ਅੰਮ੍ਰਿਤਸਰ 6 ਨਵੰਬਰ (ਪੰਜਾਬ ਪੋਸਟ ਬਿਊਰੋ)- ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਦੇ ਹਰ ਖੇਤਰ ਅਤੇ ਵਰਗ ਦੇ ਲੋਕਾਂ ਅਤੇ ਖਾਸ ਕਰਕੇ ਵਿਦਿਅਕ ਅਦਾਰਿਆਂ ਤਕ ਤਰਕਸ਼ੀਲ ਸਾਹਿਤ ਪੁਚਾਉਣ ਅਤੇ ਤਰਕਸ਼ੀਲ ਸੋਚ ਪ੍ਰਫੁਲਿਤ ਕਰਨ ਲਈ ਤਰਕਸ਼ੀਲ ਸਾਹਿਤ ਵੈਨ ਰਾਹੀਂ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਉਦੇਸ਼ ਦੀ ਪੂਰਤੀ ਲਈ ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਲ ਰੋਡ ਵਿਖੇ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਲਾਈ ਗਈ।
ਇਸ ਮੌਕੇ ਸਵੇਰ ਦੀ ਸਭਾ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਸਾਡਾ ਸਮਾਜ ਵਹਿਮਾਂ ਰਮਾਂ, ਅੰਧ ਵਿਸ਼ਵਾਸਾਂ, ਰੂੜੀਵਾਦੀ ਰਵਾਇਤਾਂ, ਧਾਰਮਿਕ ਕੱਟੜਵਾਦ ਅਤੇ ਹੋਰ ਕਈ ਤਰ੍ਹਾਂ ਦੀਆਂ ਸਮਾਜਕ ਬੁਰਾਈਆਂ ਅਤੇ ਗੰਭੀਰ ਸਮੱਸਿਆਵਾਂ ਵਿਚ ਜਕੜਿਆ ਪਿਆ ਹੈ ਅਤੇ ਲੋਕਾਂ ਵਿਚ ਵਿਗਿਆਨਕ ਸੋਚ ਦੀ ਘਾਟ ਅਤੇ ਰਾਜ ਪ੍ਰਬੰਧ ਦੀ ਮਿਲੀ ਭੁਗਤ ਕਰਕੇ ਪਾਖੰਡੀ ਬਾਬੇ, ਜੋਤਸ਼ੀ ਅਤੇ ਸਾਧ ਸਿਆਣੇ ਲੋਕਾਂ ਦੀ ਸ਼ਰੇਆਮ ਲੁੱਟ ਖਸੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਧ ਵਿਸ਼ਵਾਸਾਂ ਦੇ ਇਸ ਮੱਕੜ ਜਾਲ ਵਿਚੋਂ ਬਾਹਰ ਨਿਕਲਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤਰਕਸ਼ੀਲ ਸਾਹਿਤ ਪੜ੍ਹਣ, ਸਮਝਣ ਅਤੇ ਤਰਕਸ਼ੀਲ ਦ੍ਰਿਸ਼ਟੀਕੋਣ ਅਪਨਾਉਣ ਦੀ ਬੇਹੱਦ ਲੋੜ ਹੈ। ਇਸ ਮੌਕੇ ਉਘੇ ਚਿੰਤਕ ਡਾ. ਪਰਮਿੰਦਰ ਸਿੰਘ ਅਤੇ ਤਰਕਸ਼ੀਲ ਆਗੂ ਅਮਰਜੀਤ ਬਾਈ ਨੇ ਕਿਹਾ ਕਿ ਵਿਗਿਆਨੀਆਂ, ਚਿੰਤਕਾਂ ਅਤੇ ਖੋਜੀਆਂ ਵਲੋਂ ਹੁਣ ਤਕ ਜਿੰਨੀਆਂ ਵੀ ਖੋਜਾਂ, ਕਾਢਾਂ ਸਿਧਾਂਤਾਂ ਅਤੇ ਤਕਨਾਲੋਜੀ ਦਾ ਵਿਕਾਸ ਕੀਤਾ ਗਿਆ ਹੈ। ਉਹ ਸਿਰਫ ਤੇ ਸਿਰਫ ਉਨ੍ਹਾਂ ਵਲੋਂ ਅਪਨਾਏ ਵਿਗਿਆਨਕ ਦ੍ਰਿਸ਼ਟੀਕੋਣ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਜਿੰਦਗੀ ਵਿਚ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਵੈ ਵਿਸ਼ਾਸ ਅਤੇ ਤਰਕਸ਼ੀਲ ਦ੍ਰਿਸ਼ਟੀਕੋਣ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਤਰਕਸ਼ੀਲ ਸਾਹਿਤ ਅਜਿਹਾ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਨੇ ਕਿਹਾ ਕਿ ਹਰ ਮਨੁੱਖ ਦੇ ਜੀਵਨ ਵਿਚ ਵਿਕਾਸ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਵਿਦਿਆਰਥੀਆਂ ਨੂੰਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਤਰਕਸ਼ੀਲ ਸਾਹਿਤ ਨੂੰ ਵੀ ਆਪਣੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਤਰਕਸ਼ੀਲ ਸਾਹਿਤ ਰਾਹੀਂ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਵਿਚ ਤਰਕਸ਼ੀਲ ਸੋਚ ਪ੍ਰਫੁਲਿਤਤ ਕਰਨ ਅਤੇ ਸਮਾਜ ਵਿਚ ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ, ਸਮਾਜਕ ਬੁਰਾਈਆਂ ਅਤੇ ਪਾਖੰਡੀ ਬਾਬਿਆਂ, ਜੋਤਸ਼ੀਆਂ ਦੀ ਕਥਿਤ ਗੈਬੀ ਸ਼ਕਤੀ ਅਤੇ ਪਾਖੰਡ ਵਿਰੁਧ ਸੁਚੇਤ ਕਰਨ ਲਈ ਕੀਤਾ ਜਾ ਰਿਹਾ ਵੱਡਮੁੱਲਾ ਉਪਰਾਲਾ ਬੇਹਦ ਸ਼ਲਾਘਾਯੋਗ ਹੈ।
ਇਸ ਮੌਕੇ ਤਰਕਸ਼ੀਲ ਸਾਹਿਤ ਵੈਨ ਦੇ ਪ੍ਰਬੰਧਕ ਜਸਵੀਰ ਸੋਨੀ ਨੇ ਹੱਥ ਦੀ ਸਫਾਈ ਦੇ ਟ੍ਰਿਕ ਵਿਖਾ ਕੇ ਇਸ ਬਾਰੇ ਵਿਦਿਆਰਥੀਆਂ ਦੇ ਮਨਾਂ ਵਿਚ ਪਏ ਭਰਮ ਭੁਲੇਖਿਆਂ ਨੂੰ ਦੂਰ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਤਰਕਸ਼ੀਲ ਸਾਹਿਤ ਖਰੀਦਣ ਵਿਚ ਕਾਫੀ ਦਿਲਚਸਪੀ ਵਿਖਾਈ ਅਤੇ ਤਰਕਸ਼ੀਲ ਆਗੂਆਂ ਰਾਜ ਕੁਮਾਰ ਵੇਰਕਾ, ਸੁਖਮੀਤ ਸਿੰਘ, ਅਮਰਜੀਤ ਕੋਹਾਲੀ, ਮੇਜਰ ਸਿੰਘ ਅਤੇ ਸ਼ਮਸ਼ੇਰ ਹੇਰ ਨੇ ਵਿਦਿਆਰਥੀਆਂ ਵਲੋਂ ਵਹਿਮਾਂ ਭਰਮਾਂ ਸਬੰਧੀ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਵਿਗਿਆਨਕ ਨਜ਼ਰੀਏ ਤੋਂ ਜਵਾਬ ਦਿੱਤੇ। ਸਕੂਲ ਦੇ ਅਧਿਆਪਕਾ ਮੈਡਮ ਰਵਿੰਦਰ ਅਟਵਾਲ, ਪ੍ਰੀਤਇੰਦਰ ਕੌਰ, ਜਤਿੰਦਰ ਕੌਰ, ਰਸ਼ਮੀ ਅਤੇ ਅਮਰਜੀਤ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਤਰਕਸ਼ੀਲ ਦ੍ਰਿਸ਼ਟੀਕੋਣ ਅਪਨਾਉਣ ਅਤੇ ਹਰ ਘਟਨਾ ਨੂੰ ਤਰਕ ਦੀ ਕਸੋਟਂ ਤੇ ਪਰਖਣ ਲਈ ਜਾਗਰੂਕ ਕੀਤਾ। ਇਸ ਮੌਕੇ ਤਰਕਸ਼ੀਲ ਮੈਂਬਰ ਬਲਦੇਵ ਸਿੰਘ, ਅਜੀਤ ਸਿੰਘ, ਮਾਸਟਰ ਕੁਲਜੀਤ ਵੇਰਕਾ, ਪਵਨ ਬੁਢਲਾਡਾ, ਬਲਵੰਤ ਸਿੰਘ ਝੰਗੀ ਤੇ ਵਰਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media