Friday, March 6, 2026

ਚੱਬਾ ਦੇ ਸਰਬਤ ਖਾਲਸਾ ‘ਚ ਚਾਰ ਤਖਤਾਂ ਦੇ ਜਥੇਦਾਰ ਹਟਾਏ-ਭਾਈ ਹਵਾਰਾ ਸਮੇਤ ਤਿੰਨ ਨਵੇਂ ਜਥੇਦਾਰ ਥਾਪੇ

PPN1011201505

PPN1011201506

ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਦੁਨੀਆਂ ਭਰ ਦੀਆਂ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਅਯੋਜਿਤ ਸਰਬੱਤ ਖਾਲਸਾ ਨੇ ਅਹਿਮ ਫੈਸਲੇ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਅਹੁੱਦਿਆਂ ਤੋਂ ਲਾਹ ਕੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁੱਕਤ ਕੀਤਾ ਹੈ ਅਤੇ ਉਨਾਂ ਦੀ ਰਿਹਾਈ ਤੱਕ ਭਾਈ ਧਿਆਨ ਸਿੰਘ ਮੰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਹੈ ।ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜਥੇਦਾਰ ਨਿਯੁੱਕਤ ਕੀਤਾ ਹੈ।
ਇਤਿਹਾਸਕ ਪਿੰਡ ਚੱਬਾ ਨੇੜੇ ਮੰਡਿਆਲਾ ਦੀ ਜੂਹ ਵਿੱਚ ਹੋਏ ਇਸ ਸਰਬੱਤ ਖਾਲਸਾ ਮੌਕੇ ਕੁੱਲ਼ 13 ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਲੱਖਾਂ ਦੀ ਤਦਾਦ ਵਿੱਚ ਜੁੜੀ ਸੰਗਤ ਨੇ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਦਿੱਤੀ।ਯੂਨਾਈਟਿਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਬਾਅਦ ਦੁਪਿਹਰ 3 ਵਜੇ ਦੇ ਕਰੀਬ ਮਤੇ ਪੜਨੇ ਸ਼ੁਰੂ ਕੀਤੇ।ਪਹਿਲੇ ਮਤੇ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ੍ਹ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰੀ ਦੀ ਸੇਵਾ ਤੋਂ ਮੁਕਤ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਤਿਕਾਰ ਨੂੰ ਢਾਹ ਲਾਈ ਹੈ।ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵਜੋਂ ਜਿਉਂ ਹੀ ਭਾਈ ਜਗਤਾਰ ਸਿੰਘ ਹਵਾਰਾ ਦਾ ਮਤਾ ਪੇਸ਼ ਕੀਤਾ ਗਿਆ ਤਾਂ ਹਾਜਰ ਸੰਗਤਾਂ ਨੇ ਖੁਸ਼ੀ ਵਿੱਚ ਖੜੇ ਹੋ ਕੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਤੱਕ ਭਾਈ ਧਿਆਨ ਸਿੰਘ ਮੰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁੱਕਤ ਕੀਤਾ ਗਿਆ ਹੈ। ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਜਾਣ ਦਾ ਮਤਾ ਪੇਸ਼ ਹੋਣ ਤੇ ਦਮਦਮੀ ਟਕਸਾਲ ਨਾਲ ਸਬੰਧਤ ਸਿੰਘਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ।ਠਾਠਾਂ ਮਾਰਦੇ ਇਸ ਇਕੱਠ ਵਿੱਚ ਸੰਗਤਾਂ ਦਾ ਜੋਸ਼ ਵੇਖਣ ਵਾਲਾ ਸੀ। ਇਕ ਹੋਰ ਮਤੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ ਗਿੱਲ ਅਤੇ ਜੂਨ 84 ਦੇ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਨੂੰ ਅਮਲੀ ਰੂਪ ਅੰਜ਼ਾਮ ਦੇਣ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਉਨਾਂ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ 30 ਨਵੰਬਰ 2015 ਦਾ ਸਮਾਂ ਦਿੱਤਾ ਗਿਆ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰੱਸਤ ਤੇ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਦੋਸ਼ੀ ਕਰਾਰ ਦਿੰਦਿਆਂ ਸ੍ਰ. ਬਾਦਲ ਅਤੇ ਮੱਕੜ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤਾ ਫਖਰ-ਏ-ਕੌਮ ਅਤੇ ਸ਼੍ਰੋਮਣੀ ਸੇਵਕ ਦਾ ਐਵਾਰਡ ਰੱਦ ਕਰ ਦਿੱਤਾ ਗਿਆ।ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁੱਕਤੀ, ਸੇਵਾਮੁਕਤੀ, ਯੋਗਤਾ ਆਦਿ ਲਈ ਵਿਧੀ ਵਿਧਾਨ ਤਿਆਰ ਕਰਨ ਦਾ ਮਤਾ ਪਾਸ ਕੀਤਾ ਗਿਆ ਤਾਂ ਜੋ ਵੈਸਾਖੀ 2016 ਨੂੰ ਹੋਣ ਵਾਲੇ ਸਰਬੱਤ ਖਾਲਸਾ ਮੌਕੇ ਪੇਸ਼ ਕੀਤਾ ਜਾ ਸਕੇੇ।ਸਮੂਹਿਕ ਵਿਚਾਰ ਵਟਾਂਦਰੇ ਅਤੇ ਸਮੂਹਿਕ ਵਿਚਾਰ ਰਾਏ ਬਨਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ।ਜਿਸ ਦੇ ਗਠਨ ਨੂੰ ਪਾਰਦਰਸ਼ੀ ਬਨਾਉਣ ਲਈ ਇਸ ਦੇ ਵਿਧੀ ਵਿਧਾਨ ਦਾ ਖਰੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 30 ਨਵੰਬਰ ਤੀਕ ਦੇਸ਼ ਦੇ ਸਿੱਖਾਂ ਦੀ ਇੱਕ ਸਾਂਝੀ ਕਮੇਟੀ ਦਾ ਐਲਾਨ 30 ਨਵੰਬਰ ਤੀਕ ਕਰਨਗੇ ।ਇਸ ਖਰੜੇ ਨੂੰ ਵੈਸਾਖੀ 2016 ਦੇ ਸਰਬੱਤ ਖਾਲਸਾ ਵਿੱਚ ਪਾਸ ਹੋਣ ਲਈ ਪੇਸ਼ ਕੀਤਾ ਜਾਵੇਗਾ ।
ਸਰਬੱਤ ਖਾਲਸਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਾਹਿਬਾਨ ਨੂੰ ਸੁਚੇਤ ਕੀਤਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਦੇ ਅਦਬ ਸਤਿਕਾਰ ਪ੍ਰਤੀ ਸੁਚੇਤ ਰਹਿਣ ਲਈ ਕਿਹਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੰਦਿਆਂ ਸਿਖੀ ਪ੍ਰੰਪਰਾ ਅਨੁਸਾਰ ਸਜ਼ਾ ਦੇਣ ਦਾ ਐਲਾਨ ਕੀਤਾ ਗਿਆ । ਜੇਲ੍ਹਾਂ ਵਿੱਚ ਨਜਰਬੰਦ ਸਿੱਖ ਕੈਦੀਆਂ ਤੋਂ ਇਲਾਵਾ ਕਿਸੇ ਵੀ ਸੰਘਰਸ਼ ਸਿੱਖ, ਨਾਗਾ ਜਾਂ ਇਸਲਾਮਿਕ ਨਾਲ ਜੁੜੇ ਨਜਰਬੰਦ ਰਾਜਸੀ ਕੈਦੀਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਦਾ ਮਤਾ ਪਾਸ ਕੀਤਾ ਗਿਆ।ਬਾਪੂ ਸੂਰਤ ਸਿੰਘ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਪੈਦਾ ਹੋਏ ਹਾਲਤਾਂ ਅਤੇ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਸ਼੍ਰੋਮਣੀ ਕਮੇਟੀ ਦੀਆਂ ਤੁਰੰਤ ਚੋਣਾਂ ਕਰਵਾ ਕੇ ਇਸ ਦੀ ਜਮਹੂਰੀਅਤ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ।ਹੁਕਮ ਦਿੱਤਾ ਗਿਆ ਹੈ ਕਿ ਚਲ ਰਹੇ ਅਜਾਦੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਦੇ ਸੰਘਰਸ਼ ਤੀਕ ਸਿੱਖ ਕੌਮ ਦੇ ਅੰਦਰੂਨੀ ਵਖਰੇਵਿਆਂ ਨੂੰ ਨਾ ਉਭਾਰਿਆ ਜਾਵੇ।ਸਿੱਖ ਕੌਮ ਲਈ ਵੱਖਰੇ ਸਰਵਪ੍ਰਵਾਨਿਤ ਕੈਲੰਡਰ ਤਿਆਰ ਕਰਨ ਦਾ ਐਲਾਨ ਵੀ ਕੀਤਾ ਗਿਆ।  ਇਕ ਹੋਰ ਮਤੇ ਵਿੱਚ ਵੈਟੀਕਨ ਸਿਟੀ ਦੀ ਤਰਜ਼ ‘ਤੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਦਰਜਾ ਦਿੱਤੇ ਜਾਣ ਦੀ ਮੰਗ ਦੁਹਰਾਈ ਗਈ ਅਤੇ ਇਹ ਵੀ ਕਿਹਾ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਉਪਰ ਕਿਸੇ ਵੀ ਸਰਕਾਰ ਦਾ ਕਾਨੂੰਨ ਲਾਗੂ ਨਹੀ ਹੋਵੇਗਾ।
ਸਰਬੱਤ ਖਾਲਸਾ ਨੇ 26 ਜਨਵਰੀ 1986 ਦੇ ਸਰਬੱਤ ਖਾਲਸਾ ਮੌਕੇ ਲਏ ਫੈਸਲਿਆਂ ਨੂੰ ਸਹਿਮਤੀ ਦਿੱਤੀ ਹੈ। ਸਰਬੱਤ ਖਾਲਸਾ ਨੇ ਜਾਤਾਂ ਤੇ ਅਧਾਰਿਤ ਗੁਰਦਆਰੇ ਤੇ ਸ਼ਮਸ਼ਾਨ ਘਾਟ ਖਤਮ ਕੀਤੇ ਜਾਣ ਦੀ ਹਮਾਇਤ ਕੀਤੀ ਹੈ ਅਤੇ ਸਮਾਜ ਵਿੱਚ ਆਈਆਂ ਧਾਰਮਿਕ ਸਮਾਜਿਕ ਕੁਰੀਤੀਆਂ ਖਤਮ ਕਰਨ ਦਾ ਐਲਾਨ ਵੀ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply