ਮੁੱਖ ਮੰਤਰੀ ਸ੍ਰ. ਬਾਦਲ ਨੇ ਆਈ.ਆਈ.ਐਮ ਅੰਮ੍ਰਿਤਸਰ ਵਿਖੇ ਖੋਲਣ ਦਾ ਦਿਵਾਇਆ ਭਰੋਸਾ

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ ਨਿੱਜ਼ੀ ਤੌਰ ‘ਤੇ ਆਈ.ਆਈ.ਐਮ ਦੇ ਸਬੰਧ ਵਿਚ ਮੁਲਾਕਾਤ ਕੀਤੀ।ਜਿਕਰਯੋਗ ਹੈ ਕੀ ਸ਼੍ਰੀ ਅਨਿਲ ਜੋਸ਼ੀ ਜੀ ਨੇ ਇਸ ਸਬੰਧ ਵਿਚ ਕੁਝ ਦਿਨ ਪਹਿਲਾਂ ਭਾਰਤ ਦੇ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨਾਲ ਵੀ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਦੇ ਆਈ.ਆਈ.ਐਮ ਦੇ ਅੰਮ੍ਰਿਤਸਰ ਤੋਂ ਸ਼ਿਫਟ ਹੋਣ ਦੇ ਖਦਸ਼ੇ ਤੋਂ ਜਾਣੁ ਕਰਵਾਇਆ ਸੀ ਜਿਸ ਉਪਰੰਤ ਸ਼੍ਰੀ ਜੇਤਲੀ ਨੇ ਸ਼੍ਰੀ ਜੋਸ਼ੀ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਇਸ ਸਬੰਧ ਵਿਚ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਾਲ ਨਿੱਜੀ ਤੋਰ ਤੇ ਗੱਲ ਕਰਨਗੇ ।ਅੱਜ ਇਸ ਸਬੰਧ ਵਿਚ ਸ਼੍ਰੀ ਅਨਿਲ ਜੋਸ਼ੀ ਸ਼੍ਰੀ ਅਰੁਣ ਜੇਤਲੀ ਦਾ ਸੁਨੇਹਾ ਲੈ ਕੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇੇ ਅਤੇ ਕਿਹਾ ਕੀ ਆਈ.ਆਈ.ਐਮ ਅੰਮ੍ਰਿਤਸਰ ਵਿਖੇ ਹੀ ਲਗਾਇਆ ਜਾਵੇ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸ੍ਰ. ਬਾਦਲ ਨੇ ਸੇਕਟਰੀ ਹਾਉਸਿੰਗ ਵਿਭਾਗ ਸ਼੍ਰੀ ਵਿਸ਼ਵਜੀਤ ਖੰਨਾ ਨੂੰ ਨਿਰਦੇਸ਼ ਦਿੱਤੇ ਕਿ ਆਈ.ਆਈ.ਐਮ ਅੰਮ੍ਰਿਤਸਰ ਸ਼ਹਿਰ ਦੇ ਕੋਲ ਹੀ ਖੋਲਿਆ ਜਾਵੇ ਅਤੇ ਇਸ ਲਈ ਢੁਕਵੀਂ ਜਗਾ ਦੀ ਭਾਲ ਕੀਤੀ ਜਾਵੇ ਅਤੇ ਕਿਸੇ ਸੂਰਤ ਵਿਚ ਵੀ ਇਸਨੂੰ ਅੰਮ੍ਰਿਤਸਰ ਤੋਂ ਸ਼ਿਫਟ ਨਾ ਕੀਤਾ ਜਾਵੇ । ਇਸ ਭਰੋਸੇ ਤੇ ਤਸੱਲੀ ਪ੍ਰਗਟਾਉਂਦਿਆਂ ਸ਼੍ਰੀ ਅਨਿਲ ਜੋਸ਼ੀ ਨੇ ਸ੍ਰ. ਬਾਦਲ ਦਾ ਧੰਨਵਾਦ ਕੀਤਾ।
ਸ਼੍ਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕੀ ਉਹ ਲੋਕ ਹਿੱਤ ਦੇ ਹਰ ਮੁੱਦੇ ਤੇ ਲੋਕਾਂ ਦੇ ਨਾਲ ਖੜੇ ਹਨ ਅਤੇ ਖੜੇ ਰਹਿਣਗੇ ਅਤੇ ਇਹ ਆਈ.ਆਈ.ਐਮ ਅੰਮ੍ਰਿਤਸਰ ਵਿਖੇ ਹੀ ਸਥਾਪਿਤ ਹੋਵੇਗਾ ।
Punjab Post Daily Online Newspaper & Print Media