ਅੱਧੀ ਦਰਜਨ ਪਿੰਡਾਂ ਦੇ ਵਿਕਾਸ ਲਈ ਇੱਕ ਕਰੋੜ ਦੀ ਰਾਸ਼ੀ ਵੰਡੀ

ਮਜੀਠਾ, 6 ਅਗਸਤ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਰਾਜ ਦੇ ਸ਼ਗਨ ਅਤੇ ਪੈਨਸ਼ਨ ਸਕੀਮਾਂ ਦੇ ਲਾਭਪਾਤਰੀਆਂ ਨੂੰ ਹੋਰ ਵਧੇਰੇ ਲਾਭ ਪਹੁੰਚਾਉਣ ਲਈ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਗਨ ਅਤੇ ਪੈਨਸ਼ਨ ਸਕੀਮਾਂ ਸਬੰਧੀ ਜਲਦ ਹੀ ਨਵਾਂ ਅਤੇ ਅਹਿਮ ਐਲਾਨ ਕੀਤਾ ਜਾਵੇਗਾ।
ਸ: ਮਜੀਠੀਆ ਅੱਜ ਮਜੀਠਾ ਹਲਕੇ ਦੇ ਅੱਧੀ ਦਰਜਨ ਪਿੰਡਾਂ ਅਠਵਾਲ, ਜਿੱਜੇਆਣੀ, ਰੁਮਾਣਾ ਚੱਕ, ਟਰਪੱਈ ਅਤੇ ਨੰਗਲ ਪੰਨਵਾਂ ਦੇ ਵਿਕਾਸ ਕਾਰਜਾਂ ਲਈ 97 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਵੰਡਣ ਅਤੇ ਦਰਜਨ ਤੋਂ ਵੱਧ ਵਿਕਾਸ ਕਾਰਜਾਂ ਦੇ ਨੀਂਹ-ਪੱਥਰ ਰੱਖਣ ਲਈ ਪਹੁੰਚੇ ਸਨ।ਉਹਨਾਂ ਪਿੰਡ ਨੰਗਲ ਪੰਨਵਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਖ਼ੌਤੀ ਮਿਸ਼ਨ-2017 ਦਾ ਵੀ ਉਹੀ ਹਸ਼ਰ ਹੋਵੇਗਾ ਜੋ 2007 ਅਤੇ 2012 ਵੇਲੇ ਹੋਇਆ ਸੀ ਜਦ ਕਿ 2014 ਦੀਆਂ ਚੋਣਾਂ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਕੇਵਲ 44 ਸੀਟਾਂ ਤੱਕ ਸਿਮਟ ਕੇ ਇਤਿਹਾਸਕ ਕਲੰਕ ਖੱਟ ਗਈ ਸੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਅਹੁਦੇ ਦੀ ਸਵੈ-ਘੋਸ਼ਿਤ ਦਾਅਵੇਦਾਰੀ ਛੱਡਣ ਬਾਰੇ ਪੁੱਛੇ ਜਾਣ ‘ਤੇ ਸ: ਮਜੀਠੀਆ ਵਿਅੰਗ ਕੱਸਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਆਪਣੇ ਆਪ ਨੂੰ ਸੰਭਾਵੀ ਮੁੱਖ ਮੰਤਰੀ ਵਜੋਂ ਪੇਸ਼ ਕਰਕੇ ਵੋਟਾਂ ਮੰਗਣ ਵਾਲੇ ਜਿਹੜੇ ਬਾਜਵਾ ਨੂੰ ਲੋਕਾਂ ਨੇ ਡੇਢ ਲੱਖ ਤੋਂ ਵੱਧ ਵੋਟਾਂ ਨਾਲ ਸ਼ਿਕਸਤ ਦੇ ਕੇ ਵਲ੍ਹੇਟ ਦਿੱਤਾ ਸੀ।
ਇਸ ਮੋਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਏਜੰਡਾ ਭਾਈਚਾਰਕ ਸਾਝ ਨੂੰ ਮਜਬੂਤ ਕਰਨਾ ਅਤੇ ਰਾਜ ਨੂੰ ਵਿਕਾਸ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਹਲਕੇ ਨੂੰ ਵਿਕਾਸ ਦਾ ਇੱਕ ਵੱਡਾ ਕੇਂਦਰ ਬਣਾਉਣਾ ਹੈ, ਜਿਸ ਤਹਿਤ ਹਲਕਾ ਮਜੀਠਾ ‘ਚ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਨਵੇਂ ਬਿਜਲੀ ਘਰ ਉਸਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਪੰਜਾਬ ਵਿੱਚ ਆਬਾਦੀ ਅਤੇ ਖ਼ਪਤ ਵੱਧਣ ਕਾਰਨ 30 ਹਜ਼ਾਰ ਕਰੋੜ ਤੋਂ ਵਧੇਰੇ ਰਾਸ਼ੀ ਨਾਲ ਤਿੰਨ ਨਵੇਂ ਥਰਮਲ ਪਲਾਂਟ ਉੇਸਾਰੇ ਗਏ ਹਨ। ਉਨਾਂ੍ਹ ਦੱਸਿਆ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਟਿਊਬਵੈਲ ਕੁਨੈਕਸ਼ਨ ਛੇਤੀ ਹੀ ਜਾਰੀ ਕੀਤੇ ਜਾ ਰਹੇ ਹਨ।
ਮਜੀਠੀਆ ਅਨੁਸਾਰ ਅੱਜ ਵੰਡੀਆਂ ਗਰਾਂਟਾਂ ਨਾਲ ਪਿੰਡਾਂ ਦੀਆਂ ਕੰਕਰੀਟ ਨਾਲ ਫ਼ਿਰਨੀਆਂ, ਮੁੱਖ ਬਜ਼ਾਰ, ਅਨੁਸੂਚਿਤ ਜਾਤੀ ਵਰਗ ਦੀਆਂ ਗਲੀਆਂ-ਨਾਲੀਆਂ ਅਤੇ ਡੇਰਿਆਂ ਨੂੰ ਜਾਂਦੇ ਰਸਤੇ ਬਣਾਏ ਜਾਣਗੇ। ਇਸ ਮੌਕੇ ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਹਰਵਿੰਦਰ ਸਿੰਘ ਕੋਟਲਾ, ਬੱਬੀ ਭੰਗਵਾਂ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਹਰਬੰਸ ਸਿੰਘ ਮੱਲੀ੍ਹ, ਤਰੁਨ ਅਬਰੋਲ, ਮਾਸਟਰ ਗੁਰਮੀਤ ਸਿੰਘ ਅਠਵਾਲ, ਸਰਪੰਚ ਝਿੰਮਣ ਸਿੰਘ, ਸਰਪੰਚ ਹਰਦੀਪ ਸਿੰਘ ਰੁਮਾਣਾ ਚੱਕ, ਧਰਮ ਸਿੰਘ, ਸੁਰਜੀਤ ਸਿੰਘ ਜਿੱਜੇਆਣੀ, ਕੰਵਲ ਸਿੰਘ, ਬੀਡੀਪੀਓ ਜ਼ੀਨਤ ਖ਼ਹਿਰਾ, ਡੀ ਐਸ ਪੀ ਵਿਸ਼ਾਲਜੀਤ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media