Wednesday, April 29, 2026

ਮਿਡ-ਡੇ-ਮੀਲ ਵਰਕਰਾਂ ਨੇ ਸਾੜਿਆ ਬਾਦਲ ਦਾ ਪੁਤਲਾ

ਜੰਡਿਆਲਾ ਗੁਰੂ/ਗਹਿਰੀ ਮੰਡੀ, 21 ਜਨਵਰੀ (ਹਰਿੰਦਰਪਾਲ ਸਿੰਘ, ਡਾ. ਨਰਿੰਦਰ ਸਿੰਘ) – ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਅੱਜ ਹਰਜਿੰਦਰ ਕੌਰ ਦੀ ਅਗਵਾਈ ਹੇਠ ਕਸਬਾ ਗਹਿਰੀ ਮੰਡੀ ਵਿਖੇ ਮੀਟਿੰਗ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਗਰੀਬ ਮਿਡ ਡੇ ਮੀਲ ਵਰਕਰਾਂ ਖਿਲਾਫ਼ ਕੀਤੇ ਜਾਂਦੇ ਵਿਤਕਰੇ ਵਿਰੁੱਧ ਆਵਾਜ਼ ਨੂੰ ਲੋਕ ਕਚਿਹਰੀ ਵਿੱਚ ਲੈਕੇ ਜਾਣ ਲਈ 7 ਫਰਵਰੀ ਐਤਵਾਰ ਨੂੰ ਖਡੂਰ ਸਾਹਿਬ ਵਿਖੇ ਸੂਬਾਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਇਕੱਤਰ ਹੋਈਆਂ ਮਿਡ-ਡੇ-ਮੀਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਆਗੂ ਹਰਜਿੰਦਰ ਕੌਰ ਅਤੇ ਸਾਂਝੇ ਮੁਲਾਜ਼ਮ ਮੋਰਚੇ ਦੇ ਆਗੂ ਜਰਮਨਜੀਤ ਸਿੰਘ ਤੇ ਪ੍ਰਕਾਸ਼ ਸਿੰਘ ਥੋਥੀਆਂ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਪਿਛਲੇ ਚਾਰ ਸਾਲ ਤੋਂ ਵਰਕਰਾਂ ਦੇ ਮਿਹਨਤਾਨੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ 1200 ਰੁਪਏ ਦੇ ਹਿਸਾਬ ਨਾਲ ਸਾਲ ਵਿੱਚ ਸਿਰਫ 10 ਮਹੀਨੇ ਤਨਖਾਹ ਦਿੱਤੀ ਜਾਂਦੀ ਹੈ, ਜਦਕਿ ਕੰਮ 11 ਮਹੀਨੇ ਲਿਆ ਜਾਂਦਾ ਹੈ।ਉਹਨਾ ਨੇ ਮੰਗ ਕੀਤੀ ਕਿ ਉਹਨਾ ਨੂੰ ਘੱਟੋ-ਘੱਟ ਉਜ਼ਰਤਾਂ ਦੇ ਕਾਨੂਨ ਤਹਿਤ 7500 ਰੁਪਏ ਤਨਖਾਹ ਦਿੱਤੀ ਜਾਵੇ, 2 ਮਹੀਨਿਆਂ ਦੀ ਤਨਖਾਹ ਕੱਟਣੀ ਬੰਦ ਕੀਤੀ ਜਾਵੇ, ਛਾਂਟੀ ਕੀਤੀਆਂ ਵਰਕਰਾਂ ਨੂੰ ਬਹਾਲ ਕੀਤਾ ਜਾਵੇ, ਖਾਣਾ ਪਕਾਉਣ ਤੋਂ ਬਗੈਰ ਜਬਰੀ ਲਏ ਜਾਂਦੇ ਕੰਮ ਬੰਦ ਕੀਤੇ ਜਾਣ, ਹਰੇਕ ਕਿਸਮ ਦੀਆਂ ਛੁੱਟੀਆਂ ਦਿੱਤੀਆਂ ਜਾਣ ਅਤੇ ਵਰਕਰਾਂ ਦਾ 2 ਲੱਖ ਦਾ ਬੀਮਾ ਕੀਤਾ ਜਾਵੇ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਪਿੰਕੀ ਮਾਨਾਵਾਲਾ, ਮਨਜੀਤ ਕੌਰ ਮਾਨਾਵਾਲਾ, ਨਿਰਮਲ ਕੌਰ ਮਿਹਰਬਾਨਪੁਰਾ, ਹਰਜੀਤ ਕੌਰ ਮਿਹਰਬਾਨਪੁਰਾ, ਬਲਵਿੰਦਰ ਕੌਰ ਭੰਗਵਾਂ, ਬਲਜਿੰਦਰ ਕੌਰ ਗੁਨੋਵਾਲ, ਸੁਖਵਿੰਦਰ ਕੌਰ ਨਵਾਂਕੋਟ, ਰਣਜੀਤ ਕੌਰ ਦੇਵੀਦਾਸਪੁਰਾ, ਰਾਜਵਿੰਦਰ ਕੌਰ ਮੱਲੀਆਂ, ਕੁਲਵੰਤ ਕੌਰ ਨਰੈਣਗੜ੍ਹ ਅਤੇ ਅਮਰਜੀਤ ਕੌਰ ਗਹਿਰੀ ਨੇ ਵੀ ਸੰਬੋਧਨ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply