਰਤੋਂ ਲਈ ਐਨ.ਓ ਸੀ (5 ਦਿਨ) ਤੇ ਵਿਦੇਸ਼ੀਆਂ ਦੀ ਰਜਿਸ਼ਟਰੇਸ਼ਨ (ਤੁਰੰਤ) ਆਦਿ ਸ਼ਾਮਿਲ ਹਨ।
ਸ੍ਰੀ ਲਖਬੀਰ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਾਂਝ ਕੇਂਦਰਾਂ ਅੰਦਰ ਪਹਿਲੀ ਮਈ ਤੋਂ ਲੈ ਕੇ 31 ਮਈ ਤਕ 7656 ਲੋਕਾਂ ਵਲੋਂ ਅਰਜ਼ੀਆਂ ਦਿੱਤੀਆਂ ਸਨ, 5756 ਲੋਕਾਂ ਨੂੰ ਸੇਵਾਵਾਂ ਦੇ ਦਿੱਤੀਆਂ ਗਈਆਂ ਹਨ ਅਤੇ ਜੋ ਬਾਕੀ 1900 ਅਰਜ਼ੀਆਂ ਹਨ, ਉਨਾਂ ਦਾ ਵੀ ਨਿਸ਼ਚਿਤ ਸਮੇਂ ਅੰਦਰ ਨਿਪਟਾਰਾ ਕਰ ਦਿੱਤਾ ਜਾਵੇਗਾ। ਉਪਰੋਕਤ ਤੱਥ ਇਹ ਗਵਾਹੀ ਭਰਦੇ ਹਨ ਕਿ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਲਈ ਸਥਾਪਿਤ ਕੀਤੇ ਪੁਲਿਸ-ਸਾਂਝ ਕੇਂਦਰ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਲੋਕ ਬਿਨਾਂ ਕਿਸੇ ਝਿਜਕ ਦੇ ਇਨਾਂ ਕੇਂਦਰਾਂ ਵਿਚ ਜਾ ਕੇ ਸੇਵਾਵਾਂ ਦਾ ਲਾਹਾ ਲੈ ਰਹੇ ਹਨ।
Punjab Post Daily Online Newspaper & Print Media