
ਬਠਿੰਡਾ, 30 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੂੰ ਸਰਦੂਲਗੜ੍ਹ ਤੋਂ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਮਾਨਸਾ ਦੇ ਪ੍ਰਧਾਨ ਬਿਕ੍ਰਮ ਮੋਫਰ, ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਖੁਸ਼ਬਾਜ ਸਿੰਘ ਜਟਾਨਾ ਸਮੇਤ ਹਜ਼ਾਰਾਂ ਕਾਂਗਰਸੀ ਵਰਕਰਾਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਵੱਲ ਮਾਰਚ ਕਰਦਿਆਂ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਕਾਂਗਰਸੀ ਵਰਕਰਾਂ ‘ਤੇ ਲਾਠੀਚਾਰਜ਼ ਵੀ ਕੀਤਾ ਗਿਆ। ਇਸ ਤੋਂ ਪਹਿਲਾਂ, ਇਹ ਸਾਰੇ ਆਗੂ ਬਠਿੰਡਾ ਦੇ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਗਏ ਤੇ ਉਸਨੂੰ ਤਾਲਾ ਲਗ੍ਹਾ ਦਿੱਤਾ।ਬਹੁਕਰੋੜੀ ਕੀਟਨਾਸ਼ਕ ਘੁਟਾਲੇ ਦੀ ਜਾਂਚ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮੌਜ਼ੂਦਾ ਜੱਜ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।
ਬਹੁਕਰੋੜੀ ਕੀਟਨਾਸ਼ਕ ਘੁਟਾਲੇ ਦੀ ਜਾਂਚ ਲਈ ਹਾਈਕੋਰਟ ਦੇ ਮੌਜ਼ੂਦਾ ਜੱਜ ਦੀ ਨਿਗਰਾਨੀ ‘ਚ ਐਸ.ਆਈ.ਟੀ ਬਣੇ- ਬਿੱਟੂ
ਅੱਜ ਬਠਿੰਡਾ ਵਿਖੇ ਹਜ਼ਾਰਾਂ ਕਾਂਗਰਸੀ ਵਰਕਰਾਂ ਸਮੇਤ ਡਾਇਰੈਕਟਰ ਐਗਰੀਕਲਚਰ ਦੇ ਦਫਤਰ ਨੂੰ ਤਾਲਾ ਲਗਾਉਣ ਮੌਕੇ ਬਿੱਟੂ ਨੇ ਕਿਹਾ ਕਿ ਆਪਣੀ ਪਾਰਟੀ ਦੇ ਦਾਗੀ ਸਿਆਸਤਦਾਨਾਂ ਤੇ ਸਬੰਧਤ ਸਰਕਾਰੀ ਅਫਸਰਾਂ ਨੂੰ ਬਚਾਉਣ ਵਾਲੇ ਮੁੱਖ ਮੰਤਰੀ ਤੋਂ ਇਸ ਤੋਂ ਵੱਧ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਚੀਫ ਜਸਟਿਸ ਇਸ ਬਹੁਕਰੋੜੀ ਘੁਟਾਲੇ ਵਿੱਚ ਸੁਓ ਮੋਟੋ ਨੋਟਿਸ ਲੈਣ ਤੇ ਸਮਾਂਬੱਧ ਜਾਂਚ ਲਈ ਆਦੇਸ਼ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਕੀਟਨਾਸ਼ਕ ਘੁਟਾਲੇ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਦੇ ਚਲਦੇ ਅਹੁੱਦੇ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ।ਚਿੱਟੀ ਮੱਖੀ ਕਾਰਨ ਕਿਸਾਨਾਂ ਨੂੰ ਹੋਇਆ ਨੁਕਸਾਨ ਕਰੀਬ 1200 ਕਰੋੜ ਰੁਪਏ ਨੂੰ ਪਹੁੰਚ ਚੁੱਕਾ ਹੈ, ਜਦਕਿ ਡਾਇਰੈਕਟਰ ਵੱਲੋਂ ਕੀਤੀ ਗਈ 33 ਕਰੋੜ ਰੁਪਏ ਦੀ ਖ੍ਰੀਦ ਉਸ ਦੀ 10 ਲੱਖ ਤੋਂ ਵੱਧ ਖ੍ਰੀਦ ਨਾ ਕਰਨ ਸਬੰਧੀ ਪਾਵਰ ਤੋਂ ਜ਼ਿਆਦਾ ਹੈ।ਅਜਿਹੇ ਵਿੱਚ ਨਿਆਂ ਦਾ ਇਕ ਮਾਤਰ ਰਾਹ ਮਾਨਯੋਗ ਹਾਈਕੋਰਟ ਹੈ।ਬਿੱਟੂ ਨੇ ਇਹ ਵੀ ਐਲਾਨ ਕੀਤਾ ਕਿ ਜ਼ਲਦੀ ਹੀ ਪੰਜਾਬ ਕਾਂਗਰਸ ਦਾ ਇਕ ਵਫਦ ਰਾਜਪਾਲ ਪੰਜਾਬ ਨੂੰ ਮਿਲੇਗਾ ਤੇ ਇਕ ਮੰਗ ਪੱਤਰ ਸੌਂਪੇਗਾ।ਝੌਨੇ ਦੀ ਖ੍ਰੀਦ ਲਈ ਕੇਂਦਰ ਵਿੱਚ ਫੰਡ ਲੈਣ ਤੋਂ ਨਾਕਾਮ ਰਹੀ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੂਬਾ ਸਰਕਾਰ ਹਾਲੇ ਤੱਕ 135 ਲੱਖ ਟਨ ਝੌਨੇ ਦੀ ਖ੍ਰੀਦ ਲਈ 22000 ਕਰੋੜ ਰੁਪਏ ਦਾ ਫੰਡ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੀ ਖ੍ਰੀਦ ਕੱਲ੍ਹ ਤੋਂ ਸ਼ੁਰੂ ਹੋ ਜਾਣੀ ਹੈ। ਬੀਤੇ ਝੌਨੇ ਦੀ ਸੀਜ਼ਨ ਦੌਰਾਨ ਪ੍ਰਾਪਤੀਆਂ ਨੂੰ ਲੈ ਕੇ ਸੂਬਾ ਸਰਕਾਰ ਤੇ ਕੇਂਦਰੀ ਖੁਰਾਕ ਮੰਤਰਾਲੇ ਵਿਚਾਲੇ ਵਿਵਾਦ ਹੈ। ਬਿੱਟੂ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ, ਤਾਂ ਜੋ ਇਸ ਸੀਜ਼ਨ ਝੌਨੇ ਦੀ ਖ੍ਰੀਦ ਸੁਨਿਸ਼ਚਿਤ ਕੀਤੀ ਜਾ ਸਕੇ। ਪੰਜਾਬ ਦੇ ਕਿਸਾਨ ਪਹਿਲਾਂ ਹੀ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ, ਬੀਤੇ ਸੱਤ ਸਾਲਾਂ ਦੌਰਾਨ ਕਰਜੇ ਦੇ ਬੋਝ ਹੇਠਾਂ ਦੱਬ ਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਕੀਤੀਆਂ ਗਈਆਂ ਹਨ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ‘ਤੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ ਕਰਨ ‘ਤੇ ਸੂਬੇ ਦੀ ਖੇਤੀਬਾੜੀ ਨੂੰ ਮਾੜੇ ਹਾਲਾਤਾਂ ਵਿੱਚ ਪਹੁੰਚਾਉਣ ਲਈ ਵਰ੍ਹਦਿਆਂ ਬਿੱਟੂ ਨੇ ਸਵਾਲ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਨੇ ਬੀਤੇ ਅੱਠ ਸਾਲਾਂ ਦੌਰਾਨ ਪੰਜਾਬ ਦੀ ਕਿਸਾਨੀ ਦੀ ਭਲਾਈ ਲਈ ਕੀ ਕੀਤਾ ਹੈ।ਸਿਰਫ ਕੇਂਦਰ ਦੀ ਯੂ.ਪੀ.ਏ ਸਰਕਾਰ ਨੇ ਕਿਸਾਨਾਂ ਨੂੰ ਕਰਜੇ ਤੋਂ ਰਾਹਤ ਦਿੱਤੀ ਸੀ।ਹੁਣ ਤਿੰਨਾਂ ਬਾਦਲਾਂ ਨੂੰ ਕੇਂਦਰ ਕੋਲ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਮੰਗ ਰੱਖਣੀ ਚਾਹੀਦੀ ਹੈ।ਮੰਦਭਾਗਾ ਹੈ ਕਿ ਬਾਦਲ ਕਿਸਾਨਾਂ ਲਈ ਪੈਕੇਜ ਮੰਗਦੇ ਹਨ, ਪਰ ਉਨ੍ਹਾਂ ਦੀ ਨੂੰਹ ਤੇ ਕੇਂਦਰੀ ਮੰਤਰੀ ਇਸਨੂੰ ਨਕਾਰ ਦਿੰਦੀ ਹੈ ਅਤੇ ਕੇਂਦਰ ਸਰਕਾਰ ਦਾ ਸਪੱਸ਼ਟੀਕਰਨ ਦਿੰਦੀ ਹਨ।ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵਿਅਕਤੀਗਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਘਰਾਂ ਵਿੱਚ ਜਾਣ ਲਈ ਕਿਹਾ ਹੈ, ਜਿਨ੍ਹਾਂ ਨੂੰ ਚਿੱਟੀ ਮੱਖੀ ਦੇ ਹਮਲੇ ਕਾਰਨ ਕਰੀਬ 1200 ਕਰੋੜ ਰੁਪਏ ਦਾ ਨੁਕਸਾਨ ਝੇਲਣਾ ਪਿਆ ਹੈ।
Punjab Post Daily Online Newspaper & Print Media