ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)-ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਖਿਲਾਫ਼ ਲਗਾਏ ਜਾ ਰਹੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ (ਡੀ. ਡੀ. ਸੀ. ਏ.) ਵਿੱਚ ਘਪਲਿਆਂ ਦੇ ਦੋਸ਼ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਹਨ। ਇਹ ਬਿਆਨ ਅੱਜ ਜਾਰੀ ਕਰਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸ੍ਰੀ ਜੇਤਲੀ ਹੀ ਹਮੇਸ਼ਾਂ ਸੌੜੀ ਰਾਜਨੀਤੀ ਤੋਂ ਉੱਪਰ ਉਠ ਕੇ ਕੰਮ ਕਰਦੇ ਹਨ ਅਤੇ ਕਿਸੇ ਘਪਲੇ ਵਿੱਚ ਉਨ੍ਹਾਂ ਦਾ ਸ਼ਾਮਿਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਸਿਆਸਤ ਵਿੱਚ ਗਿਰਾਵਟ ਇਸ ਹੱਦ ਤੱਕ ਹੈ ਕਿ ਵਿਰੋਧੀ ਧਿਰਾਂ ਜੇਤਲੀ ਦੁਆਰਾ ਕ੍ਰਿਕੇਟ ਨੂੰ ਨਾ ਸਿਰਫ਼ ਦਿੱਲੀ, ਸਗੋਂ ਪੂਰੇ ਦੇਸ਼ ਭਰ ਵਿੱਚ ਉਤਸ਼ਾਹਿਤ ਕਰਨ ਵਾਲੇ ਇਕ ਇਮਾਨਦਾਰ ਨੇਤਾ ਨੂੰ ਸਿਆਸੀ ਕਾਰਨਾਂ ਤਹਿਤ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਇਸ ਵੇਲੇ ਕੋਈ ਵੀ ਮੁੱਦਾ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾ ਹੋਣ ਕਾਰਨ ਉਹ ਇਸ ਤਰ੍ਹਾਂ ਦੇ ਤੱਥ ਵਹੀਨ ਬਿਆਨਬਾਜ਼ੀਆਂ ‘ਤੇ ਉਤਰ ਆਈਆਂ ਹਨ। ਸ: ਛੀਨਾ ਨੇ ਆਪਣੀ ਪਾਰਟੀ ਦੇ ਮੁਅੱਤਲ ਕੀਤੇ ਗਏ ਐੱਮ. ਪੀ. ਕੀਰਤੀ ਅਜ਼ਾਦ ‘ਤੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਜ਼ਾਦ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਲਈ ਸ੍ਰੀ ਜੇਤਲੀ ‘ਤੇ ਅਣਲੋੜੀਂਦੇ ਹਮਲੇ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜੇਤਲੀ ਇਕ ਇਮਾਨਦਾਰੀ ਰਾਜਨੀਤਿਕ ਆਗੂ ਹਨ, ਜੋ ਕਿ ਇਕ ਉੱਘੇ ਵਕੀਲ ਹਨ ਤੇ ਰਾਜਨੀਤੀ ਵਿੱਚ ਪੈਸਾ ਕਮਾਉਣ ਦੇ ਮਕਸਦ ਨਾਲ ਨਹੀਂ, ਸਗੋਂ ਲੋਕ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਸਨ।
ਉਨ੍ਹਾਂ ਕਿਹਾ ਕਿ ਜਾਣਬੁਝ ਕੇ ਇਕ ਨਕਾਰਾਤਮਿਕ ਰਾਜਨੀਤਿਕ ਖੇਡੀ ਜਾ ਰਹੀ ਹੈ ਅਤੇ ਇਹ ਡੀ. ਡੀ. ਸੀ. ਏ. ਦਾ ਮੁੱਦਾ ਜੋ ਕਿ ਕਾਂਗਰਸ ਦੀ ਯੂ. ਪੀ. ਏ. ਸਰਕਾਰ ਸਮੇਂ ਦਾ ਹੈ, ਉਜਾਗਰ ਕਰਕੇ ਮੋਦੀ ਸਰਕਾਰ ‘ਤੇ ਹਮਲੇ ਦੀ ਕੋਸ਼ਿਸ਼ ਹੈ, ਜੋ ਕਿ ਪੂਰੀ ਤਰ੍ਹਾਂ ਨਾਕਾਮ ਸਿੱਧ ਹੋ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਆਪ ਅਤੇ ਕਾਂਗਰਸ ਪਾਰਟੀ ਦੋਵੇਂ ਇਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਇਕ-ਦੂਸਰੇ ਦੀ ਏ ਅਤੇ ਬੀ ਟੀਮ ਵਜੋਂ ਸਾਂਝੇ ਤੌਰ ‘ਤੇ ਕੇਂਦਰ ਸਰਕਾਰ ‘ਤੇ ਹਮਲੇ ਕਰ ਰਹੇ ਹਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media