ਪਿੰਡ ਬਾਬੋਵਾਲ ਦੇੇ ਵਿਕਾਸ ਲਈ ਦਿੱਤੇ 38 ਲੱਖ ਤੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚਵਿੰਡਾ ਦੇਵੀ, 18 ਨਵੰਬਰ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਮੋਹਰੀ ਰੋਲ ਅਦਾ ਕਰ ਰਹੇ ਹੋਣ ਦਾ ਦੋਸ਼ ਲਾਇਆ ਅਤੇ ਵਿਕਾਸ ਦੇ ਵੈਰੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਲੋਕਾਂ ਨੂੰ ਚੌਕਸ ਕਰਦਿਆਂ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਮੂਲੋਂ ਪਛਾੜ ਦੇਣ ਦਾ ਸਦਾ ਦਿੱਤਾ ਹੈ।
ਸ: ਮਜੀਠੀਆ ਅੱਜ ਇੱਥੇ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿਖੇ ਵਿਕਾਸ ਕਾਰਜਾਂ ਲਈ 38 ਲਖ ਰੁਪੈ ਦੀ ਗ੍ਰਾਂਟ ਦੇਣ ਅਤੇ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖਣ ਆਏ ਸਨ, ਨੇ ਕਿਹਾ ਕਿ ਜਦ ਜਦ ਵੀ ਪੰਜਾਬ ਦੀ ਸ਼ਾਂਤੀ ਭੰਗ ਹੋਈ ਕਾਂਗਰਸ ਜ਼ਿੰਮੇਵਾਰ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਤਾ ਹਥਿਆਉਣ ਲਈ ਗਲਤ ਨੀਤੀਆਂ ਅਪਣਾਉਂਦੀ ਆਈ ਹੈ। ਉਹਨਾਂ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਨਵੰਬਰ 84’ ਦੇ ਸਿੱਖ ਕਤਲੇਆਮ ਵਿੱਚ ਸ਼ਾਮਿਲ ਕਾਂਗਰਸੀ ਆਗੂਆਂ ‘ਤੇ ਅੱਜ ਤਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਸਵਾਲ ਕੀਤੀ ਕਿ ਜੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਇਮ ਰੱਖਣ ਪ੍ਰਤੀ ਵਾਕਿਆ ਹੀ ਸੁਹਿਰਦ ਹਨ ਤਾਂ ਫਿਰ ੧੦ ਨਵੰਬਰ ਦੇ ਇਕੱਠ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਕਿਉਂ ਦੇਰੀ ਕੀਤੀ ਜਾ ਰਹੀ ਹੈ? ਉਹਨਾਂ ਕਿਹਾ ਕਿ ਕੁੱਝ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤਣੀਆਂ ਚਾਹੁੰਦੀਆਂ ਹਨ, ਜਿਨ੍ਹਾਂ ਦਾ ਪੰਜਾਬ ਦੀ ਤਰੱਕੀ ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਉਹਨਾਂ ਕਿਹਾ ਕਿ ਰਾਜ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਸਰਕਾਰ ਰਾਜ ਦੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧ ਹੈ ਅਤੇ ਦਿਹਾਤੀ ਖੇਤਰਾਂ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਰਕਾਰ ਬੇਰੁਜ਼ਗਾਰੀ ਦੀ ਸਮੱਸਿਆ ਦੂਰ ਕਰਨ ਲਈ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਇੱਕ ਲਖ ਤੋਂ ਵਧ ਅਸਾਮੀਆਂ ‘ਤੇ ਤੁਰੰਤ ਨਵੀਂ ਭਰਤੀ ਕਰਨ ਜਾ ਰਹੀ ਹੈ।
ਇਸ ਮੌਕੇ ਉਹਨਾਂ ਨਾਲ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਸੁਖਵਿੰਦਰ ਸਿੰਘ ਗੋਲਡੀ, ਤਰਸੇਮ ਸਿੰਘ ਸਿਆਲਕਾ, ਧਾਰੀਵਾਲ ਕੁਲਵਿੰਦਰ ਸਿੰਘ, ਗੁਰਜਿੰਦਰ ਸਿੰਘ ਢਪੱਈਆਂ, ਬਲਵਿੰਦਰ ਸਿੰਘ ਬਲੋਵਾਲੀ, ਰਾਜ ਕੁਮਾਰ, ਸਰਪੰਚ ਹਰਨਾਮ ਸਿੰਘ, ਸਾਬਕਾ ਸਰਪੰਚ ਮੰਗਲ ਸਿੰਘ, ਸੂਬਾ ਸਿੰਘ ਸਰਬਜੀਤ ਸਿੰਘ ਬਾਠ, ਗੁਰਦਿਆਲ ਸਿੰਘ ਢਾਹਰੀਕੇ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਭੋਆ ਆਦਿ ਮੌਜੂਦ ਸਨ।
Punjab Post Daily Online Newspaper & Print Media