ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੰਧਨ ਯੋਜਨਾ ਸ਼ੁਰੂ ਕਰਕੇ ਲੜਕੀਆਂ ਨਾਲ ਭਰਾਵਾਂ ਦਾ ਫਰਜ ਨਿਭਾਇਆ ਹੈ। ਰੱਖੜੀ ਦੇ ਤਿਉਹਾਰ ਤੇ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਲੜਕੀਆਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਇਹ ਪ੍ਰਗਟਾਵਾ ਸਮਾਜਿਕ ਨਿਆ ਅਤੇ ਸਸ਼ਤਰੀਕਰਨ ਮਤਰਾਲੇ ਦੇ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਚੀਮਾ ਪਬਲਿਕ ਸਕੂਲ ਕ੍ਰਿਸ਼ਨਕੋਟ ਵਿਖੇ ਪ੍ਰਧਾਨ ਮੰਤਰੀ ਸੁਰੱਖਿਆ ਬੰਧਨ ਯੋਜਨਾ ਤਹਿਤ ਹਲਕੇ ਦੀਆਂ 150 ਲੜਕੀਆਂ ਦੇ ਆਪਣੇ ਵਲੋਂ ਕਰਵਾਏ ਬੀਮੇ ਦੀਆਂ ਪਾਲਸੀਆਂ ਨੂੰ ਸੋਂਪਣ ਸਮੇਂ ਆਪਣੇ ਸੰਬੋਧਨ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ 1100 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਬੀਮੇ ਉਨ੍ਹਾਂ ਦੀ ਨਿੱਜੀ ਕਮਾਈ ਵਿਚੋਂ ਕਰਵਾਏ ਗਏ ਹਨ, ਜਿਸ ਤਹਿਤ ਵਿਧਾਨ ਸਭਾ ਹਲਕਾ ਸ਼੍ਰੀਹਰਗੋਬਿੰਦਪੁਰ ਦੀਆਂ 150 ਲੜਕੀਆਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਵੀ ਉਨ੍ਹਾਂ ਵਲੋਂ ਆਪਣੀ ਨੇਕ ਕਮਾਈ ਵਿਚੋਂ 1100 ਹੋਰ ਲੋੜਵੰਦ ਲੜਕੀਆਂ ਦੇ ਬੀਮੇ ਕਰਵਾਏ ਜਾਣਗੇ।
ਇਸ ਯੋਜਨਾ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਸਾਂਪਲਾ ਨੇ ਦੱਸਿਆ ਕਿ 12 ਰੁਪਏ ਸਲਾਨਾ ਪਰੀਅਮ ਜਾ 201 ਰੁਪਏ ਪਰੀਅਮ ਜਮਾਂ ਕਰਵਾ ਕੇ ਉਮਰ ਭਰ ਲਈ ਬੀਮਾ ਕਰਵਾਇਆ ਜਾ ਸਕਦਾ ਹੈ। ਜਿਸ ਤਹਿਤ 2 ਲੱਖ ਰੁਪਏ ਤੱਕ ਦਾ ਰਿਸਕ ਕਵਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਮੁੱਖ ਮਕਸਦ ਗਰੀਬ ਅਤੇ ਪੱਛੜੇ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ ਅਤੇ ਇਸ ਕੋਸ਼ਿਸ਼ ਵਜੋਂ ਕੇਂਦਰ ਸਰਕਾਰ ਵਲੋਂ ਵੱਖ ਵੱਖ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਸ੍ਰੀ ਸਾਂਪਲਾ ਨੇ ਦੱਸਿਆ ਕਿ ਕੰਨਿਆਂ ਸਮਰਿਧੀ ਯੋਜਨਾ ਲੜਕੀਆਂ ਦੇ ਉਜਵੱਲ ਭਵਿੱਖ ਨੂੰ ਸਾਹਮਣੇ ਰੱਖ ਕੇ ਬਣਾਈ ਗਈ ਹੈ ਅਤੇ ਅਟੱਲ ਪੈਨਸ਼ਨ ਯੋਜਨਾ ਤਹਿਤ ਗਰੀਬਾਂ ਅਤੇ ਕਿਸਾਨਾਂ ਦੀ ਪੈਂਨਸ਼ਨ ਲਗਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਜਨ-ਧਨ ਯੋਜਨਾ ਦੀ ਸਫਲਤਾ ਬਾਰੇ ਬੋਲਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਹਰ ਭਾਰਤ ਵਾਸੀ ਨੂੰ ਬੈਂਕ ਵਿੱਚ ਆਪਣਾ ਖਾਤਾ ਖਲਵਾਉਣ ਅਤੇ ਵੱਖ-ਵੱਖ ਯੋਜਨਾ ਦਾ ਲਾਭ ਮਿਲਿਆ ਹੈ ।
ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਦੀ ਲੋੜ ‘ਤੇ ਜੋਰ ਦਿੰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਮਾਜ ਨੂੰ ਔਰਤਾਂ ਬਾਰੇ ਆਪਣੀ ਸੋਚ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਔਰਤਾਂ ਦੇ ਹੱਕ ਵਿੱਚ ਕਈ ਸਖਤ ਕਾਨੂੰਨ ਬਣਾਏ ਹਨ ਪਰ ਅਪਰਾਧ ਨੂੰ ਕੇਵਲ ਸੋਚ ਬਦਲਣ ਨਾਲ ਹੀ ਰੋਕਿਆ ਜਾ ਸਕਦਾ ਹੈ। ਵਿਧਾਨ ਸਭਾ ਹਲਕਾ ਸ੍ਰੀਹਰਗੋਬਿੰਦਪੁਰ ਦੀਆਂ ਬੱਚੀਆਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਦੇ ਪਰਿਵਾਰ ਵਾਂਗ ਹਨ ਅਤੇ ਅੱਜ ਇੱਥੇ ਰੱਖੜੀ ਦਾ ਤਿਉਹਾਰ ਮਨਾ ਕੇ ਉਨ੍ਹਾਂ ਨੂੰ ਦਿਲੀ ਤਸੱਲੀ ਮਿਲੀ ਹੈ।
ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕੇਂਦਰ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਸਾਂਪਲਾ ਦੇ ਇਸ ਉਦਮ ਨਾਲ ਹਲਕੇ ਦੀਆਂ ਲੜਕੀਆਂ ਨੂੰ ਬਹੁਤ ਮਾਣ ਮਿਲਿਆ ਹੈ। ਕੇਂਦਰ ਅਤੇ ਰਾਜ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਉਲੇਖ ਕਰਦਿਆਂ ਸ੍ਰੀ ਧੁੱਗਾ ਨੇ ਕਿਹਾ ਕਿ ਲੋਕਾਂ ਦੀ ਭਲਾਈ ਹੀ ਦੋਵਾਂ ਸਰਕਾਰਾਂ ਦਾ ਮੁੱਖ ਉਦੇਸ਼ ਹੈ ਅਤੇ ਜਦੋਂ ਦੀ ਕੇਂਦਰ ਵਿਚ ਮੋਦੀ ਸਰਕਾਰ ਬਣੀ ਹੈ ਇਸ ਨੇ ਲੋਕਾਂ ਦੇ ਹਿੱਤਾ ਅਤੇ ਹੱਕਾਂ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਸ੍ਰੀ ਸਾਂਪਲਾ ਦਾ ਹਲਕਾ ਸ੍ਰੀਹਰਗੋਬਿੰਦਪੁਰ ਤੋਂ ਪ੍ਰਧਾਨ ਮੰਤਰੀ ਸੁਰੱਖਿਆ ਬੰਧਨ ਯੋਜਨਾ ਸ਼ੁਰੂ ਕਰਨ ਲਈ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਜ਼ਿਲਾ ਪ੍ਰਸ਼ਾਸਨ ਵਲੋਂ ਕੇਂਦਰੀ ਰਾਜ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਕੇਂਦਰ ਅਤੇ ਰਾਜ ਸਰਕਾਰ ਦੀ ਹਰ ਭਲਾਈ ਯੋਜਨਾ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੰਧਨ ਯੋਜਨਾ ਸਮੇਤ ਵੱਖ-ਵੱਖ ਭਲਾਈ ਯੋਜਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਜਲਦੀ ਹੀ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਇਸ ਮੌਕੇ ਚੀਮਾ ਪਬਲਿਕ ਸਕੂਲ ਦੀਆਂ ਲੜਕੀਆਂ ਵਲੋਂ ਮੁੱਖ ਮਹਿਮਾਨ ਸ੍ਰੀ ਵਿਜੇ ਸਾਂਪਲਾ ਨੂੰ ਰੱਖੜੀਆਂ ਬੰਨ੍ਹ ਕੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਕਾਇਮ ਕੀਤਾ । ਇਸ ਉਪਰੰਤ ਕੇਂਦਰੀ ਰਾਜ ਮੰਤਰੀ ਸ੍ਰੀ ਸਾਂਪਲਾ ਵਲੋਂ ਇਨ੍ਹਾਂ ਬੱਚੀਆਂ ਨੂੰ ਅਸ਼ੀਰਵਾਦ ਵਜੋਂ ਜੀਵਨ ਭਰ ਲਈ ਕਰਵਾਏ ਗਏ ਬੀਮੇ ਦੀਆਂ ਪਾਲਸੀਆਂ ਭੇਂਟ ਕੀਤੀਆਂ। ਇਸ ਮੌਕੇ ਚੀਮਾ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ ਅਤੇ ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ.ਐੱਸ.ਪੀ ਬਟਾਲਾ ਹਰਪ੍ਰੀਤ ਸਿੰਘ, ਐੱਸ.ਡੀ.ਐੱਮ ਬਟਾਲਾ ਸਕੱਤਰ ਸਿੰਘ ਬੱਲ, ਜ਼ਿਲਾ ਭਾਜਪਾ ਪ੍ਰਧਾਨ ਸੁਰੇਸ਼ ਭਾਟੀਆ, ਤਹਿਸੀਲਦਾਰ ਬਟਾਲਾ ਅਰਵਿੰਦਰਪਾਲ ਸਿੰਘ, ਜ਼ਿਲਾ ਸਿੱਖਿਆ ਅਫਸਰ ਅਮਰਦੀਪ ਸਿੰਘ ਸੈਣੀ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਚੀਮਾ ਸਕੂਲ ਦੇ ਪ੍ਰਧਾਨ ਸਰਦੂਲ ਸਿੰਘ ਚੀਮਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਬੰਧਕੀ ਮੈਨੇਜਰ ਹਰਦੇਵ ਸਿੰਘ ਰਿਆੜ, ਲਾਜਵੰਤ ਸਿੰਘ ਲਾਟੀ, ਹੈਪੀ ਪੱਡਾ, ਸਰਵਣ ਸਿੰਘ ਕਲਸੀ, ਹਰਵਿੰਦਰ ਸਿੰਘ ਕਾਹਲੋਂ, ਸੰਮਤੀ ਮੈਂਬਰ ਬਰਿਆਰ, ਨਾਈਬ ਤਹਿਸੀਲਦਾਰ ਸ੍ਰੀਹਰਗੋਬਿੰਦਪੁਰ ਰਾਮ ਨੰਦ, ਬ੍ਰਿਜ ਮੋਹਨ ਭੱਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥਣਾਂ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media