ਨਵੀਂ ਦਿੱਲੀ, 12 ਜੂਨ (ਅੰਮ੍ਰਿਤ ਲਾਲ ਮੰਨਣ) – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350ਵੇਂ ਸਾਲ ਮੌਕੇ ਦਿੱਲੀ ਸਿੱੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਦੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਦੱਸਿਆ ਕਿ ਨਗਰ ਕੀਰਤਨ 14 ਜੂਨ ਨੂੰ ਸਵੇਰੇ ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਤੋਂ ਆਰੰਭ ਹੋ ਕੇ ਸ਼ਾਮ ਨੂੰ ਗੁਰਦੁਆਰਾ ਫਤਿਹਗੜ ਸਾਹਿਬ ਪੰਜਾਬ ਵਿਖੇ ਪੁੱਜੇਗਾ। ਨਗਰ ਕੀਰਤਨ ਵਿੱਚ ਸ਼ਾਮਿਲ ਹਜ਼ਾਰਾ ਸੰਗਤਾਂ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਸਵੇਰੇ 15 ਜੂਨ ਨੂੰ ਗੁਰੁੂ ਜਸ ਗਾਇਨ ਕਰਦੀਆਂ ਹੋਈਆਂ ਸ੍ਰੀ ਆਨੰਦਪੁਰ ਸਾਹਿਬ ਵੱਲ ਰਵਾਨਾ ਹੋਣਗੀਆਂ।
ਇਸ ਨਗਰ ਕੀਰਤਨ ਵਿੱਚ ਨਗਾੜਾ, ਪੰਜ ਪਿਆਰੇ, ਪਾਲਕੀ ਸਾਹਿਬ, ਐਂਬੁਲੈਂਸ ਦੀਆਂ ਗੱਡੀਆਂ ਦੇ ਨਾਲ ਹੀ ਸੰਗਤਾਂ ਦੀਆਂ ਲਗਭਗ 100 ਬੱਸਾਂ ਵੀ ਸ਼ਾਮਿਲ ਹੋਣਗੀਆਂ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਲਾਲ ਕਿਲੇ ਹੁੰਦੇ ਹੋਏ ਸਜਾਏ ਜਾ ਰਹੇ ਨਗਰ ਕੀਰਤਨ ਦੇ ਪਹਿਲੇ ਦਿੰਨ ਦੇ ਪੜਾਵਾਂ ਦਾ ਜ਼ਿਕਰ ਕਰਦੇ ਹੋਏ ਰਾਣਾ ਨੇ ਕਿਹਾ ਕਿ ਨਗਰ ਕੀਰਤਨ ਦਾ ਪਹਿਲਾ ਪੜਾਵ ਸਿੰਧੂ ਬਾਰਡਰ, ਦੁੂਜਾ ਪੜਾਵ ਗੁਰਦੁਆਰਾ ਸਿੰਘ ਸਭਾ ਪਾਨੀਪਤ, ਤੀਜਾ ਪੜਾਵ ਗੁਰਦੁਆਰਾ ਪਿਪਲੀ ਸਾਹਿਬ ਤੇ ਗੁਰਦੁਆਰਾ ਪਾਤਸ਼ਾਹੀ ਛੇਂਵੀ ਕੁਰਕਸ਼ੇਤਰ, ਚੌਥਾ ਪੜਾਵ ਗੁਰਦੁਆਰਾ ਪੰਜੋਖੜਾ ਸਾਹਿਬ ਅੰਬਾਲਾ ਕੈਂਟ, ਪੰਜਵਾ ਪੜਾਵ ਗੁਰਦੁਆਰ ਮੰਜੀ ਸਾਹਿਬ ਅੰਬਾਲਾ, ਛੇਂਵਾ ਪੜਾਵ ਸ਼ੰਭੁੂ ਬਾਰਡਰ ਪੰਜਾਬ, ਸਤਵਾਂ ਪੜਾਵ ਰਾਜਪੂਰਾ ਅਤੇ ਅੱਠਵਾਂ ਪੜਾਵ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਹੋਵੇਗਾ।
ਇਸੇ ਤਰ੍ਹਾਂ ਹੀ ਦੂਜੇ ਦਿੰਨ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਪਹਿਲਾ ਪੜਾਵ ਗੁਰਦੁਆਰਾ ਬਾਬਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੁਰਾਲੀ, ਦੂਜਾ ਪੜਾਵ ਗੁਰਦੁਆਰਾ ਭੱਠਾ ਸਾਹਿਬ ਰੋਪੜ ਤੋਂ ਗੁਰਦੁਆਰਾ ਕੀਰਤਪੁਰ ਸਾਹਿਬ ਹੁੰਦੇ ਹੋਏ ਤਖ਼ਤ ਸ੍ਰੀ ਕੇਸਗੜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੇਗਾ।ਰਾਣਾ ਨੇ ਦਿੱਲੀ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਈ ਜਾ ਰਹੀ ਰੰਗ ਰੋਗਨ ਦੀ ਸ਼ਾਨਦਾਰ ਸੇਵਾ ਦੀ ਤਰ੍ਹਾਂ ਹੀ ਇਸ ਨਗਰ ਕੀਰਤਨ ਨੂੰ ਯਾਦਗਾਰੀ ਬਨਾਉਣ ਵਾਸਤੇ ਕਮੇਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਛੱਡਣ ਦਾ ਵੀ ਦਾਅਵਾ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media