ਵੱਡੇ ਸਨਅਤੀ ਘਰਾਣੇ ਪੰਜਾਬ ਵਿਚ ਨਿਵੇਸ਼ ਲਈ ਚਾਹਵਾਨ
ਕਮਲ ਸ਼ਰਮਾ ਮਾਮਲੇ ਵਿਚ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ


ਅੰਮ੍ਰਿਤਸਰ, 9 ਅਗਸਤ (ਗੁਰਚਰਨ ਸਿੰਘ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਮਾਝੇ ਦੇ ਸਨਅਤੀ ਸ਼ਹਿਰ ਗੋਇੰਦਵਾਲ ਸਾਹਿਬ ਦੀ ਅਲੋਪ ਹੋ ਰਹੀ ਸਨਅਤ ਨੂੰ ਮੁੜ ਸੁਰਜੀਤ ਕਰ ਰਹੀ ਹੈ ਅਤੇ ਛੇਤੀ ਹੀ ਇੱਥੇ ਵੱਡੇ ਸਨਅਤੀ ਘਰਾਣੇ ਆਪਣੇ ਪਲਾਟ ਸ਼ੁਰੂ ਕਰ ਰਹੇ ਹਨ। ਅੱਜ ਸਵੇਰੇ ਆਪਣੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਉਹ ਸੂਚਨਾ ਕੇਂਦਰ ਵਿਚ ਪ੍ਰੈਸ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸ. ਬਾਦਲ ਨੇ ਦੱਸਿਆ ਕਿ ਨੈਰੋਲਕ ਪੇਂਟ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਦੋ ਵੱਡੇ ਪਲਾਂਟ ਲਗਾਉਣ ਲਈ ਗੋਇੰਦਵਾਲ ਸਾਹਿਬ ਵਿਚ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਹੋਰ ਸਨਅਤਕਾਰਾਂ ਨੂੰ ਵੀ ਇੱਥੇ ਉਦਯੋਗਾਂ ਲਈ ਜ਼ਮੀਨ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਪੰਜਾਬ ਵਿਚ 28 ਤੇ 29 ਅਕਤੂਬਰ ਹੋ ਰਹੇ ਅੰਤਰਾਸ਼ਟਰੀ ਨਿਵੇਸ਼ ਸੰਮੇਲਨ ਵਿਚ ਭਾਗ ਲੈ ਕੇ ਵੱਡੀਆਂ ਬਹੁ ਰਾਸ਼ਟਰੀ ਕੰਪਨੀਆਂ ਵਿਚ ਨਿਵੇਸ਼ ਕਰਨ ਦਾ ਐਲਾਨ ਕਰਨਗੀਆਂ, ਜਿਸ ਨਾਲ ਪੰਜਾਬ ਵਿਚ ਨਵੀਂ ਉਦਯੋਗਿਕ ਕ੍ਰਾਂਤੀ ਆਵੇਗੀ। ਉਨਾਂ ਦੱਸਿਆ ਕਿ ਮੇਰੇ ਹਾਲ ਹੀ ਦੇ ਪੋਲੈਂਡ, ਬੰਗਲੌਰ ਅਤੇ ਤ੍ਰਿਵੇਂਦਰਮ ਦੌਰੇ ਦੌਰਾਨ ਕਈ ਨਾਮੀ ਸਨਅਤੀ ਘਰਾਣਿਆਂ ਨੇ ਪੰਜਾਬ ਵਿਚ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਹੈ, ਜਿਨਾਂ ਵਿਚ ਇਨਫੋਸਿਸ, ਵੋਲਵੋ ਵਰਗੀਆਂ ਕੰਪਨੀਆਂ ਦੇ ਨਾਲ-ਨਾਲ ਕਈ ਆਈ. ਟੀ. ਅਤੇ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਸ਼ਾਮਿਲ ਹਨ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਸ. ਬਾਦਲ ਨੇ ਕਿਹਾ ਕਿ ਕੈਪਟਨ ਦਾ ਇਸ ਵੇਲੇ ਇਕੋ-ਇਕ ਨਿਸ਼ਾਨਾ ਕਾਂਗਰਸ ਪ੍ਰਧਾਨ ਬਾਜਵਾ ਹੈ ਅਤੇ ਉਨਾਂ ਦੀ ਲੜਾਈ ਪੰਜਾਬ ਦੇ ਮੁੱਦਿਆਂ ਦੀ ਲੜਾਈ ਨਹੀਂ, ਬਲਕਿ ਆਪਣੀ ਪ੍ਰਧਾਨਗੀ ਹਥਿਆਉਣ ਲਈ ਕੀਤਾ ਜਾ ਰਿਹਾ ਸੰਘਰਸ਼ ਹੈ। ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੇ ਕਰੀਬੀ ਬਾਰੇ ਬੇਪਰਦ ਹੋਏ ਗੈਰਕਾਨੂੰਨੀ ਕੰਮਾਂ ਦੇ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਇਹ ਕੇਸ ਕਮਲ ਸ਼ਰਮਾ ‘ਤੇ ਨਹੀਂ, ਬਲਕਿ ਉਨਾਂ ਦੇ ਪੀ. ਏ. ‘ਤੇ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ, ਜੋ ਵੀ ਦੋਸ਼ੀ ਹੋਇਆ, ਉਸ ਨੂੰ ਕਾਨੂੰਨ ਸਜ਼ਾ ਦੇ ਦੇਵੇਗਾ।
ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਬਾਰੇ ਚੱਲ ਰਹੇ ਕੰਮਾਂ ਦਾ ਜ਼ਿਕਰ ਕਰਦੇ ਸ. ਬਾਦਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੀ ਸਾਫ-ਸਫਾਈ ਇਟਲੀ ਦੀਆਂ ਮਸ਼ੀਨਾਂ ਨਾਲ ਕਰਨ ਬਾਰੇ ਟੈਂਡਰ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਧਾਰਮਿਕ ਨਗਰੀ ਨੂੰ ਨਵੀਂ ਦਿੱਖ ਮਿਲੇਗੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਹਾਲ ਗੇਟ ਤੋਂ ਟਾਊਨ ਹਾਲ ਤੱਕ ਅਤੇ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਸਾਹਮਣੇ ਬਣੇ ਪਲਾਜ਼ੇ ਤੱਕ ਦੇ ਰਸਤੇ ਦੇ ਸੁੰਦਰੀਕਰਨ ‘ਤੇ ਕੰਮ ਸ਼ੁਰੂ ਹੋ ਜਾਵੇਗਾ।
ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਨੇ ਸਿੱਖ ਮੁੱਦਿਆਂ ‘ਤੇ ਲੜਾਈ ਲੜੀ ਹੈ ਅਤੇ ਲੜਦਾ ਰਹੇਗਾ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਹੀ ਸਿੱਖ ਵਿਰਸੇ ਨੂੰ ਸਾਂਭਣ ਲਈ ਸ਼ਹੀਦਾਂ ਦੀਆਂ ਯਾਦਗਾਰਾਂ, ਵਿਰਾਸਤ ਏ ਖਾਲਸਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਸੁੰਦਰ ਬਨਾਉਣ ‘ਤੇ ਸੈਂਕੜੇ ਕਰੋੜਾਂ ਰੁਪਏ ਖਰਚ ਕੀਤੇ ਹਨ। ਬਾਪੂ ਸਰੂਪ ਸਿੰਘ ਵੱਲੋਂ ਕੀਤੀ ਜਾ ਰਹੀ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ‘ਤੇ ਬੋਲਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੈਦੀਆਂ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਰਿਹਾਅ ਨਹੀਂ ਕੀਤਾ ਜਾ ਸਕਦਾ, ਅਸੀਂ ਜੋ ਕਰ ਸਕਦੇ ਸੀ, ਉਹ ਕੀਤਾ ਹੈ ਅਤੇ ਕਰਾਂਗੇ। ਕੈਪਟਨ ਵੱਲੋਂ ਬਾਦਲ ਪਰਿਵਾਰ ‘ਤੇ ਸਰੋਤਾਂ ਤੋਂ ਵੱਧ ਜਾਇਦਾਦ ਬਨਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਕੈਪਟਨ ਨੇ ਆਪਣੀ ਪਿਛਲੀ ਸਰਕਾਰ ਵੇਲੇ ਵੀ ਸਾਰਾ ਜ਼ੋਰ ਲਗਾ ਕੇ ਸਾਡੇ ‘ਤੇ ਇਸ ਸਬੰਧੀ ਕੇਸ ਦਾਇਰ ਕੀਤੇ ਸਨ, ਪਰ ਉਹ ਝੂਠੇ ਹੋਣ ਕਾਰਨ ਅਦਾਲਤ ਵਿਚ ਟਿਕ ਨਹੀਂ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਸਕੱਤਰ ਸ੍ਰੋਮਣੀ ਕਮੇਟੀ ਭਾਈ ਰੂਪ ਸਿੰਘ, ਚੇਅਰਮੈਨ ਵੀਰ ਸਿੰਘ ਲੋਪੋਕੇ, ਭਾਈ ਰਾਮ ਸਿੰਘ, ਨਵਦੀਪ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਟਿੱਕਾ, ਅਮਰਬੀਰ ਸਿੰਘ ਢੋਟ ਅਤੇ ਹੋਰ ਆਗੂ ਹਾਜ਼ਰ ਸਨ।
Punjab Post Daily Online Newspaper & Print Media