
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਪੂਰਨ ਰੂਪ ਵਿਚ ਕੂੜਾ ਮੁਕਤ ਬਣਾਉਣ ਦੀ ਗੱਲ ਦੁਹਰਾਉਂਦਿਆਂ ਅੱਜ ਕਿਹਾ ਕਿ ਆਉਂਦੇ ਡੇਢ ਸਾਲ ‘ਚ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੰਪਨੀ ਵਲੋਂ ਸਰਵੇ ਜਾਰੀ ਹੈ ਜੋ ਕਿ ਜਲਦ ਹੀ ਘਰ-ਘਰ ਚੋਂ ਕੂੜਾ ਚੁੱਕਣ ਦਾ ਕੰਮ ਆਰੰਭ ਕਰੇਗੀ।
ਸ੍ਰੀ ਜੋਸ਼ੀ ਅੱਜ ਇਥੇ ਸ੍ਰੀ ਪ੍ਰਦੀਪ ਸਭਰਵਾਲ, ਕਮਿਸ਼ਨਰ, ਨਗਰ ਨਿਗਮ ਅੰਮ੍ਰਿਤਸਰ ਨੂੰ ਅੰਦਰੂਨੀ ਸ਼ਹਿਰ ਦੀ ਮੁਕੰਮਲ ਸਾਫ-ਸਫਾਈ ਲਈ ਲੋੜੀਂਦੀ ਅਤਿ ਆਧੁਨਿਕ ਮਸ਼ੀਨਰੀ ਦੀ ਖਰੀਦ ਲਈ ਐਲਾਨੇ 8.16 ਕਰੋੜ ਦੀ ਰਾਸ਼ੀ ਦਾ 50 ਫੀਸਦੀ ਹਿੱਸਾ 4.8 ਕਰੋੜ ਰੁਪਏ ਦਾ ਚੈੱਕ ਦੇਣ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਇੱਕ ਸਵਾਲ ਦੇ ਜਵਾਬ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ 25 ਜਨਵਰੀ ਤੋਂ ਅੰਮ੍ਰਿਤਸਰ ਸ਼ਹਿਰ ਵਿਚ ਠੋਸ ਰਹਿੰਦ ਖੂੰਹਦ ਪ੍ਰਬੰਧਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਸ਼ਰੂਆਤ ਲਈ ਇਸ ਖੇਤਰ ਦੀ ਨਾਮੀ ਕੰਪਨੀ ਐਸਲ ਇੰਫਰਾ ਪ੍ਰਾਜੈਕਟਸ ਦੀ ਟੀਮ ਸ਼ਹਿਰ ਵਿਚ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ੧੮ ਮਹੀਨਿਆਂ ਵਿਚ ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤਾ ਜਾਵੇਗਾ ਜਿਸ ਪਿੱਛੋਂ ਇਹ ਸ਼ਹਿਰ ਮੁਕੰਮਲ ਤੌਰ ‘ਤੇ ਕੂੜਾ ਮੁਕਤ ਹੋ ਜਾਵੇਗਾ।
ਅੰਮ੍ਰਿਤਸਰ ਸ਼ਹਿਰ ਨੂੰ ਦੇਸ਼ ਅੰਦਰ ਸਫਾਈ ਅਤੇ ਸੁੰਦਰਤਾ ਦੇ ਖੇਤਰ ਵਿੱਚ ਇਕ ਨਮੂਨੇ ਦਾ ਸ਼ਹਿਰ ਵਿਕਸਤ ਕਰਨ ਦੇ ਵਾਅਦੇ ਨੂੰ ਦੁਹਰਾਉਂਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਅੰਮ੍ਰਿਤਸਰ ਨੂੰ ਸਰਕਾਰ ਪਾਸੋਂ ਲੋੜੀਂਦੀ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਲੋੜੀਂਦੇ ਫੰਡ ਵੀ ਸਮੇਂ ਸਿਰ ਮਿਲਣਗੇ।ਸ੍ਰੀ ਜੋਸ਼ੀ ਨੇ ਕਿਹਾ ਕਿ ਅੱਜ ਦਿੱਤੀ ਗਈ 4.8 ਕਰੋੜ ਦੀ ਰਾਸ਼ੀ ਨਾਲ ਨਗਰ ਨਿਗਮ ਵਲੋਂ ਸਫਾਈ ਲਈ ਲੋੜੀਂਦੀਆਂ ਮਸ਼ੀਨਾਂ ਖਰੀਦੀਆਂ ਜਾਣਗੀਆਂ ਤਾਂ ਜੋ ਸ਼ਹਿਰ ਅੰਦਰ ਸਫਾਈ ਪ੍ਰਬੰਧਾਂ ਦੀ ਰਫਤਾਰ ਨੂੰ ਹੋਰ ਤੇਜ ਕੀਤਾ ਜਾ ਸਕੇ।
Punjab Post Daily Online Newspaper & Print Media