ਚੋਰੀ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਆਮ ਲੋਕਾਂ ਤੇ ਪੁਲਿਸ ਲਈ ਬਣੀ ਸਿਰਦਰਦੀ

ਹੁਸ਼ਿਆਰਪੁਰ, 18 ਜੁਲਾਈ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਸ਼ਹਿਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸ਼ਨ ਲਈ ਵੀ ਵੱਡੀ ਸਿਰਦਰਦੀ ਬਣ ਚੁੱਕੀ ਹੈ।ਸਥਾਨਕ ਖਾਨਪੁਰੀ ਗੇਟ ਸਥਿਤ ਇੱਕ ਕਾਰੋਬਾਰੀ ਅਦਾਰੇ ਦਾ ਸ਼ਟਰ ਤੋੜ ਕੇ ਬੀਤੀ ਰਾਤ ਚੋਰਾਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।ਮੌਕੇ ਤੋਂ ਇੱਕਤਰ ਜਾਣਕਾਰੀ ਅਨੁਸਾਰ ਖਾਣ ਵਾਲੇ ਤੇਲਾਂ ਦਾ ਕਾਰੋਬਾਰ ਕਰਦੇ ਮੋਹਣ ਸਿੰਘ ਹਰਬੀਰ ਸਿੰਘ ਐਂਡ ਕੰਪਨੀ ਨਾਮਕ ਦੁਕਾਨ ਵਿਚ ਹੋਈ ਇਸ ਚੋਰੀ ਦੌਰਾਨ ਚੋਰਾਂ ਵੱਲੋਂ ਨਗਦੀ ਰੱਖਣ ਵਾਲੇ ਲਾਕਰ ਨੁਮਾ ਲੋਹੇ ਦੇ ਭਾਰੀ ਗੱਲੇ ਸਮੇਤ ਖਾਣ ਵਾਲੇ ਤੇਲਾਂ ਦੇ ਟੀਨ ਵੀ ਚੋਰੀ ਕਰ ਲਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਕਾਰੋਬਾਰੀ ਅਦਾਰੇ ਦੇ ਮਾਲਕ ਸ. ਮੋਹਣ ਸਿੰਘ ਅਤੇ ਉਨ੍ਹਾਂ ਦੇ ਬੇਟੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰਦਾਤ ਦੀ ਸੂਚਨਾ ਨਜ਼ਦੀਕ ਰਹਿੰਦੇ ਇੱਕ ਵਾਕਿਫਕਾਰ ਨੇ ਫੋਨ ਕਰਕੇ ਦਿੱਤੀ ਜਿਸ ‘ਤੇ ਉਹ ਤੁਰੰਤ ਦੁਕਾਨ ਤੇ ਪੁੱਜੇ ਤਾਂ ਦੇਖਿਆ ਕਿ ਸ਼ਟਰ ਉੱਪਰ ਉੱਠਿਆ ਹੋਇਆ ਸੀ ਅਤੇ ਇੱਕ ਪਾਸਿਉਂ ਤਾਲਾ ਟੁੱਟਾ ਹੋਇਆ ਸੀ।ਇਸ ਚੋਰੀ ਦੌਰਾਨ ਹੋਏ ਨੁਕਸਾਨ ਸੰਬੰਧੀ ਸ.ਮੋਹਣ ਸਿੰਘ ਅਤੇ ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਲੋਹੇ ਦਾ ਲਾਕਰਨੁਮਾ ਭਾਰੀ ਗੱਲਾ ਗਾਇਬ ਹੈ। ਇਸ ਦਾ ਭਾਰ ਤਕਰੀਬਨ ਇੱਕ ਕੁਇੰਟਲ ਤੋਂ ਵੀ ਜ਼ਿਆਦਾ ਸੀ।ਇਸ ਨੂੰ ਚੱਕਣਾ ਕੱਲ੍ਹੇ ਕਾਰੇ ਬੰਦੇ ਦਾ ਕੰਮ ਨਹੀਂ। ਜਿਸ ਤੋਂ ਲੱਗਦਾ ਹੈ ਕਿ ਇਸ ਵਾਰਦਾਤ ਨੂੰ 3 ਤੋਂ 5 ਵਿਅਕਤੀਆਂ ਨੇ ਅੰਜ਼ਾਮ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਇਸ ਗੱਲੇ ਵਿੱਚ ਕਰੀਬ 35000 ਰੁਪਏ ਦੀ ਨਗਦੀ ਤੋਂ ਇਲਾਵਾ ਕੰਪਨੀਆਂ ਵੱਲੋਂ ਗ੍ਰਾਹਕਾਂ ਨੂੰ ਦਿੱਤੇ ਜਾਣ ਵਾਲੇ ਕਰੀਬ 33000 ਹਜ਼ਾਰ ਰੁਪਏ ਕੀਮਤ ਵਾਲੇ ਸੋਨੇ ਅਤੇ ਚਾਂਦੀ ਦੇ ਸਿੱਕੇ ਵੀ ਗੱਲੇ ਵਿੱਚ ਪਏ ਹੋਏ ਸਨ।ਇਸ ਤੋਂ ਇਲਾਵਾ ਜੀਵੋ ਕਨੋਲਾ ਤੇਲ ਦੇ 5 ਟੀਨ, ਕਾਟਨਸੀਡ ਤੇਲ ਦੇ 20 ਟੀਨ ਅਤੇ ਰਿਫਾਈਂਡ ਤੇਲ ਦੇ 40 ਟੀਨ ਵੀ ਗਾਇਬ ਹਨ ਇਨ੍ਹਾਂ ਦੀ ਕੁੱਲ ਕੀਮਤ ਕਰੀਬ 75 ਤੋਂ 80 ਹਜ਼ਾਰ ਰੁਪਏ ਬਣਦੀ ਹੈ।ਇੰਜ ਕੁੱਲ ਮਿਲਾ ਕੇ ਡੇਢ ਕੁ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਇਸ ਵਾਰਦਾਤ ਦੀ ਸੂਚਨਾ ਤੁਰੰਤ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਦਿੱਤੀ ਗਈ। ਜਿਸ ‘ਤੇ ਐੱਸ.ਐੱਚ.ਓ. ਇੰਸਪੈਕਟਰ ਅਮਰ ਨਾਥ ਪੁਲਿਸ ਫੋਰਸ ਨਾਲ ਮੌਕੇ ‘ਤੇ ਪੁੱਜੇ ਅਤੇ ਜਾਂਚ ਪੜਤਾਲ ਆਰੰਭ ਕੀਤੀ। ਇਸ ਮੌਕੇ ਚੌਕੀਦਾਰ ਨੂੰ ਵੀ ਪੁੱਛ ਪੜਤਾਲ ਲਈ ਬੁਲਾ ਲਿਆ ਗਿਆ, ਜਿਸ ਦਾ ਕਹਿਣਾ ਹੈ ਕਿ ਉਹ ਆਪਣੀ ਡਿਊਟੀ ਤੜਕੇ 5 ਵਜੇ ਖਤਮ ਕਰਕੇ ਗਿਆ ਜਦਕਿ ਇਸ ਚੋਰੀ ਹੋਣ ਦਾ ਸਮਾਂ ਕਰੀਬ ਰਾਤ 1-00 ਤੋਂ 3-00 ਵਜੇ ਤੱਕ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਮੌਕੇ ‘ਤੇ ਇੱਕਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਸ ਚੌਂਕੀਦਾਰ ਕੋਲ ਕਾਫੀ ਵੱਡਾ ਇਲਾਕਾ ਹੈ, ਜਿਸ ਕਰਕੇ ਇਸ ਨੂੰ ਇੱਕੋ ਪੁਆਇੰਟ ਤੋਂ ਅਗਲਾ ਚੱਕਰ ਸ਼ੁਰੂ ਕਰਨ ਲਈ ਕਰੀਬ 1 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਜਿਸ ਦੌਰਾਨ ਚੋਰੀ ਦੀ ਵਾਰਦਾਤ ਆਸਾਨੀ ਨਾਲ ਨੇਪਰੇ ਚਾੜ੍ਹੀ ਜਾ ਸਕਦੀ ਹੈ। ਲੋਕਾਂ ਨੇ ਇਸ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।ਚੋਰਾਂ ਦੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹੌਂਸਲਿਆਂ ਨੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ।
Punjab Post Daily Online Newspaper & Print Media