ਸੁਮੱਚੇ ਪ੍ਰਬੰਧ ਸੁਚਾਰੂ ਢੰਗ ਨਾਲ ਕਰਨ ਦੀ ਕੀਤੀ ਹਦਾਇਤ
ਮੈਰੀਟੋਰੀਅਸ ਸਕੂਲ ਤੇ ਸਲੱਮ ਏਰੀਆ ਡਿਸਪੈਂਸਰੀ ਦਾ ਕੀਤਾ ਦੌਰਾ

ਅੰਮ੍ਰਿਤਸਰ, 9 ਜੁਲਾਈ (ਗੁਰਚਰਨ ਸਿੰਘ) – ਸ੍ਰੀ ਸਰਵੇਸ਼ ਕੌਸ਼ਲ ਮੁੱਖ ਸਕੱਤਰ ਪੰਜਾਬ ਵਲੋ 14 ਜੁਲਾਈ ਨੂੰ ਹੋਣ ਵਾਲੇ ਇਤਿਹਾਸਕ ਸਮਾਗਮ ਦੌਰਾਨ ਸ਼ਹਿਰ ਨੂੰ ਵਿਰਾਸਤੀ ਦਰਜਾ ਦੇਣ ਅਤੇ ਮੁੜ ਵਸੇਬਾ ਕੇਂਦਰ ਦੀ ਸ਼ੁਰੂਆਤ ਕਰਨ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਜਾ ਜਾਇਜ਼ਾ ਲੈਣ ਲਈ ਸਥਾਨਕ ਬਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ੍ਰੀ ਕੌਸ਼ਲ ਨੇ ਦੱਸਿਆ ਕਿ 14 ਜੁਲਾਈ ਨੂੰ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਵੈਂਕਇਆ ਨਇਡੂ ਅੰਮ੍ਰਿਤਸਰ ਸਮਾਗਮ ਵਿਚ ਵਿਸ਼ੇਸ ਤੌਰ ਤੇ ਪੁਹੰਚ ਰਹੇ ਹਨ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮੌਕੇ ਰਾਜ ਪੱਧਰੀ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਸz ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸz ਸੁਖਬੀਰ ਸਿੰਘ ਬਾਦਲ ਸਮੇਤ ਕੈਬਨਿਟ ਦੇ ਹੋਰ ਵਜੀਰ ਵੀ ਸ਼ਿਰਕਤ ਕਰਨਗੇ।ਮੁੱਖ ਸਕੱਤਰ ਪੰਜਾਬ ਨੇ ਸਮਾਗਮ ਲਈ ਬਣਾਈਆਂ ਗਈਆਂ ਵੱਖ ਵੱਖ ਕਮੇਟੀਆਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਥੋੜੇ ਜਿਹੇ ਸਮੇਂ ਵਿੱਚ ਵੱਡੇ ਸਮਾਗਮ ਨੂੰ ਕਰਵਾਉਣ ਲਈ ਕਿਸੇ ਪ੍ਰਕਾਰ ਦੀ ਕੋਈ ਢਿੱਲਮੱਠ ਨਾ ਵਰਤਣ ਅਤੇ ਇਸ ਮਹਾਨ ਕਾਰਜ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਪੰਜਾਬ ਸ੍ਰੀ ਕੌਸ਼ਲ ਨੇ ਚੁਗਾਵਾਂ-ਅਟਾਰੀ (ਨੇੜੇ ਪੰਜਾਬ ਹੈਰੀਟੇਜ ਵਿਲਜ਼) ਬਾਈਪਾਸ ਵਿਖੇ ‘ਸੀਨੀਅਰ ਸੈਕੰਡਰੀ ਰੈਜੀਡਂੈਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਅੰਮ੍ਰਿਤਸਰ’ ਨਾਂਅ ਨਾਲ ਖੋਲ੍ਹੇ ਗਏ ਰਿਹਾਇਸ਼ੀ ਸਕੂਲ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨਾਂ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਣ ਲਈ ਪ੍ਰੇਰਿਆ। ਮੁੱਖ ਸਕੱਤਰ ਸ੍ਰੀ ਕੌਸਲ ਨੇ ਕਲਾਸ ਰੂਮ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨਾਂ ਦੀਆਂ ਰੁਚੀਆਂ ਤੇ ਪੜ੍ਹਨ ਆਦਿ ਸਬੰਧੀ ਗੱਲਬਾਤ ਕੀਤੀ। ਇਸ ਤੋਂ ਉਪਰੰਤ ਉਨਾਂ ਸਕੂਲ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਸਕੂਲ ਅਧਿਕਾਰੀਆਂ ਦੱਸਿਆ ਕਿ ਇਸ ਸਕੂਲ ਵਿਚ ਕੁੱਲ 331 ਵਿਦਿਆਰਥੀ ਵਿੱਦਿਆ ਗ੍ਰਹਿਣ ਕਰ ਰਹੇ ਹਨ।
ਇਥੇ ਉਨਾਂ ਲੜਕੀਆਂ ਦੇ ਹੋਸਟਲ ਦਾ ਨਿਰੀਖਣ ਕਰਦਿਆਂ ਕਰਦਿਆਂ ਮੈਸ ਵਿਚ ਹੋਰ ਜ਼ਿਆਦਾ ਸਫ਼ਾਈ ਰੱਖਣ, ਵਾਸ਼ਰੂਮ ਤੇ ਟਾਇਲਟਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਲੇ ਦੁਆਲੇ ਦੀ ਸਫ਼ਾਈ ਸਬੰਧੀ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਕਿਸੇ ਪ੍ਰਕਰ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਹੋਸਟਲ ਵਾਰਡਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸਬੰਧੀ ਖਿਆਲ ਰੱਖਦਿਆਂ ਸਫ਼ਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ।
ਉਪਰੰਤ ਮੁੱਖ ਸਕੱਤਰ ਪੰਜਾਬ ਸ੍ਰੀ ਕੌਸ਼ਲ ਵਲੋਂ ਭਾਈ ਹਿੰਮਤ ਸਿੰਘ ਮੈਮੋਰੀਅਲ ਸੈਟੇਲਾਈਟ ਹਸਪਤਾਲ , ਕਾਲੇ ਘਣੂੰਪੁਰ ਦਾ ਨਿਰੀਖਣ ਕੀਤਾ ਗਿਆ। ਉਨਾਂ ਹਸਪਤਾਲ ਵਿਚ ਆਏ ਮਰੀਜਾਂ ਨਾਲ ਗੱਲਬਾਤ ਕੀਤੀ ਤੇ ਮਰੀਜ਼ਾਂ ਦੱਸਿਆ ਕਿ ਸਿਹਤ ਕਰਮਚਾਰੀਆਂ ਵਲੋਂ ਪੂਰੇ ਖਿਆਲ ਤੇ ਸੁਚਾਰੂ ਢੰਗ ਨਾਲ ਉਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਉਨਾਂ ਹਸਪਤਾਲ ਦੀ ਲੈਬਰਾਟਰੀ ਵਿਖੇ ਡਾਕਟਰਾਂ ਦੀ ਰੈਗੂਲਰ ਹਾਜ਼ਰੀ ਤੇ ਹਸਪਤਾਲ ਅੰਦਰ ਸਾਫ ਸਫ਼ਾਈ ਰੱਖਣ ਤੇ ਵਿਸ਼ੇਸ ਜੋਰ ਦਿੱਤਾ। ਇਸ ਮੌਕੇ ਸਥਾਨਕ ਵਾਸੀਆਂ ਦੱਸਿਆ ਕਿ ਇਸ ਹਸਪਤਾਲ ਦੇ ਨਜ਼ਦੀਕ ਪਾਣੀ ਦੇ ਨਿਕਾਸ ਦੀ ਸਮੱਸਿਆ ਹੈ, ਜਿਸ ਸਬੰਧੀ ਮੁੱਖ ਸਕੱਤਰ ਪੰਜਾਬ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਲਈ ਕਿਹਾ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਤੋਂ ਬਾਅਦ ਸ੍ਰੀ ਕੌਸ਼ਲ ਵਲੋਂ ਨਗਰ ਨਿਗਮ ਫ੍ਰੀ ਡਿਸਪੈਂਸਰੀ, ਹਰਗੋਬਿੰਦਪੁਰਾ, ਵਡਾਲੀ ਰੋਡ ਛੇਹਰਟਾ ਦਾ ਦੌਰਾ ਕੀਤਾ ਗਿਆ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਡਿਸਪੈਂਸਰੀ ਵਿਚ ਹੋਰ ਸੁਧਾਰ ਲਿਆਉਣ ਤੇ ਤਿੰਨ ਦਿਨਾਂ ਦੇ ਅੰਦਰ ਅੰਦਰ ਡਿਸਪੈਂਸਰੀ ਦੇ ਬਾਹਰ ਡਾਕਟਰਾਂ ਦੇ ਆਉਣ ਦਾ ਟਾਈਮ ਟੇਬਲ, ਕੰਧਾਂ ਦੀ ਸ਼ਫੈਦੀ ਕੀਤੀ ਜਾਵੇ, ਲਾਈਟਾਂ ਦਾ ਸੁਚਾਰੂ ਪ੍ਰਬੰਧ ਕੀਤਾ ਜਾਵੇ, ਟਾਇਲਟ ਤੇ ਡਿਸਪੈਸਰੀ ਦੀ ਸਮੁੱਚੀ ਸਾਫ਼-ਸਫ਼ਾਈ ਕੀਤੀ ਜਾਵੇ। ਉਨਾਂ ਨਗਰ ਨਿਗਮ ਦੇ ਸਿਹਤ ਅਧਿਕਾਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਰੋਜ਼ਾਨਾ ਨਗਰ ਨਿਗਮ ਦੀਆਂ ਡਿਸਪੈਂਸਰੀਆਂ ਦਾ ਦੌਰਾ ਕਰਨ ਤੇ ਲੋਕਾਂ ਨੂੰ ਦਰਪੇਸ਼ ਮੁਸਕਿਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਇਸ ਡਿਸਪੈਂਸਰੀ ਵਿਚ ਲੋਕਾਂ ਦੀਆਂ ਲੋੜਾਂ ਮੁਤਾਬਿਕ ਸਬੰਧਿਤ ਕੰਮ ਮੁਕੰਮਲ ਕੀਤੇ ਜਾਣਗੇ ਤੇ ਲੋਕਾਂ ਦੀ ਮੁੱਢਲੀਆਂ ਸਿਹਤ ਸਹੂਲਤਾਂ ਪਹਿਲ ਦੇ ਆਧਾਰ ਤੇ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਸ੍ਰੀ ਕੇ.ਜੇ.ਐਸ ਚੀਮਾ ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਸ੍ਰੀ ਅਸੋਕ ਗੁਪਤਾ ਸੈਕਰਟਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ,ਸ੍ਰੀ ਨਿਰਮਲਜੀਤ ਸਿੰਘ ਕਲਸੀ ਐਡਸ਼ੀਨਲ ਚੀਫ ਸੈਕਰਟਰੀ ਪੀ.ਡਬਲਿਊ.ਡੀ, ਸ੍ਰੀ ਰਾਹੁਲ ਤਿਵਾੜੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਪੰਜਾਬ, ਸ੍ਰੀ ਐਨ.ਐਸ ਰੰਧਾਵਾ ਡਾਇਰੈਕਟਰ ਸੈਰ ਸਪਾਟਾ ਵਿਭਾਗ ਤੇ ਸੀ.ਈ.ਓ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਪੰਜਾਬ, ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਸਮੇਤ ਅਧਿਕਾਰੀ ਮੌਜੂਦ ਸਨ।
Punjab Post Daily Online Newspaper & Print Media