ਫਾਜ਼ਿਲਕਾ, 4 ਦਸੰਬਰ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਨੂੰ ਪ੍ਰਫੂਲੱਤ ਕਰਨ ਅਤੇ ਪਸ਼ੂ ਪਾਲਕਾਂ ਦੀ ਆਰਥਿਕਤਾ ਵਿਚ ਸੁਧਾਰ ਕਰਨ ਲਈ ਸਰਕਾਰੀ ਐਮ ਆਰ ਕਾਲਜ ਦੇ ਖੇਡ ਗਰਾਂਊਡ ਵਿਚ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦੀਪ ਪ੍ਰਵਚਲ ਕਰਕੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਅਮ੍ਰਿਤ ਸਿੰਘ ਆਈ.ਏ.ਐਸ. ਅੰਡਰ ਟ੍ਰੇਨਿੰਗ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਸ. ਚਰਨਦੇਵ ਸਿੰਘ ਮਾਨ , ਐਸ.ਡੀ.ਐਮ. ਸ਼੍ਰੀ ਸੁਭਾਸ਼ ਖੱਟਕ , ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਨਰੇਸ਼ ਸਚਦੇਵਾ, ਸ਼੍ਰੀ ਰਜਿੰਦਰ ਕਟਾਰੀਆ ਡਿਪਟੀ ਡਾਇਰੈਕਟਰ ਮੱਛੀ ਪਾਲਣ, ਸ. ਬੀਰ ਪ੍ਰਤਾਪ ਸਿੰਘ ਡਿਪਟੀ ਡਾਇਰੈਕਟਰ ਡੇਅਰੀ ,ਚੇਅਰਪਰਸਨ ਸਰੋਚਨਾ ਪੁਨੀਆ, ਸਤਿੰਦਰ ਸਿੰਘ ਸਵੀ ਕਾਠਪਾਲ ਆਦਿ ਵੀ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਕਿਹਾ ਕਿ ਪਸ਼ੂ ਪਾਲਣ ਪੰਜਾਬ ਦੀ ਵਿਰਾਸਤ ਦਾ ਇਕ ਅਹਿਮ ਅੰਗ ਹੈ ਅਤੇ ਖਾਸ ਤੌਰ ਤੇ ਕਿਸਾਨਾਂ ਦੀ ਆਰਥਿਕਤਾ ਵਿਚ ਵੀ ਇਸ ਦਾ ਮਹੱਤਵਪੂਰਨ ਸਥਾਨ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਸ਼ੂ ਪਾਲਣ ਨੂੰ ਉਤਸਾਹਿਤ ਕਰਨ, ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂ ਪਾਲਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਇੰਨ੍ਹਾਂ ਦੋ ਦਿਨਾਂ ਮੁਕਾਬਲਿਆਂ ਦੌਰਾਨ ਪਸ਼ੂ ਧਨ ਅਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ 53 ਸ਼੍ਰੇਣੀਆਂ ਦੇ ਮੁਕਾਬਲੇ ਹੋਣਗੇ। ਇਨ੍ਹਾਂ ਵਿੱਚ ਸਭ ਤੋਂ ਵਧੀਆ ਨੁੱਕਰੇ ਘੋੜਿਆਂ-ਵਛੇਰਿਆਂ ਦੇ, ਮਾਰਵਾੜੀ ਘੋੜਿਆਂ-ਵਛੇਰਿਆਂ ਦੇ, ਮੁਰ੍ਹਾ ਨਸਲ ਦੇ ਝੋਟਿਆਂ, ਝੋਟੀਆਂ, ਮੱਝਾਂ ਅਤੇ ਕੱਟੀਆਂ ਦੇ, ਨੀਲੀ ਰਾਵੀ ਨਸਲ ਦੇ ਝੋਟਿਆਂ, ਝੋਟੀਆਂ, ਮੱਝਾਂ ਅਤੇ ਕੱਟੀਆਂ ਦੇ, ਦੋਗਲੀ ਨਸਲ ਦੀਆਂ ਗਾਂਵਾਂ, ਵਹਿੜੀਆਂ, ਵੱਛੀਆਂ, ਜਰਸੀ ਕਰਾਸ ਦੀਆਂ ਗਾਂਵਾਂ ਤੇ ਵਹਿੜੀਆਂ ਦੇ, ਸਾਹੀਵਾਲ ਨਸਲ ਦੇ ਸਾਨ੍ਹ, ਗਾਂਵਾਂ, ਵਹਿੜੀਆਂ ਦੇ ਮੁਕਾਬਲਿਆਂ ਤੋਂ ਇਲਾਵਾ ਬੱਕਰਿਆਂ, ਭੇਡੂਆਂ, ਸੂਰਾਂ, ਦੇਸੀ ਮੁਰਗਿਆਂ, ਬੱਤਖਾਂ ਅਤੇ ਟਰਕੀ ਦੇ ਮੁਕਾਬਲੇ ਕਰਵਾਏ ਜਾਣਗੇ। ਦੁੱਧ ਚੁਆਈ ਮੁਕਾਬਲਾ ਮੁਰ੍ਹਾ ਮੱਝਾਂ, ਨੀਲੀ ਰਾਵੀ ਮੱਝਾਂ,ਐਚ.ਐਫ਼ ਕਰਾਸ ਗਾਂਵਾਂ, ਜਰਸੀ ਕਰਾਸ ਗਾਂ ਦੇਸੀ ਨਸਲ ਨਾਲ, ਸਾਹੀਵਾਲ ਗਾਂਵਾਂ ਅਤੇ ਬੱਕਰੀਆਂ ਦੀਆਂ ਸ਼੍ਰੇਣੀਆਂ ਵਿੱਚ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਜੇਤੂ ਜਾਨਵਰਾਂ ਦੇ ਸਾਰੇ ਮਾਲਕਾਂ ਨੂੰ ਸਰਕਾਰ ਵੱਲੋਂ ਕੁੱਲ 5.5 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਪਸ਼ੂ ਪਾਲਕਾਂ ਨੂੰ ਵਿਗਿਆਨਕ ਤਕਨੀਕਾਂ ਨਾਲ ਪਸ਼ੂ ਪਾਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪਸ਼ੂ ਪਾਲਣ ਲਈ ਅਨੇਕਾਂ ਸਬਸਿਡੀਆਂ ਦੇ ਰਹੀ ਹੈ ਅਤੇ ਕਿਸਾਨ ਇੰਨ੍ਹਾਂ ਦਾ ਲਾਭ ਲੈਣ ਲਈ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਕਰਨ।
ਉਦਘਾਟਨੀ ਸਮਾਗਮ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਇਸ ਤੋਂ ਬਾਅਦ ਇਸ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਹੀ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਮੁਕਾਬਲਿਆਂ ਵਿਚ ਜ਼ਿਲ੍ਹੇ ਭਰ ਤੋਂ ਪਹਿਲੇ ਦਿਨ ਹੀ 1400 ਤੋਂ ਵਧ ਜਾਨਵਰਾਂ ਦੀ ਰਜਿਸਟ੍ਰੇਸ਼ਨ ਹੋਈ। ਇਸ ਮੌਕੇ ਆਏ ਪਸ਼ੂ ਪਾਲਕਾਂ ਲਈ ਟੈਂਟ, ਹਰੇ ਚਾਰੇ, ਤੁੜੀ, ਪਾਣੀ ਆਦਿ ਦਾ ਪ੍ਰਬੰਧ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਪਸ਼ੂ ਮੇਲੇ ਦੇ ਆਖਰੀ ਦਿਨ ਕੁੱਤਿਆਂ ਦੇ ਮੁਕਾਬਲੇ ਅਤੇ ਘੋੜੀ ਦਾ ਨਾਚ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੇ। ਮੇਲੇ ਦੇ ਆਖਰੀ ਦਿਨ ਜੇਤੂ ਪਸ਼ੂ ਪਾਲਕਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਕਰਨਗੇ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media