ਪੁਸਤਕਾਂ ਪੜ੍ਹਣ ਵਿੱਚ ਦਿਲਚਸਪੀ ਵਧਾਉਣ ਲਈ ਅਜਿਹੀਆਂ ਪ੍ਰਦਰਸ਼ਨੀਆਂ ਲਾਹੇਵੰਦ – ਸ: ਛੀਨਾ

ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਿਕ ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿੱਚ 1 ਤੋਂ 7 ਅਗਸਤ ਤੱਕ ਪੁਸਤਕ ਮੇਲੇ’ ਦਾ ਅੱਜ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਰਿਬਨ ਕੱਟਣ ਉਪਰੰਤ ਸ਼ਮ੍ਹਾ ਰੌਸ਼ਨ ਕਰਕੇ ਅਗਾਜ਼ ਕੀਤਾ। ਨੈਸ਼ਨਲ ਬੁਕ ਟਰੱਸਟ ਇੰਡੀਆ (ਐੱਨ. ਬੀ. ਟੀ.) ਵੱਲੋਂ ਕਾਲਜ ਦੇ ਸਹਿਯੋਗ ਨਾਲ ਲਗਾਈ ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਦਾ ਜਖ਼ੀਰਾ ਸਜਾਇਆ ਗਿਆ ਹੈ।
ਇਸ 7 ਰੋਜ਼ਾ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਕਿਤਾਬਾਂ ਨੂੰ ਲਾਇਬ੍ਰੇਰੀ ਦੇ ਮੇਨ ਹਾਲ ਵਿੱਚ ਉਪਲਬੱਧ ਕਰਵਾਇਆ ਗਿਆ, ਜਿਸ ਦੌਰਾਨ ਹਰੇਕ ਪੁਸਤਕ ‘ਤੇ ਟਰੱਸਟ ਵੱਲੋਂ 20 ਪ੍ਰਤੀਸ਼ਤ ਦੀ ਖਾਸ ਰਿਆਇਤਾਂ ‘ਤੇ ਪਾਠਕਾਂ ਨੂੰ ਪੁਸਤਕਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਬਾਹਰੋ ਆਏ ਵਿਦਿਆਰਥੀਆਂ ਤੇ ਪੁਸਤਕਾਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੇ ਜਿੱਥੇ ਪ੍ਰਦਰਸ਼ਨੀ ਨੂੰ ਵੇਖਿਆ, ਉੱਥੇ ਆਪਣੇ ਗਿਆਨ ਵਿੱਚ ਵਾਧੇ ਲਈ ਕਿਤਾਬਾਂ ਦੀ ਖਰੀਦਦਾਰੀ ਕੀਤੀ।
ਇਸ ਮੌਕੇ ਸ: ਛੀਨਾ ਨੇ ਕਿਤਾਬਾਂ ਪੜ੍ਹਣ ਦੇ ਘੱਟਦੇ ਜਾਂਦੇ ਰੁਝਾਨ ਸਬੰਧੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਵੱਲੋਂ ਵਿਦਿਆਰਥੀਆਂ ਤੇ ਹੋਰਨਾਂ ਨੂੰ ਕਿਤਾਬਾਂ ਵਿੱਚ ਰੁਚੀ ਵਧਾਉਣ ਲਈ ਨਿਮਾਣਾ ਦਾ ਹੀਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਤੇ ਵਿਦਿਆਰਥੀ ਜਿਆਦਾਤਰ ਇੰਟਰਨੈੱਟ ਜਰੀਏ ਪੜ੍ਹਣ ਨੂੰ ਮਹੱਤਤਾ ਦੇ ਰਹੇ ਹਨ, ਇੰਟਰਨੈੱਟ ‘ਤੇ ਕਿਸੇ ਵੀ ਵਿਸ਼ੇ ਦੀ ਜਾਣਕਾਰੀ ਲੈਣਾ ਸਭ ਤੋਂ ਅਸਾਨ ਹੈ ਪਰ ਜੋ ਅਨੁਭਵ ਤੇ ਆਨੰਦ ਕਿਤਾਬਾਂ ਤੋਂ ਹਾਸਲ ਹੁੰਦਾ ਹੈ, ਉਸਦਾ ਆਪਣਾ ਹੀ ਪ੍ਰਭਾਵ ਹੈ। ਸ: ਛੀਨਾ ਨੇ ਕਿਹਾ ਕਿ ਬੜੇ ਖੁਸ਼ੀ ਦੀ ਗੱਲ ਹੈ ਕਿ ਉਕਤ ਟਰੱਸਟ ਕਿਤਾਬਾਂ ਦੀ 7 ਦਿਨਾਂ ਪ੍ਰਦਰਸ਼ਨੀ ਦੌਰਾਨ ਆਪਣੇ ‘ਪੁਸਤਕ ਵੈਨ’ ਨੂੰ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਲੈ ਕੇ ਜਾਣਗੇ ਤਾਂ ਜੋ ਕਿ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਪੁਸਤਕਾਂ ਪੜ੍ਹਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਉਕਤ ਮੇਲਾ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਣ ਦੇ ਸ਼ੌਕ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਲਗਾਇਆ ਗਿਆ ਹੈ ਅਤੇ ਅਜਿਹੇ ਮੇਲੇ ਕਿਤਾਬਾਂ ਪ੍ਰਤੀ ਘੱਟ ਰਹੀ ਦਿਲਚਸਪੀ ਨੂੰ ਜਾਹਿਰ ਕਰਦੇ ਹਨ। ਉਨ੍ਹਾਂ ਕਿਹਾ ਪੁਸਤਕ ਮੇਲੇ ਵਿੱਚ ਪੰਜਾਬੀ ਸਾਹਿਤ, ਰਚਨਾਵਾਂ, ਹਿੰਦੀ, ਇੰਗਲਿਸ਼, ਪੋਲੀਟੀਕਲ ਸਾਇੰਸ, ਇਕਨਾਮਕਿਸ, ਇਤਿਹਾਸ, ਫ਼ਿਜੀਕਲ ਐਜ਼ੂਕੇਸ਼ਨ, ਕਾਮਰਸ ਅਤੇ ਗਣਿਤ, ਗੁਰੂ ਮਹਾਰਾਜ ਦੀਆਂ ਸਾਖੀਆਂ, ਪੰਜਾਬੀ ਵਿਰਸੇ ਦੀ ਝਾਤ ਪਾਉਂਦੀਆਂ ਪੁਸਤਕਾਂ, ਸ਼ਬਦ ਕੋਸ਼, ਕਾਨੂੰਨੀ ਸੇਵਾਵਾਂ, ਵਿਗਿਆਨ ਬਾਰੇ, ਕੰਪਿਊਟਰ ਦੀ ਜਾਣਕਾਰੀ ਸਬੰਧੀ ਆਦਿ ਤੋਂ ਇਲਾਵਾ ਅਣਗਿਣਤ ਕਿਤਾਬਾਂ ਦਾ ਭੰਡਾਰ ਲਗਾਇਆ ਗਿਆ ਹੈ। ਪ੍ਰਦਰਸ਼ਨੀ ਮੌਕੇ ਨਾਰਦਨ ਰਿਜ਼ਨ ਦੇ ਡਿਪਟੀ ਡਾਇਰੈਕਟਰ ਸ੍ਰੀ ਇਮਰਾਨਓਲ ਹੱਕ, ਮਾਰਕਟਿੰਗ ਐਕਸਕਿਊਟਿਵ ਸ੍ਰੀ ਦਿਨੇਸ਼ ਕੁਮਾਰ, ਐਡੀਟਰ ਪੰਜਾਬ ਅਤੇ ਟਰੱਸਟ ਦੇ ਡਿਪਟੀ ਡਾਇਰੈਕਟਰ ਮਿਸ਼ਰਦੀਪ ਭਾਟੀਆ, ਸ: ਦੀਪ ਦਵਿੰਦਰ, ਸ: ਹਰਭਜਨ ਸਿੰਘ ਭਾਟੀਆ, ਡਾ. ਰੁਮਿੰਦਰ ਕੌਰ, ਸ: ਨਿਰਮਲ ਅਰਮਨ, ਡਾ. ਨਵਨੀਨ ਬਾਵਾ ਪ੍ਰੋ: ਜੇ. ਐੱਸ. ਅਰੋੜਾ, ਡਾ. ਜਸਜੀਤ ਕੌਰ ਰੰਧਾਵਾ, ਪ੍ਰੋ: ਸੁਖਬੀਰ ਸਿੰਘ, ਪ੍ਰੋ: ਦਲਜੀਤ ਸਿੰਘ, ਪ੍ਰੋ: ਅਮਨਦੀਪ ਸਿੰਘ, ਪ੍ਰੋ: ਜੋਰਾਵਰ ਸਿੰਘ, ਲਾਇਬ੍ਰੇਰੀਅਨ ਸ: ਸੁਖਦੇਵ ਸਿੰਘ, ਅੰਡਰ ਸੈਕਟਰੀ-ਕਮ-ਡਿਪਟੀ ਡਾਇਰੈਕਟਰ ਡੀਐੱਸ. ਰਟੌਲ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਹੋਰ ਸਟਾਫ਼ ਹਾਜ਼ਰ ਸੀ।
Punjab Post Daily Online Newspaper & Print Media