
ਬਟਾਲਾ, 2 ਨਵੰਬਰ (ਨਰਿੰਦਰ ਬਰਨਾਲ) – ਮੌਸਮ ਦੇ ਬਦਲਦੇ ਮਿਜਾਜ ਅਤੇ ਬੇਮੌਸਮੀ ਹੋਈ ਬਰਸਾਤ ਦੇ ਕਾਰਨ ਜਿਥੇ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਹੈ ਉਥੇ ਹੀ ਝੋਨੇ ਦੀ ਪੱਕੀ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ।ਪੰਜਾਬ ਖੇਤੀ ਪ੍ਰਦਾਨ ਸੂਬਾ ਹੋਣ ਦੇ ਕਾਰਨ 80 ਪ੍ਰਤੀਸ਼ਤ ਲੋਕ ਆਪਣਾ ਮੁਢਲੀ ਜੀਵਨ ਖੇਤੀ ਤੇ ਨਿਰਭਰ ਕਰਦੇ ਹਨ।ਪਿਛਲੇ ਛੇ ਮਹੀਨਿਆਂ ਤੋਂ ਦਿਨ ਰਾਤ ਇੱਕ ਕਰਕੇ ਪੁੱਤਾਂ ਵਾਂਗ ਪਾਲੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ ਜਿਸ ਨੂੰ ਕੱਟ ਕੇ ਕਿਸਾਨ ਮੰਡੀ ਵਿੱਚ ਲਿਆ ਰਹੇ ਹਨ।
ਜਦੋਂ ਕੁਝ ਚੌਣਵੇ ਪੱਤਰਕਾਰਾਂ ਵੱਲੋਂ ਸਥਾਨਿਕ ਕਸਬੇ ਦੀ ਬਟਾਲਾ ਰੋਡ ਤੇ ਸਥਿਤ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਮੰਡੀ ਵਿੱਚ ਕਿਸਾਨ ਆਪਣੇ ਝੋਨੇ ਦੀ ਢੇਰੀ ਕੋਲ ਬੈਠੇ ਰੱਬ ਨੂੰ ਬਾਰਿਸ਼ ਨੂੰ ਬੰਦ ਕਰਨ ਦੀਆਂ ਅਰਦਾਸਾ ਕਰ ਰਹੇ ਸਨ।ਇਸ ਸਬੰਧੀ ਜਦੋਂ ਕਿਸਾਨ ਹਰਭਜਨ ਸਿੰਘ ਅਤੇ ਕਸ਼ਮੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾ ਹੀ ਮੌਸਮ ਦੀ ਖਰਾਬੀ ਕਾਰਨ ਝੋਨੇ ਦਾ ਝਾੜ ਘੱਟ ਨਿਕਲ ਰਿਹਾ ਹੈ ਅਤੇ ਹੁਣ ਜੇ ਫ਼ਸਲ ਕੱਟ ਕੇ ਮੰਡੀ ‘ਚ ਲੈ ਆਏ ਹਾਂ ਹੁਣ ਬੇਮੌਸਮੀ ਬਰਸਾਤ ਦੇ ਕਾਰਨ ਕੋਈ ਵੀ ਖ੍ਰੀਦਦਾਰ ਵੱਲੋਂ ਝੋਨਾਂ ਨਹੀਂ ਖ੍ਰੀਦਿਆ ਜਾ ਰਿਹਾ ਹੈ।ਕਿਸਾਨਾਂ ਨੇ ਦੱਸਿਆ ਕਿ ਇਸ ਝੋਨੇ ਦੀ ਫ਼ਸਲ ਨੂੰ ਪੈਦਾ ਕਰਨ ਤੇ ਜਿੰਨ੍ਹਾਂ ਖਰਚਾ ਆ ਚੁੱਕਾ ਹੈ ਉਹ ਪੈਸਿਆ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।ਕਿਸਾਨ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਜੇ ਏਸੇ ਤਰ੍ਹਾਂ ਬੇਮੌਸਮੀ ਬਰਸਾਤ ਰਹੀ ਤਾਂ ਝੋਨਾਂ ਮੰਡੀਆਂ ਵਿੱਚ ਹੀ ਰੁੱਲ ਜਾਵੇਗਾ।
ਜਿਕਰਯੋਗ ਹੈ ਕਿ ਸਥਾਨਿਕ ਕਸਬੇ ਦੀ ਦਾਣਾ ਮੰਡੀ ਵਿੱਚ ਸਰਕਾਰ ਵੱਲੋਂ ਖ੍ਰੀਦੇ ਗਏ ਝੋਨੇ ਦੀ ਅਜੇ ਤੱਕ ਲਿਫਟਿੰਗ ਨਹੀਂ ਕੀਤੀ ਗਈ।ਲੰਮੇ ਸਮੇ ਤੋਂ ਖ੍ਰੀਦੇ ਹੋਏ ਝੋਨੇ ਦੇ ਚੱਕੇ ਲੱਗੇ ਅੱਜ ਵੀ ਨਜ਼ਰ ਆ ਰਹੇ ਹਨ।ਇਥੇ ਇਹ ਸ਼ਪਸ਼ਟ ਨਜ਼ਰ ਆ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਕਿਉਂਕਿ ਮੰਡੀ ਵਿੱਚ ਖ੍ਰੀਦੇ ਹੋਏ ਝੋਨੇ ਦੇ ਅੰਬਾਰ ਲੱਗੇ ਹੋਏ ਸਾਫ ਨਜ਼ਰ ਆ ਰਹੇ ਹਨ।ਖੁੱਲੇ ਆਸਮਾਨ ਹੇਠ ਲੱਗੇ ਝੋਨੇ ਦੇ ਚੱਕੇ ਬਰਸਾਤ ਦੇ ਕਾਰਨ ਝੋਨਾਂ ਖਰਾਬ ਹੋਣ ਦੀ ਅਸ਼ੰਕਾਂ ਪ੍ਰਗਟ ਕੀਤੀ ਜਾ ਸਕਦੀ ਹੈ।ਇਥੇ ਹੀ ਬੱਸ ਨਹੀਂ ਕਿਸਾਨਾਂ ਨੂੰ ਖ੍ਰੀਦੇ ਜਾ ਚੁੱਕੇ ਝੋਨੇ ਦੀ ਅਦਾਇਗੀ ਵੀ ਨਹੀਂ ਹੋ ਰਹੀ।ਝੋਨੇ ਦੀ ਅਦਾਇਗੀ ਅਤੇ ਬੇਮੌਸਮੀ ਬਰਸਾਤ ਕਾਰਨ ਪੰਜਾਬ ਦਾ ਕਿਸਾਨ ਅੱਜ ਵੀ ਪ੍ਰੇਸ਼ਾਨੀ ਦੇ ਆਲਮ ਵਿੱਚ ਡੁੱਬ ਚੁੱਕਾ ਹੈ।
Punjab Post Daily Online Newspaper & Print Media