Thursday, March 19, 2026

1 ਜਨਵਰੀ ਨੂੰ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਚੱਲੇਗੀ ਪਹਿਲੀ ਦਰਸ਼ਨ ਯਾਤਰਾ ਰੇਲ

PPN1812201506

ਅੰਮ੍ਰਿਤਸਰ, 18 ਦਸੰੰਬਰ (ਗੁਰਚਰਨ ਸਿੰਘ)- ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਸਰਕਾਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਪਵਿੱਤਰ ਨਗਰੀ ਅੰਮ੍ਰਿਤਸਰ ਤੋਂ 1 ਜਨਵਰੀ 2016 ਨੂੰ ਨਾਂਦੇੜ ਸਾਹਿਬ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਵਿਸ਼ੇਸ਼ ਰੇਲ ਗੱਡੀ ਰਵਾਨਾ ਕਰਕੇ ਕੀਤੀ ਜਾ ਰਹੀ ਹੈ। ਇਹ ਰੇਲ 1000 ਤੋਂ ਵੱਧ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨ ਕਰਵਾਉਣ ਉਪਰੰਤ ਛੇਵੇਂ ਦਿਨ ਵਾਪਸ ਅੰਮ੍ਰਿਤਸਰ ਪਰਤੇਗੀ। ਇਸ ਮੁਫ਼ਤ, ਅਰਾਮਦਾਇਕ ਤੇ ਸੁਖਾਲੀ ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਖਾਣ-ਪੀਣ, ਰਹਿਣ-ਸਹਿਣ ਅਤੇ ਲਿਆਉਣ-ਲਿਜਾਣ ਦਾ ਮੁਕੰਮਲ ਖ਼ਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਪ੍ਰਮੁੱਖ ਸਕੱਤਰ ਟ੍ਰਾਂਸਪੋਰਟ ਪੰਜਾਬ ਸ੍ਰੀ ਆਰ ਵੈਂਕਟਰਤਨਮ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਅਤੇ ਡੀ. ਆਈ. ਜੀ ਬਾਰਡਰ ਰੇਂਜ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੌਜੂਦਗੀ ਵਿੱਚ ਇਸ ਸਬੰਧੀ ਇਥੇ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਰਾਹੀਂ ਹਜ਼ਾਰਾਂ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ 1 ਜਨਵਰੀ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਣ ਵਾਲੀ ਰੇਲ ਗੱਡੀ ਵਿਚ ਅਟਾਰੀ ਹਲਕੇ ਦੀ ਸੰਗਤ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ, ਜਿਸ ਨੂੰ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਰਵਾਨਾ ਕਰਨਗੇ।
ਸ. ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸਿਲਸਿਲਾ ਲਗਾਤਾਰ ਇਕ ਸਾਲ ਜਾਰੀ ਰਹੇਗਾ, ਜਿਸ ਦੌਰਾਨ 117 ਵਿਧਾਨ ਸਭਾ ਹਲਕਿਆਂ ਤੋਂ ਵਿਸ਼ੇਸ਼ ਰੇਲਾਂ ਰਾਹੀਂ ਸ਼ਰਧਾਲੂਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚਲੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਰੇਲਾਂ ਵਾਰਾਨਸੀ ਅਤੇ ਅਜਮੇਰ ਸ਼ਰੀਫ ਲਈ ਵੀ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਵਾਰਾਨਸੀ ਲਈ ਪਹਿਲੀ ਰੇਲ ਜਲੰਧਰ ਰੇਲਵੇ ਸਟੇਸ਼ਨ ਤੋਂ 20 ਜਨਵਰੀ 2016 ਅਤੇ ਅਜਮੇਰ ਸ਼ਰੀਫ ਲਈ ਪਹਿਲੀ ਰੇਲ 29 ਜਨਵਰੀ 2016 ਨੂੰ ਮਾਲੇਰਕੋਟਲਾ ਤੋਂ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰਟਰਡ ਟਰੇਨਾਂ ਅਤੇ ਸ਼ਰਧਾਲੂਆਂ ਦੇ ਆਉਣ-ਜਾਣ, ਖਾਣ-ਪੀਣ ਅਤੇ ਟਰਾਂਸਪੋਰਟ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ 6 ਵਿਸ਼ੇਸ਼ ਰੇਲਾਂ ਵਾਰਾਨਸੀ ਅਤੇ 3 ਰੇਲਾਂ ਅਜਮੇਰ ਸ਼ਰੀਫ ਲਈ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਾਂਦੇੜ ਸਾਹਿਬ ਲਈ ਹਰ ਮਹੀਨੇ 8 ਵਿਸ਼ੇਸ਼ ਰੇਲਾਂ ਚਲਾਈਆਂ ਜਾਣਗੀਆਂ ਅਤੇ ਜਨਵਰੀ ਮਹੀਨੇ ਵਿਚ ਅੰਮ੍ਰਿਤਸਰ ਤੋਂ ਬਾਅਦ 4 ਜਨਵਰੀ ਨੂੰ ਤਲਵੰਡੀ ਸਾਬੋ ਹਲਕੇ ਲਈ ਰੇਲ ਮੌੜ ਰੇਲਵੇ ਸਟੇਸ਼ਨ ਤੋਂ, 8 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ, 11 ਜਨਵਰੀ ਨੂੰ ਖਡੂਰ ਸਾਹਿਬ ਦੀ ਸੰਗਤ ਲਈ ਤਰਨ ਤਾਰਨ ਰੇਲਵੇ ਸਟੇਸ਼ਨ ਤੋਂ, 15 ਜਨਵਰੀ ਨੂੰ ਸਮਾਣਾ ਦੇ ਸ਼ਰਧਾਲੂਆਂ ਲਈ ਪਟਿਆਲਾ ਰੇਲਵੇ ਸਟੇਸ਼ਨ ਤੋਂ, 18 ਜਨਵਰੀ ਨੂੰ ਡੇਰਾ ਬਾਬਾ ਨਾਨਕ ਅਤੇ ਫਤਹਿਗੜ੍ਹ ਚੂੜੀਆਂ ਦੀਆਂ ਸੰਗਤਾਂ ਲਈ ਬਟਾਲਾ ਰੇਲਵੇ ਸਟੇਸ਼ਨ ਤੋਂ, 22 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ ਹਲਕਿਆਂ ਦੇ ਸ਼ਰਧਾਲੂਆਂ ਲਈ ਸ੍ਰੀ ਮੁਕਤਸਰ ਸਾਹਿਬ ਸਟੇਸ਼ਨ ਤੋਂ ਇਲਾਵਾ 25 ਜਨਵਰੀ ਨੂੰ ਕਰਤਾਰਪੁਰ ਅਤੇ ਭੁਲੱਥ ਹਲਕਿਆਂ ਦੇ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲ ਬਿਆਸ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਵਾਰਾਨਸੀ ਲਈ ਦੂਸਰੀ ਵਿਸ਼ੇਸ਼ ਰੇਲ ਗੱਡੀ 27 ਜਨਵਰੀ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ।
ਪ੍ਰਮੁੱਖ ਸਕੱਤਰ ਟ੍ਰਾਂਸਪੋਰਟ ਪੰਜਾਬ ਸ੍ਰੀ ਆਰ ਵੈਂਕਟਰਤਨਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਰੇਲਾਂ ਰਾਹੀਂ ਕੋਈ ਵੀ ਸ਼ਰਧਾਲੂ ਆਪਣਾ ਸ਼ਨਾਖਤ ਦੇ ਸਬੂਤ ਅਤੇ ਅਧਿਕਾਰਤ ਸਿਹਤ ਸੰਸਥਾਵਾਂ ਤੋਂ ਆਪਣਾ ਮੈਡੀਕਲ ਫਿਟਨੈਸ ਸਰਟੀਫਿਕੇਟ ਪੇਸ਼ ਕਰਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਰੇਲਾਂ ਵਿਚ ਸੀਟਾਂ ਲਈ ਕਿਸੇ ਵੀ ਕਿਸਮ ਦੀ ਰਿਜ਼ਰਵੇਸ਼ਨ ਦੀ ਲੋੜ ਨਹੀਂ ਅਤੇ ਇਨ੍ਹਾਂ ਵਿਚ ਸ਼ਰਧਾਲੂਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਬਣਾ ਦਿੱਤੀ ਗਈ ਹੈ, ਤਾਂ ਜੋ 1 ਜਨਵਰੀ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply