Thursday, March 5, 2026

 ਕੈਪਟਨ ਝੂਠੀ ਸ਼ੋਹਰਤ ਲਈ ਬੇਤੁਕੀ ਬਿਆਨਬਾਜ਼ੀ ਨਾ ਕਰਨ- ਬਾਦਲ

ਭਾਜਪਾ ਪ੍ਰਧਾਨ ਦੇ ਸਾਥੀ ਵਿਰੁੱਧ ਜਾਂਚ ਦਾ ਕੰਮ ਅਜੇ ਜਾਰੀ

PPN0808201507

ਰਈਆ, 8 ਅਗਸਤ (ਬਲਵਿੰਦਰ ਸਿੰਘ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੀ ਸ਼ੋਹਰਤ ਲਈ ਸਸਤੇ ਹੱਥ ਕੰਡੇ ਵਰਤਣ ਤੋਂ ਗੁਰੇਜ਼ ਕਰਨ ਅਤੇ ਝੂਠੀਆਂ ਤੋਹਮਤਾਂ ਲਗਾਉਣ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ ਹੈ। ਅੱਜ ਬਾਬਾ ਬਕਾਲਾ ਹਲਕੇ ਦੇ ਤਿੰਨ ਰੋਜ਼ਾ ਸੰਗਤ ਦਰਸ਼ਨ ਦੌਰਾਨ ਰਈਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਦਾ ਕੰਮ ਸ਼ੁਰੂ ਤੋਂ ਹੀ ਬਿਨਾਂ ਸਿਰ ਪੈਰ ਦੋਸ਼ ਲਗਾਉਣ ਦਾ ਰਿਹਾ ਹੈ ਅਤੇ ਪਿਛਲੀ ਸਰਕਾਰ ਵੇਲੇ ਵੀ ਉਸਨੇ ਸਾਡੇ ਪਰਿਵਾਰ ‘ਤੇ ਕਈ ਤਰਾਂ ਦੇ ਇਲਜ਼ਾਮ ਲਗਾਏ ਅਤੇ ਉਨਾਂ ਨੂੰ ਸਿੱਧ ਕਰਨ ਲਈ ਟਿੱਲ ਦਾ ਜ਼ੋਰ ਵੀ ਲਗਾਇਆ, ਪਰ ਅਦਾਲਤ ਵਿਚ ਕੋਈ ਵੀ ਦੋਸ਼ ਸੱਚਾ ਸਾਬਤ ਨਹੀਂ ਹੋ ਸਕਿਆ।ਉਨਾਂ ਕੈਪਟਨ ਵੱਲੋਂ ਬਾਦਲ ਪਰਿਵਾਰ ‘ਤੇ ਸੱਤਾ ਦੀ ਦੁਰਵਰਤੋਂ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਬੋਲਦੇ ਕਿਹਾ ਕਿ ਕੈਪਟਨ ਨੂੰ ਆਪਣੀ ਪਿਛਲੀ ਕਾਰੁਗਜ਼ਾਰੀ ‘ਤੇ ਝਾਤ ਮਾਰ ਕੇ ਕੇਵਲ ਖ਼ਬਰ ਬਨਾਉਣ ਲਈ ਅਜਿਹੀ ਝੂਠੀ ਬਿਆਨਬਾਜ਼ੀ ਤੋਂ ਬਾਜ਼ ਆਉਣ ਲਈ ਕਿਹਾ। ਸ. ਬਾਦਲ ਨੇ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਅਤੇ ਰਾਜਸੀ ਲੋਕਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਉਹ ਆਪਣੇ ਰਾਜਸੀ ਮੁਫਾਦ ਲਈ ਇਕ-ਦੂਜੇ ਵਿਰੁੱਧ ਝੂਠੇ ਬਿਆਨ ਦਾਗਣ। ਉਨਾਂ ਕਿਹਾ ਕਿ ਮੈਂ ਆਪਣੇ 6 ਦਹਾਕਿਆਂ ਦੇ ਰਾਜਸੀ ਜੀਵਨ ਦੌਰਾਨ ਆਪਣੇ ਕਿਸੇ ਰਾਜਸੀ ਵਿਰੋਧੀ ਵਿਰੁੱਧ ਗਲਤ ਬਿਆਨਬਾਜ਼ੀ ਨਹੀਂ ਕੀਤੀ। PPN0808201508
ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਸਾਥੀ ‘ਤੇ ਨਸ਼ੀਲੇ ਪਦਾਰਥਾਂ ਦੇ ਦੋਸ਼ ਲੱਗੇ ਹੋਣ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਕੇਸ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਪੜਾਅ ‘ਤੇ ਕਿਸੇ ਤਰਾਂ ਦੀ ਰੈਅ ਜਾਂ ਬਿਆਨ ਦੇਣਾ ਚੰਗੀ ਗੱਲ ਨਹੀਂ।
ਇਸ ਤੋਂ ਪਹਿਲਾਂ ਜੱਲੂਪੁਰ ਖੇੜਾ, ਫੇਰੂਮਾਨ, ਉਮਰਾਨੰਗਲ, ਬਿਆਸ ਅਤੇ ਰਈਆ ਮੰਡੀ ਵਿਖੇ ਸੰਗਤ ਦਰਸ਼ਨ ਲਈ ਇਕੱਠੇ ਹੋਏ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਕਦੇ ਵੀ ਸੱਤਾ ਵਿਚ ਹੁੰਦੇ ਹੋਏ ਲੋਕ ਹਿੱਤਾਂ ਲਈ ਕੰਮ ਨਹੀਂ ਕੀਤਾ, ਜਦਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪੰਜਾਬ ਦੇ ਸਾਰੇ ਪਿੰਡਾਂ ਵਿਚ ਸੰਗਤ ਦਰਸ਼ਨ ਕਰ ਰਹੇ ਹਨ, ਜਿਸ ਨਾਲ ਲੋਕਾਂ ਦੇ ਕੰਮ ਮੌਕੇ ‘ਤੇ ਹੋ ਰਹੇ ਹਨ। ਉਨਾਂ ਕਿਹਾ ਕਿ ਸੰਗਤ ਦਰਸ਼ਨਾਂ ਦਾ ਇਕ ਨੁਕਾਤੀ ਪ੍ਰੋਗਰਾਮ ਰਾਜ ਦੇ ਆਮ ਲੋਕਾਂ ਦੀਆਂ ਮੁਸ਼ਿਕਲਾਂ ਦਾ ਹੱਲ ਉਨਾਂ ਦੇ ਘਰ ਜਾ ਕੇ ਕਰਨਾ ਹੈ, ਕਿਉਂਕਿ ਇਸ ਮੌਕੇ ਸਰਕਾਰ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਮੌਕੇ ‘ਤੇ ਹਾਜ਼ਰ ਹੁੰਦੇ ਹੋਣ ਕਾਰਨ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ। ਉਨਾਂ ਕਿਹਾ ਕਿ ਪੰਜਾਬ ਹੀ ਇਕੋ-ਇਕ ਰਾਜ ਹੈ, ਜਿੱਥੇ ਅਕਾਲੀ-ਭਾਜਪਾ ਸਰਕਾਰ ਵੇਲੇ ਸੰਗਤ ਦਰਸ਼ਨ ਹੁੰਦੇ ਹਨ। ਸ. ਬਾਦਲ ਨੇ ਕਿਹਾ ਕਿ ਇਕ ਹੋਰ ਰਾਜ ਦੇ ਮੁੱਖ ਮੰਤਰੀ ਨੇ ਜਨਤਾ ਦਰਬਾਰ ਦੇ ਨਾਂਅ ਹੇਠ ਅਜਿਹਾ ਕੰਮ ਸ਼ੁਰੂ ਕੀਤਾ ਸੀ, ਪਰ ਉਹ ਸ਼ੁਰੁੂਆਤ ਵਿਚ ਹੀ ਇਸ ਕੰਮ ਤੋਂ ਭੱਜ ਗਿਆ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ 2002 ਤੋਂ 2007 ਤੱਕ ਦੇ ਰਾਜ-ਭਾਗ ਸਮੇਂ ਆਮ ਲੋਕਾਂ ਨੂੰ ਤਾਂ ਕੀ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਨਹੀਂ ਮਿਲਦਾ ਰਿਹਾ।
ਸ. ਬਾਦਲ ਨੇ ਨਵੀਂਆਂ-ਨਵੀਆਂ ਆ ਰਹੀਆਂ ਰਾਜਸੀ ਪਾਰਟੀਆਂ ਦੇ ਨਾਅਰਿਆਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦੇ ਕਿਹਾ ਕਿ ਇਹ ਪਾਰਟੀਆਂ ਕੇਵਲ ਆਪਣੇ ਮੁਫਾਦ ਲਈ ਲੋਕਾਂ ਨੂੰ ਸਬਜ਼ਬਾਗ ਵਿਖਾਉਂਦੀਆਂ ਹਨ ਅਤੇ ਮਗਰੋਂ ਸੱਤਾ ਵਿਚ ਆਉਣ ‘ਤੇ ਬਾਤ ਨਹੀਂ ਪੁੱਛਦੀਆਂ। ਉਨਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤ ਲਈ ਸਦਾ ਕੰਮ ਕੀਤਾ ਹੈ ਅਤੇ ਕਰਦਾ ਰਹੇਗਾ। ਸ. ਬਾਦਲ ਨੇ ਅੱਜ ਬਾਬਾ ਬਕਾਲਾ ਹਲਕੇ ਦੀਆਂ 23 ਪੰਚਾਇਤਾਂ ਅਤੇ ਰਈਆ ਨਗਰ ਪੰਚਾਇਤ ਦੇ 13 ਕੌਸਲਰਾਂ ਨਾਲ ਉਨਾਂ ਦੇ ਇਲਾਕੇ ਦੇ ਵਿਕਾਸ ਕੰਮਾਂ ਨੂੰ ਲੈ ਕੇ ਚਰਚਾ ਕੀਤੀ ਅਤੇ ਕਰੋੜਾਂ ਰੁਪਏ ਦੀਆਂ ਗਰਾਟਾਂ ਦੇਣ ਦਾ ਐਲਾਨ ਕੀਤਾ। ਅੱਜ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਨਾਲ ਹਲਕਾ ਵਿਧਾਇਕ ਸ. ਮਨਜੀਤ ਸਿੰਘ ਮੰਨਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸ਼ਰਮਾ, ਡੀ. ਆਈ. ਜੀ. ਬਾਰਡਰ ਰੇਂਜ ਕੁੰਵਰ ਵਿਜੈ ਪ੍ਰਤਾਪ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਐਸ. ਐਸ. ਪੀ. ਜਸਦੀਪ ਸਿੰਘ, ਐਸ ਡੀ ਐਮ ਵਿਮਲ ਸੇਤੀਆ, ਡੀ ਟੀ ਓ ਲਵਜੀਤ ਕੌਰ ਕਲਸੀ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਦਲਜੀਤ ਕੌਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply