

ਨਵੀਂ ਦਿੱਲੀ, 18 ਅਗਸਤ (ਅੰਮ੍ਰਿਤ ਲਾਲ ਮੰਨਣ) – ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੂਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵੱਲੋਂ ਬੜੀ ਸ਼ਰਧਾ ਅਤੇ ਭਾਵਨਾਂ ਨਾਲ ਮਨਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਇਹਨਾਂ ਸਕੂਲਾਂ ਵਿੱਚ ਗੁਰਮਤਿ ਦੀਵਾਨ ਸਜਾਏ ਗਏ। ਜਿਨ੍ਹਾਂ ਵਿੱਚ ਸਕੂਲੀ ਬੱਚਿਆਂ ਨੇ ਗੁਰਬਾਣੀ ਕੀਰਤਨ, ਢਾਡੀ ਪ੍ਰਸੰਗ, ਅਰਦਾਸ ਅਤੇ ਹੁਕਮਨਾਮਾ ਲੈਣ ਦੀ ਰਸ਼ਮ ਵੀ ਨਿਭਾਈ। ਇਨ੍ਹਾਂ ਸਮਾਗਮਾਂ ਵਿੱਚ ਇੰਡੀਆ ਗੇਟ ਸਕੂਲ ਦਾ ਸਮਾਗਮ ਆਪਣੀ ਨਿਵੇਕਲੀ ਸੋਚ ਅਤੇ ਸੰਸਕਾਰਾਂ ਦੀ ਸਾਂਭ ਕਰਨ ਦਾ ਸੁਨੇਹਾ ਦੇਣ ਕਰਕੇ ਮੁਹਰਲੀ ਕਤਾਰ ਵਿੱਚ ਰਿਹਾ।
ਕਮੇਟੀ ਦੇ ਬ੍ਰਿਧ ਆਸ਼ਰਮ ਗੁਰੂ ਨਾਨਕ ਸੁੱਖਸ਼ਾਲਾ ਦੇ ਬਜ਼ੂਰਗਾਂ ਵੱਲੋਂ ਇਸ ਮੌਕੇ ਹਾਜ਼ਰੀ ਭਰਦੇ ਹੋਏ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਜੂਰਗਾਂ ਨੂੰ ਸਨਮਾਨਿਤ ਕਰਦੇ ਹੋਏ ਸਿੱਖ ਕੌਮ ਵਿੱਚ ਬਜੂਰਗਾਂ ਨੂੰ ਤਿਆਗਣ ਦੀ ਨਵੀਂ ਸਾਹਮਣੇ ਆ ਰਹੀ ਪਿਰਤ ਨੂੰ ਮੰਦਭਾਗਾ ਵੀ ਦੱਸਿਆ। ਸਕੂਲ ਵਿਦਿਆਰਥੀਆਂ ਵੱਲੋਂ ਗੁਰਮਤਿ ਦੀ ਰਾਹ ਤੇ ਚਲਣ ਵਾਸਤੇ ਚੁੱਕੇ ਜਾ ਰਹੇ ਕਦਮਾਂ ਦੀ ਜੀ.ਕੇ. ਨੇ ਸ਼ਲਾਘਾਂ ਕੀਤੀ । ਜੀ.ਕੇ. ਨੇ ਕਿਹਾ ਕਿ ਬੇਸ਼ਕ ਦਿੱਲੀ ਕਮੇਟੀ ਦਾ ਮੁੱਖ ਟੀਚਾ ਧਰਮ ਪ੍ਰਚਾਰ ਹੈ ਪਰ ਕੌਮ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਸਿਖਿਆ ਵੀ ਬਹੁਤ ਜ਼ਰੂਰੀ ਹੈ। ਸਿਖਿਆ ਦੀ ਪ੍ਰਾਪਤੀ ਬਾਅਦ ਹੀ ਮਨੁੱਖ ਦੇ ਵਿਚਕਾਰ ਸਮਾਜਿਕ ਅਤੇ ਧਾਰਮਿਕ ਜਾਗ੍ਰਤੀ ਦਾ ਬੂਟਾ ਉਸਰਨ ਦੀ ਵੀ ਜੀ.ਕੇ. ਨੇ ਗੱਲ ਕਹੀ।
ਇਸ ਤੋਂ ਇਲਾਵਾ ਹੇਮਕੁੰਟ ਕਾੱਲੋਨੀ ਸਕੂਲ ਵਿੱਖੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਬੱਚਿਆਂ ਨੂੰ ਸਿੱਖੀ ਨਾਲ ਜੁੜਨ ਦਾ ਸੱਦਾ ਦਿੰਦੇ ਹੋਏ ਸਿੱਖੀ ਸਿਧਾਤਾਂ ਬਾਰੇ ਜਾਣੂ ਕਰਵਾਇਆ। ਰਾਣਾ ਨੇ ਬੱਚਿਆਂ ਨੂੰ ਕਿਹਾ ਕਿ ਜੇਕਰ ਅੱਜ ਅਸੀਂ ਸਿੱਖ ਕੌਮ ਨੂੰ ਅੱਗੇ ਲਿਜਾਣਾ ਹੈ ਤੇ ਆਪਜੀ ਵਿੱਚੋਂ ਆਈ.ਏ.ਐਸ. ਦੇ ਇਮਤਿਹਾਨਾਂ ਵਿੱਚੋਂ ਪਾਸ ਹੋ ਕੇ ਸਿਖੀ ਦੀ ਪਛਾਣ ਨੂੰ ਵਧਾਉਣ ਵਾਸਤੇ ਵਿਦਿਅਕ ਪਧੱਰ ਤੇ ਸਰਗਰਮ ਹੋਣਾ ਪਵੇਗਾ। ਇਸ ਮੌਕੇ ਤੇ ਆਲ ਇੰਡੀਆਂ ਸਿੱਖ ਫੈਡਰੇਸ਼ਨ ਦੇ ਜਨਰਲ ਸਕੱਤਰ ਡੀ.ਐਸ. ਪਾਲ ਨੇ ਹੇਮਕੁੰਟ ਕਾਲੋਨੀ ਸਕੂਲ ਨੂੰ 1,25,000/-ਦੀ ਰਕਮ ਦਾ ਚੈਕ ਸਕੂਲ ਦੇ ਬੱਚਿਆਂ ਦੀ ਵੈਲਫੇਅਰ ਲਈ ਦਿੱਤਾ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਸਕੂਲ ਵਿੱਚ 50 ਬੀ.ਪੀ.ਐਲ. ਬੱਚਿਆਂ ਨੂੰ ਪੜ੍ਹਾਈ ਲਈ ਮਦਦ ਕਰਨਗੇ।ਇਨ੍ਹਾਂ ਸਮਾਗਮਾਂ ਵਿੱਚ ਕਮੇਟੀ ਅਹੁਦੇਦਾਰਾਂ ਦੇ ਨਾਲ ਸਕੂਲ ਚੇਅਰਮੈਨਾਂ ਨੇ ਵੀ ਹਾਜ਼ਰੀ ਭਰੀ।
Punjab Post Daily Online Newspaper & Print Media