ਅੰਮ੍ਰਿਤਸਰ, 25 ਨਵੰਬਰ (ਗੁਰਚਰਨ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਮੰਗਣ ਵਾਲੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਸੋਂ ਅਸਤੀਫਾ ਲਵੇ, ਜਿਸ ਨੇ ਲਲਿਤ ਮੋਦੀ ਦੀ ਚਿੱਟੇ ਦਿਨ ਮਦਦ ਕੀਤੀ ਸੀ। ਗੁਰਜੀਤ ਸਿੰਘ ਔਜਲਾ ਨੇ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਤੋਂ ਵੀ ਤਰੁਣ ਚੁੱਘ ਨੂੰ ਅਸਤੀਫਾ ਮੰਗਣ ਦੀ ਮੰਗ ਕੀਤੀ ਹੈ। ਔਜਲਾ ਨੇ ਭਾਜਪਾ ਆਗੂ ਤਰੁਣ ਚੁੱਘ ਨੂੰ ਪੁੱਛਿਆ ਕਿ ਉਹ ਨਸ਼ਿਆਂ ਵਿਰੁੱਧ ਰੌਲਾ ਤਾਂ ਬਹੁਤ ਪਾਂਉਦੇ ਰਹੇ ਹਨ, ਪਰ ਪੰਜਾਬ ਵਿਧਾਨ ਸਭਾ ਵਿੱਚ ਜਦ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਬੇਭਰੋਸਗੀ ਦਾ ਮਦਾ ਲਿਆਂਦਾ ਸੀ ਤਾਂ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ।ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਡਰੱਗਜ਼ ਤੇ ਗੰਭੀਰ ਮੱਸਲੇ ਤੇ ਅਕਾਲੀਆਂ ਨਾਲ ਹੈ। ਔਜਲਾ ਅਨੁਸਾਰ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਤੋਂ ਨਜਦੀਕੀਆਂ ਤੋਂ ਜਦ ਨਸ਼ੇ ਬਰਾਮਦ ਹੋਏ ਸਨ ਤਾਂ ਉਸ ਵੇਲੇ ਤਰੁਣ ਚੁੱਘ ਨੇ ਕਮਲ ਸ਼ਰਮਾ ਤੋਂ ਅਸਤੀਫਾ ਮੰਗਣਾ ਚਾਹੀਦਾ ਸੀ।ਔਜਲਾ ਅਨੁਸਾਰ ਭਾਜਪਾ ਹਾਈ ਕਮਾਂਡ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣ ਰਹੇ ਹਨ ਤਾਂ ਉਸ ਨੇ ਸਿਆਸੀ ਸ਼ਰਾਰਤ ਨਾਲ ਸਵਿਸ ਖਾਤਿਆਂ ਦਾ ਮੁੱਦਾ ਉਛਾਲਿਆ ਹੈ ਤਾਂ ਕੈਪਟਨ ਸਾਹਿਬ ਨੂੰ ਉਲਝਾਇਆ ਜਾ ਸਕੇ। ਪਰ ਕਾਂਗਰਸ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਾਂਗਡੋਰ ਸੌਂਪਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਹਿਣਸ਼ੀਲਤਾ ਦੇ ਮੁੱਦੇ ਤੇ ਘਿਰੀ ਭਾਜਪਾ ਤੇ ਇਸ ਦੇ ਆਗੂ ਬੁਖਲਾਹਟ ਵਿੱਚ ਆ ਕੇ ਮਨਘੜ੍ਹਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਵਿਸ ਖਾਤਿਆਂ ਬਾਰੇ ਅਜੇ ਕੋਈ ਪੜਤਾਲ ਮੁਕੰਮਲ ਨਹੀਂ ਹੋਈ। ਅਜਿਹੇ ਦੋਸ਼ ਪਹਿਲਾਂ ਵੀ ਹੋਰ ਆਗੂਆਂ ਖਿਲਾਫ ਲੱਗਦੇ ਰਹੇ ਹਨ, ਜਿੰਨ੍ਹਾਂ ਚਿਰ ਕੋਈ ਦੋਸ਼ ਸਾਬਤ ਨਹੀਂ ਹੋ ਜਾਂਦਾ ਤੱਦ ਤੱਕ ਅਸਤੀਫਾ ਦੇਣ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ। ਉਨ੍ਹਾਂ ਭਾਜਪਾ ਆਗੂਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਬਿਆਨਬਾਜੀ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਦਿੱਲੀ, ਬਿਹਾਰ ਤੇ ਹੁਣ ਲੋਕ ਸਭਾ ਦੀ ਉਪ ਜਿਮਨੀ ਚੋਣ ਵਿੱਚ ਮੱਧ ਪ੍ਰਦੇਸ਼ ਦੀ ਰਤਲਾਮ ਝਾਬੂਆਂ ਸੀਟ ਹਾਰਨ ਤੋਂ ਪਤਾ ਲਗ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਵਜੂਦ ਦਿਨ-ਬ-ਦਿਨ ਖਤਮ ਹੋ ਰਿਹਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media