
ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਸ਼ਾਇਰ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਇਹ ਬੋਲ ‘ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ, ਸੋਈਓ ਮੇਰਾ ਮਜ਼ਾਰ ਹੋਵੇਗਾ’ ਹੁਣ ਆਪਣੀ ਆਉਧ ਹੰਢਾਉਂਦੇ ਨਜ਼ਰੀਂ ਆ ਰਹੇ ਹਨ। ਬਿਰਹਾ ਦੇ ਇਸ ਸ਼ਾਇਰ ਦੀ ਆਤਮਾ ਹੁਣ ਤਾਰਾ ਬਣ ਆਸਮਾਨ ਵਿੱਚੋਂ ਇਹ ਬੋਲ ਨਹੀਂ ਉਚਾਰੇਗੀ ਕਿ ‘ਲੋਹੇ ਦੇ ਇਸ ਸ਼ਹਿਰ ਵਿੱਚ ਪਿੱਤਲ ਦੇ ਲੋਕ ਰਹਿੰਦੇ’ ਕਿਉਂਕਿ ਹੁਣ ਉਸਦੇ ਸ਼ਹਿਰ ਬਟਾਲਾ ਅੰਦਰ ਉਸਦੀ ਯਾਦਗਾਰ ਨੂੰ ਪੰਜਾਬ ਸਰਕਾਰ ਵੱਲੋਂ ਖੂਬਸੂਰਤ ਦਿੱਖ ਦੇ ਕੇ ਨਵੀਂ ਜਾਨ ਪਾ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 2 ਕਰੋੜ ਤੋਂਂ ਵੱਧ ਰਾਸ਼ੀ ਖਰਚ ਕਰਕੇ ਖੰਡਰ ਬਣੇ ਸ਼ਿਵ ਆਡੀਟੋਰੀਅਮ ਨੂੰ ਆਧੁਨਿਕ ਦਿੱਖ ਦਿੱਤੀ ਗਈ ਹੈ ਅਤੇ ਹੁਣ ਇਹ ਆਡੀਟੋਰੀਅਮ ਸਾਹਿਤਕ ਮਹਿਫਲਾਂ ਲਈ ਤਿਆਰ ਹੈ। ਸ਼ਿਵ ਦੀ ਸ਼ਾਇਰੀ ਵਾਂਗ ਹੀ ਹੁਣ ਇਸ ਆਡੀਟੋਰੀਅਮ ਦੀ ਖੂਬਸੂਰਤੀ ਤੇ ਖੂਬੀਆਂ ਡੁੱਲ-ਡੁੱਲ ਪੈ ਰਹੀਆਂ ਹਨ, ਜਿਸ ਨੂੰ ਲੈ ਕੇ ਸਾਹਿਤ ਪ੍ਰੇਮੀਆਂ ਤੇ ਸ਼ਿਵ ਦੇ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਹੈ।
ਸ਼ਿਵ ਬਟਾਲਵੀ ਆਡੀਟੋਰੀਅਮ ਦੇ ਮੁਰੰਮਤ ਕਾਰਜ ਜੋ ਕਿ ਆਪਣੇ ਆਖਰੀ ਪੜ੍ਹਾਅ ‘ਤੇ ਹਨ ਦੀ ਨਿਗਰਾਨੀ ਖੁਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵੱਲੋਂ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਵੱਲੋਂ ਅੱਜ ਇੱਕ ਵਾਰ ਆਡੀਟੋਰੀਅਮ ਦਾ ਦੌਰਾ ਕੀਤਾ ਗਿਆ ਅਤੇ ਇਸਦੇ ਮੁਰੰਮਤ ਕਾਰਜਾਂ ਦਾ ਜਾਇਜਾ ਲਿਆ। ਆਡੀਟੋਰੀਅਮ ਦੇ ਹਾਲ ਵਿੱਚ ਮੈਟ ਲੱਗਣ ਤੋਂ ਬਾਅਦ ਕੁਰਸੀਆਂ ਲੱਗਣ ਦਾ ਕੰਮ ਵੀ ਤਕਰੀਬਨ ਖਤਮ ਹੋ ਗਿਆ ਹੈ। ਲਾਈਟਾਂ ਤੇ ਹਾਈ-ਫਾਈ ਸਾਊਂਡ ਸਿਸਟਮ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਰਾ ਹਾਲ ਸਾਊਂਡ ਤੇ ਫਾਇਰ ਪਰੂਫ ਬਣਾਇਆ ਗਿਆ ਹੈ। ਆਡੀਟੋਰੀਅਮ ਦੇ ਸਾਰੇ ਹਾਲ ਨੂੰ ਵਾਤਾਅਨਕੂਲ ਕੀਤਾ ਗਿਆ ਹੈ ਅਤੇ ਸਟੇਜ ਸਮੇਤ ਸਮੁੱਚੇ ਅੰਦਰੂਨੀ ਹਿੱਸੇ ਨੂੰ ਖੂਬਸੂਰਤ ਤੇ ਆਧੁਨਿਕ ਦਿੱਖ ਦਿੱਤੀ ਗਈ ਹੈ। ਆਡੀਟੋਰੀਅਮ ‘ਚ ਇੱਕ ਅਤਿ-ਆਧੁਨਿਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿਥੋਂ ਸਾਰਾ ਸਿਸਟਮ ਚਲਾਇਆ ਜਾਵੇਗਾ। ਆਡੀਟੋਰੀਅਮ ਦੇ ਬਾਹਰੀ ਭਾਗ ਨੂੰ ਰੰਗ ਰੋਗਨ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਪਿਛਲੇ ਹਿੱਸੇ ‘ਚ ਬਾਗਬਾਨੀ ਵਿਭਾਗ ਵੱਲੋਂ ਲੈਂਡਸਕੇਪਿੰਗ ਦਾ ਕੰਮ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਸਾਰੇ ਕੰਮ ਦਾ ਜਾਇਜਾ ਲੈਣ ਉਪਰੰਤ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੀਆਂ ਏਜੰਸੀਆਂ ਦੇ ਸਾਂਝੇ ਉਪਰਾਲਿਆਂ ਸਦਕਾ ਖੰਡਰਨੁਮਾ ਇਸ ਇਮਾਰਤ ਨੂੰ ਆਧੁਨਿਕ ਆਡੀਟੋਰੀਅਮ ਦਾ ਰੂਪ ਦਿੱਤਾ ਜਾ ਸਕਿਆ ਹੈ। ਉਨਾਂ ਕਿਹਾ ਕਿ ਆਡੀਟੋਰੀਅਮ ਦਾ ਸਮੁੱਚਾ ਕੰਮ ਬਹੁਤ ਪੁਖਤਾ ਤੇ ਆਲਾ ਮਿਆਰੀ ਦਰਜੇ ਦਾ ਕੀਤਾ ਗਿਆ ਹੈ ਅਤੇ ਇਹ ਆਡੀਟੋਰੀਅਮ ਰਾਜ ਦੇ ਖੂਬਸੂਰਤ ਆਡੀਟੋਰੀਅਮ ‘ਚੋਂ ਇੱਕ ਹੋਵੇਗਾ। ਉਨ੍ਹਾਂ ਕਿਹਾ ਆਡੀਟੋਰੀਅਮ ਦੀ ਮੁਰੰਮਤ ਦੇ ਵੱਡੇ ਕੰਮ ਤਕਰੀਬਨ ਮੁਕੰਮਲ ਹਨ ਅਤੇ ਹੁਣ ਵੱਖ-ਵੱਖ ਏਜੰਸੀਆਂ ਵੱਲੋਂ ਛੋਟੇ ਕੰਮਾਂ ਤੇ ਸਜਾਵਟ ਨੂੰ ਪੂਰਿਆਂ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਟਾਲਾ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਛੇਤੀ ਇਸ ਆਡੀਟੋਰੀਅਮ ਨੂੰ ਸਾਹਿਤਕਾਰਾਂ ਤੇ ਬਟਾਲਾ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਆਡੀਟੋਰੀਅਮ ਪਹੁੰਚੇ ਪ੍ਰਸਿੱਧ ਵਿਦਵਾਨ ਡਾ. ਅਨੂਪ ਸਿੰਘ, ਡਾ ਰਵਿੰਦਰ ਸਿੰਘ, ਦਵਿੰਦਰ ਦੀਦਾਰ ਅਤੇ ਜਸਵੰਤ ਹਾਂਸ ਨੇ ਸ਼ਿਵ ਆਡੀਟੋਰੀਅਮ ਨੂੰ ਮੁਕੰਮਲ ਕਰਨ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਡਾ. ਅਨੂਪ ਸਿੰਘ ਨੇ ਕਿਹਾ ਕਿ ਸਾਹਿਤਕਾਰਾਂ ਦਾ ਸ਼ਿਵ ਦੀ ਯਾਦਗਾਰ ਸਬੰਧੀ ਸੁਪਨਾ ਆਖਰ ਪੂਰਾ ਹੋਇਆ ਹੈ ਅਤੇ ਇਹ ਆਡੀਟੋਰੀਅਮ ਸਾਹਿਤਕਾਰਾਂ ਦਾ ‘ਮੱਕਾ’ ਹੋ ਨਿਬੜੇਗਾ।ਉਨ੍ਹਾਂ ਕਿਹਾ ਕਿ ਬਟਾਲਾ ਦੇ ਸਾਹਿਤਕਾਰ ਤੇ ਪੂਰੀ ਦੁਨੀਆਂ ‘ਚ ਰਹਿੰਦੇ ਸ਼ਿਵ ਬਟਾਲਵੀ ਦੇ ਪ੍ਰਸ਼ੰਸਕ ਇਸ ਖੂਬਸੂਰਤ ਯਾਦਗਾਰ ਲਈ ਸੂਬਾ ਸਰਕਾਰ ਦੇ ਧੰਨਵਾਦੀ ਹਨ। ਇਸ ਮੌਕੇ ਐਸ.ਡੀ.ਐਮ. ਬਟਾਲਾ ਸ. ਸਕੱਤਰ ਸਿੰਘ ਬੱਲ, ਤਹਿਸੀਲਦਾਰ ਬਟਾਲਾ ਅਰਵਿੰਦਰਪਾਲ ਸਿੰਘ, ਐਸ.ਡੀ.ਓ ਪਬਲਿਕ ਹੈਲਥ ਵਿਜੇ ਕੁਮਾਰ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਦਵਿੰਦਰ ਸਿੰਘ, ਗੁਰਦੇਵ ਸਿੰਘ ਸੰਦੀਪ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media