ਨਵੀਂ ਦਿੱਲੀ, 23 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਤੇਲੰਗਾਨਾਂ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨ ਬਲਵਿੰਦਰ ਸਿੰਘ ਦੀ ਮੌਤ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਕਾਨੂੰਨੀ ਪੜਤਾਲ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਤੇਲੰਗਾਨਾਂ ਦੇ ਮੁੱਖ ਮੰਤਰੀ ਕੇ.ਚੰਦਰਸੇਖ਼ਰ ਰਾਵ ਨੂੰ ਇਸ ਸਬੰਧ ਵਿੱਚ ਵੱਖ-ਵੱਖ ਪੱਤਰ ਲਿਖੇ ਹਨ। ਜੀ.ਕੇ. ਨੇ ਕਮਿਸ਼ਨ ਨੂੰ ਲਿਖੇ ਆਪਣੇ ਪੱਤਰ ਵਿੱਚ ਪੁਲੀਸ ਅਧਿਕਾਰੀ ਵਿਜੈਸਰਾਧੀ ਵੱਲੋਂ ਸਿੱਧਾ ਨੌਜਵਾਨ ਨੂੰ ਗੋਲੀ ਮਾਰਨ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਦੇ ਹੋਏ ਜੰਗਲ ਤੋਂ ਗਲਤੀ ਨਾਲ ਸ਼ਹਿਰ ਵੱਲ ਆ ਜਾਉਣ ਵਾਲੇ ਕਿਸੇ ਹਿੰਸਕ ਜਾਨਵਰ ਤੇ ਪੁਲੀਸ ਜਾਂ ਜੰਗਲਾਤ ਮਹਿਕਮੇ ਦੇ ਅਫਸਰਾਂ ਵੱਲੋਂ ਰਬੜ ਦੀ ਗੋਲੀ ਪਹਿਲਾ ਚਲਾਉਣ ਦੀ ਪੁਰਾਣੀ ਮਾਨਸਿਕਤਾ ਦਾ ਵੀ ਹਵਾਲਾ ਦਿੱਤਾ ਹੈ। ਜੀ.ਕੇ. ਨੇ ਸਵਾਲ ਕੀਤਾ ਕਿ ਜੇਕਰ ਹਿੰਸਕ ਜਾਨਵਰ ਨੂੰ ਰਬੜ ਦੀ ਗੋਲੀ ਨਾਲ ਕਾਬੂ ਕੀਤਾ ਜਾ ਸਕਦਾ ਹੈ ਤਾਂ ਦਿਮਾਗੀ ਪਰੇਸ਼ਾਨ ਨੌਜਵਾਨ ਨੂੰ ਫੜਨ ਵਾਸਤੇ ਗੋਲੀ ਚਲਾਉਣ ਦੀ ਕੀ ਲੋੜ ਸੀ ? ਜੀ.ਕੇ. ਨੇ ਪੁਲੀਸ ਦੀ ਕਾਰਵਾਈ ਨੂੰ ਬੇਲੋੜਾ ਦੱਸਦੇ ਹੋਏ ਪੁਲੀਸ ਵੱਲੋਂ ਅਥਰੂ ਗੈਸ, ਰਬੜ ਦੀ ਗੋਲੀ ਜਾਂ ਮਜ਼ਬੂਰੀ ਵਿੱਚ ਨੌਜਵਾਨ ਨੂੰ ਫੜਨ ਵਾਸਤੇ ਪੈਰ ਤੇ ਗੋਲੀ ਮਾਰਨ ਦੇ ਮੌਜ਼ੂਦ ਸਾਧਨਾਂ ਦੀ ਵਰਤੋਂ ਨਾ ਕਰਨ ਨੂੰ ਵੀ ਗੰਭੀਰ ਮਸਲਾ ਦੱਸਣ ਦੇ ਨਾਲ ਹੀ ਦੋਸ਼ੀ ਪੁਲੀਸ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਮੁਖਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਜੀ.ਕੇ. ਨੇ ਦੋਸ਼ੀ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਲਈ ਹਾਈ ਕੋਰਟ ਦੇ ਸਾਬਕਾ ਜੱਜ਼ ਦੀ ਅਗਵਾਹੀ ਹੇਠ ਜਾਂਚ ਕਮਿਸ਼ਨ ਬਣਾਉਣ ਦੀ ਵੀ ਮੰਗ ਕੀਤੀ ਹੈ। ਜੀ.ਕੇ. ਨੇ ਬੱਚਿਆਂ ਨੂੰ ਉ-ਚ ਸਿੱਖਿਆ ਦਿਵਾਉਣ ਵਾਸਤੇ ਮਾਤਾ-ਪਿਤਾ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਸਲਾਘਾ ਕਰਦੇ ਹੋਏ ਇਸ ਘਟਨਾਂ ਤੋਂ ਬਾਅਦ ਬੱਚਿਆਂ ਤੇ ਆਪਣੀ ਚਾਹਤ ਦਾ ਮਾਨਸਿਕ ਦਬਾਵ ਨਾ ਪਾਉਣ ਦੀ ਵੀ ਮਾਤਾ-ਪਿਤਾ ਨੂੰ ਸਲਾਹ ਦਿੱਤੀ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media