Sunday, July 19, 2026

ਦਿੱਲੀ ਕਮੇਟੀ ਬਾਣੀ ਅਤੇ ਬਾਣੇ ਦੇ ਪ੍ਰਚਾਰ ਲਈ ਵਚਨਬੱਧ – ਪ੍ਰਧਾਨ ਜੀ.ਕੇ

PPN0311201507

ਨਵੀਂ ਦਿੱਲੀ, 3 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੋਨੀ ਵੱਲੋਂ ਵਿਦਿਆਰਥੀਆਂ ਨੂੰ ਸਮਾਜਸੇਵਾ ਵੱਲ ਉਤਸਾਹਿਤ ਕਰਨ ਵਾਸਤੇ ਰੋਟਰੀ ਕਲੱਬ ਨਾਲ ਸਾਂਝ ਪਾਈ ਗਈ ਹੈ। 10ਵੀਂ, 11ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਚੋਣਵੇਂ ਵਿਦਿਆਰਥੀਆਂ ਦੀ ਸਕੂਲ ਵਿੱਚ ਰੋਟਰੀ ਕਲੱਬ ਦੀ ਇਕ ਇਕਾਈ ਬਣਾਈ ਗਈ ਹੈ। ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਰੋਟਰੀ ਕਲੱਬ ਪੰਚਸ਼ੀਲ ਪਾਰਕ ਦੇ ਪ੍ਰਧਾਨ ਟੀ.ਪੀ. ਸਿੰਘ ਜੋਸ਼ਨ ਅਤੇ ਸਕੂਲ ਪ੍ਰਿੰਸੀਪਲ ਜਮਮੀਤ ਕੌਰ ਸੰਧੂ ਦੀ ਮੌਜ਼ੂਦਗੀ ਵਿੱਚ ਇਸ ਗਲ ਦਾ ਐਲਾਨ ਕੀਤਾ।
ਚੰਢੋਕ ਨੇ ਕਿਹਾ ਕਿ ਭਾਈ ਘਨਈਆ ਜੀ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਸਕੂਲੀ ਬੱਚਿਆਂ ਨੂੰ ਸਮਾਜ ਵਿੱਚ ਫੈਲੀਆਂ ਬੁਰਾਇਆਂ ਦੇ ਖਿਲਾਫ਼ ਮੁਹਿੰਮ ਦਾ ਹਿੱਸਾ ਬਣਾਉਣ ਲਈ ਇਹ ਇਨਕਲਾਬੀ ਫੈਸਲਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਿਆ ਗਿਆ ਹੈ। ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਵਿਦਿਆਰਥੀਆਂ ਵੱਲੋਂ ਕਲੱਬ ਦੇ ਸਹਿਯੋਗ ਨਾਲ ਪਟਾਖਿਆ ਨਾਲ ਵਾਤਾਵਰਣ ਨੂੰ ਹੁੰਦੇ ਨੁਕਸਾਨ,ਵਾਤਾਵਰਣ ਦੀ ਸਾਂਭ-ਸੰਭਾਲ, ਕੰਨਿਆ ਭਰੂਣ ਹੱਤਿਆ ਅਤੇ ਸਿਖਿਆ ਦੀ ਲੋੜ ਆਦਿਕ ਵਿਸ਼ਿਆ ਤੇ ਸਮਾਜ ਵਿੱਚ ਆਪਣੀ ਗੱਲ ਰਖਣ ਦਾ ਵੀ ਚੰਢੋਕ ਨੇ ਦਾਅਵਾ ਕੀਤਾ। ਇੰਟ੍ਰਰੈਕਟ ਕਲੱਬ ਦੇ ਨਾਂ ਤੇ ਰੋਟਰੀ ਕਲੱਬ ਦੀ ਇਸ ਮੁਹਿੰਮ ਦਾ ਹਿੱਸਾ ਬਣੇ ਵਿਦਿਆਰਥੀਆਂ ਦੇ ਪੂਰਾ ਜੀਵਨ ਸਮਾਜ ਵਿੱਚ ਵਿਚਰਣ ਦੌਰਾਨ ਸਮਾਜ ਦੇ ਲਈ ਉਸਾਰੂ ਕਾਰਜਾਂ ਪ੍ਰਤੀ ਗੰਭੀਰ ਹੋਣ ਦੀ ਵੀ ਚੰਢੋਕ ਨੇ ਆਸ ਜਤਾਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ਸਤਿਕਾਰ ਤਾਂ ਹੋਵੇਗਾ ਜਦੋਂ ਅਸੀਂ ਆਪਣੇ ਜੀਵਨ ਵਿੱਚ ਗੁਰੂ ਦੀ ਬਾਣੀ ਦੇ ਭਾਵ ਤੇ ਉ-ਚੀਆਂ ਕਦਰਾਂ ਕੀਮਤਾਂ ਨੂੰ ਸੰਭਾਲਦੇ ਹੋਏ ਸ਼ਬਦ ਗੁਰੂ ਦੇ ਲੜ ਲੱਗਾਗੇਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਇਕ ਮਹੀਨੇ ਤਕ ਚਲੇ ਸ਼ੁੱਧ ਪਾਠ ਬੋਧ ਸਮਾਗਮ ਦੇ ਸਮਾਪਤੀ ਸਮਾਗਮ ਦੌਰਾਨ ਕੀਤਾ। ਬਾਣੀ ਦੀ ਸੰਥਿਆ ਲੈਣ ਵਾਲੇ ਪ੍ਰਾਣੀਆਂ ਨੂੰ ਵਧਾਈ ਦਿੰਦੇ ਹੋਏ ਜੀ.ਕੇ. ਨੇ ਕੀਰਤਨ ਦਰਬਾਰਾਂ ਦੇ ਨਾਲ ਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਅਜਿਹੇ ਸਮਾਗਮ ਕਰਾਉਣ ਦੀ ਵੀ ਗੁਰਦੁਆਰਾ ਕਮੇਟੀਆਂ ਨੂੰ ਸਲਾਹ ਦਿੱਤੀ। ਸ਼ਬਦ ਗੁਰੂ ਤੋਂ ਇਲਾਵਾ ਕਿਸੇ ਹੋਰ ਥਾਂ ਤੋਂ ਖ਼ੈਰ ਸਿੱਖਾਂ ਦੀ ਝੋਲੀ ਵਿੱਚ ਨਾ ਪੈਣ ਦਾ ਦਾਅਵਾ ਕਰਦੇ ਹੋਏ ਜੀ. ਕੇ. ਨੇ ਦਮਦਮੀ ਟਕਸਾਲ ਦਾ ਇਸ ਸਮਾਗਮ ਲਈ ਧੰਨਵਾਦ ਕੀਤਾ।
ਦਿੱਲੀ ਕਮੇਟੀ ਵੱਲੋਂ 22 ਸਾਲ ਦੇ ਲੰਮੇ ਵਕਫੇ ਪਿੱਛੋਂ ਕਰਵਾਏ ਗਏ ਇਸ ਸਮਾਗਮ ਨੂੰ ਦਿੱਲੀ ਦੀ ਸੰਗਤਾਂ ਵੱਲੋਂ ਮਿਲੇ ਭਰਵੇ ਹੁੰਗਾਰੇ ਨੂੰ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਦੇ ਬਾਣੀ ਪ੍ਰਤੀ ਪ੍ਰੇਮ ਨਾਲ ਵੀ ਜੋੜਿਆ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਬਾਣੀ ਅਤੇ ਬਾਣੇ ਦੇ ਪ੍ਰਚਾਰ ਲਈ ਵਚਨਬੱਧ ਹੈ, ਇਸ ਕਰਕੇ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਕਮੇਟੀ ਵੱਲੋਂ ਕੋਈ ਕੋਤਾਹੀ ਨਹੀਂ ਵਰਤੀ ਜਾਵੇਗੀ। ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਹੋਏ ਇਸ ਸਮਾਗਮ ਨੂੰ ਸੰਬੋਧਤ ਕਰਦੇ ਹੋਏ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੰਗਤਾਂ ਨੂੰ ਸਮਾਗਮ ਦੀ ਕਾਮਯਾਬੀ ਦੇ ਲਈ ਵਧਾਈ ਵੀ ਦਿੱਤੀ। ਦਿੱਲੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ,ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਦਾ ਸਨਮਾਨ ਕਰਨ ਦੇ ਨਾਲ ਹੀ ਬਾਣੀ ਦੀ ਸੰਥਿਆ ਲੈਣ ਪ੍ਰਾਣੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਦੇ ਅਤ੍ਰਿੰਗ ਬੋਰਡ ਦੇ ਮੈਂਬਰ ਕਰਨੈਲ ਸਿੰਘ ਪੰਜੌਲੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਸਣੇ ਕਈ ਸੰਤਾਂ, ਮਹਾਪੁਰਸ਼ਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਚਮਨ ਸਿੰਘ, ਬੀਬੀ ਧੀਰਜ ਕੌਰ, ਸਮਰਦੀਪ ਸਿੰਘ ਸੰਨੀ ਆਦਿਕ ਨੇ ਵੀ ਇਸ ਮੌਕੇ ਹਾਜ਼ਰੀ ਭਰੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply