ਪਠਾਨਕੋਟ, 3 ਸਤੰਬਰ (ਪ.ਪ) – ਸਥਾਨਕ ਸਕਾਲਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਵਿਭਾਗ ਵੱਲੋਂ 3 ਤੋਂ 10 ਸਤੰਬਰ ਤੱਕ ਕਰਵਾਏ ਜਾ ਰਹੇ ਜ਼ਿਲ੍ਹਾ ਖੇਡ ਮੁਕਾਬਲਿਆਂ ਦਾ ਉਦਘਾਟਨ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ ਅਤੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ।
ਸ੍ਰੀ ਸ਼ਰਮਾ ਨੇ ਇਸ ਮੌਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਖੇਡ ਮੁਕਾਬਲੇ 8 ਦਿਨ ਚੱਲਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਸਕੂਲਾਂ ਵਿੱਚ ਖੇਡਾਂ ਲਈ ਆਧੁਨਿਕ ਸਾਜੋ ਸਮਾਨ ਵੀ ਮੁਹਈਆ ਕਰਵਾ ਰਹੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਚਾ ਕਰਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਵੀ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਪਠਾਨਕੋਟ ਵਿਖੇ 8 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਖੇਡ ਸਟੇਡੀਅਮ ਦੀ ਉਸਾਰੀ ਜੰਗੀ ਪੱਧਰ ‘ਤੇ ਕਰਵਾਈ ਜਾ ਰਹੀ ਹੈ।
ਸ਼੍ਰੀ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਇਸ ਮੌਕੇ ਦੱਸਿਆ ਕਿ ਇੰਨ੍ਹਾਂ ਖੇਡ ਮੁਕਾਬਲਿਆਂ ਵਿੱਚ 8 ਜੋਨਾਂ ਦੇ ਵੱਖ ਵੱਖ ਖੇਡਾਂ ਨਾਲ ਸਬੰਧਤ 350 ਸਕੂਲਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਖੇਡ ਮੁਕਾਬਲਿਆਂ ਵਿੱਚ ਕਬੱਡੀ, ਖੋ ਖੋ, ਬਾਲੀਬਾਲ, ਯੋਗਾ, ਤਰਾਕੀ ਮੁਕਾਬਲੇ, ਬੈਂਡਮਿੰਟਨ, ਤਾਈਕਵਾਂਡੋ, ਕ੍ਰਿਕਟ, ਕਰਾਟੇ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਰੁਣ ਕੁਮਾਰ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ, ਪ੍ਰਿੰ: ਦਰਸ਼ਨ ਸਿੰਘ, ਪ੍ਰਿੰ: ਬਲਬੀਰ ਕੁਮਾਰ, ਭਜਨ ਸਿੰਘ ਅਤੇ ਵੱਖ ਵੱਖ ਸਕੂਲਾਂ ਦੇ ਮੁੱਖੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …