Sunday, October 6, 2024

ਸਰਹੱਦੀ ਖੇਤਰ ਦੇ ਨੌਜਵਾਨਾਂ ਲਈ ਵਰਦਾਨ ਸਿੱਧ ਹੋ ਰਿਹੈ ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ – ਰਣੀਕੇ

PPN2101201609

ਅੰਮ੍ਰਿਤਸਰ, 21 ਜਨਵਰੀ (ਗੁਰਚਰਨ ਸਿੰਘ)- ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਹੁਨਰ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਆਧੁਨਿਕ ਕਟਿੰਗ ਤੇ ਟੇਲਰਿੰਗ ਸੈਂਟਰ ਦਾ ਉਦਘਾਟਨ ਕੀਤਾ। ਨਵੇਂ ਬਣੇ ਬੀ. ਡੀ. ਪੀ. ਓ ਦਫ਼ਤਰ ਵਿਖੇ ਸ਼ੁਰੂ ਕੀਤੇ ਗਏ ਇਸ ਸੈਂਟਰ ਤੋਂ ਟ੍ਰੇਨਿੰਗ ਦਿਵਾਉਣ ਤੋਂ ਬਾਅਦ ਸਰਹੱਦੀ ਖੇਤਰ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਲੁਧਿਆਣਾ ਦੀਆਂ ਕੱਪੜਾ ਸਨਅਤ ਇਕਾਈਆਂ ਵਿਚ ਸਿੱਧਾ ਰੁਜ਼ਗਾਰ ਦਿਵਾਇਆ ਜਾਵੇਗਾ। ਇਸ ਮੌਕੇ ਆਈ. ਏ. ਐਸ ਡਾ. ਪ੍ਰੀਤੀ ਯਾਦਵ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਜੋ ਕਿ ਹੁਨਰ ਵਿਕਾਸ ਪ੍ਰੋਗਰਾਮ ਸਬੰਧੀ ਨੀਤੀ ਆਯੋਗ ਭਾਰਤ ਸਰਕਾਰ ਵਿਚ ਬਤੌਰ ਕਨਵੀਨਰ ਹਨ, ਦਾ ਇਕ ਸੁਪਨਈ ਪ੍ਰਾਜੈਕਟ ਹੈ ਜਿਸ ਤਹਿਤ ਸਰਹੱਦੀ ਇਲਾਕੇ ਦੇ ਨੌਜਵਾਨਾਂ ਲਈ ਹੁਨਰ ਵਿਕਾਸ ਉਨਤ ਕਰਨ ਹਿੱਤ ਬੱਜਟ ਦਾ ਉਪਬੰਧ ਕੀਤਾ ਗਿਆ ਹੈ ਜਿਸ ਨਾਲ ਸਰਹੱਦੀ ਖੇਤਰ ਦੇ ਨੌਜਵਾਨ ਨਾ ਕੇਵਲ ਨਸ਼ਿਆਂ ਤੋਂ ਦੂਰ ਰਹਿਣਗੇ ਬਲਕਿ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਵੀ ਖੜ੍ਹੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੁਣ ਤੱਕ ਵੱਖ-ਵੱਖ ਟਰੇਡਾਂ ਵਿਚ ਸੈਂਕੜੇ ਲੜਕੇ-ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ, ਜਿਸ ਵਿਚ ਕਟਿੰਗ ਅਤੇ ਟੇਲਰਿੰਗ, ਫੈਸ਼ਨ ਡਿਜ਼ਾਈਨਿੰਗ, ਬਿਊਟੀ ਕਲਚਰ, ਮੋਬਾਈਲ ਰਿਪੇਅਰ, ਇਲੈਕਟ੍ਰੀਕਲ ਮੋਟਰ ਬਾਇੰਡਿੰਗ ਅਤੇ ਕੰਪਿਊਟਰ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਬੱਚੇ ਨੌਕਰੀਆਂ ਹਾਸਲ ਕਰਨ ਜਾਂ ਆਪਣੇ ਕਾਰੋਬਾਰ ਸਥਾਪਿਤ ਕਰਨ ਵਿਚ ਸਫਲ ਹੋਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਅਟਾਰੀ ਵਿਚ ਬਾਰਡਰ ਏਰੀਆ ਵਿਕਾਸ ਪ੍ਰੋਗਰਾਮ ਤਹਿਤ ਬਲਾਕ ਅਟਾਰੀ ਵਿਚ ਹੁਣ ਤੱਕ 600 ਤੋਂ ਵੱਧ ਲਾਭਪਾਤਰੀਆਂ ਨੂੰ ਵੱਖ-ਵੱਖ ਕਿੱਤਿਆਂ ਵਿਚ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਬਲਾਕ ਵਿਚ ਕਟਿੰਗ ਤੇ ਟੇਲਰਿੰਗ ਦੇ ਨਾਲ-ਨਾਲ ਹੈਂਡ ਇਮਬਰਾਇਡਰੀ ਤੇ ਫੁਲਕਾਰੀ ਅਤੇ ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਟਰੇਡ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਥੋਂ ਟ੍ਰੇਨਿੰਗ ਦਿਵਾਉਣ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।
ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਕਿਹ ਕਿ ਸਰਹੱਦੀ ਏਰੀਆ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਰਹਿਨੁਮਾਈ ਹੇਠ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਦੇ ਸਹਿਯੋਗ ਨਾਲ 2000 ਦੇ ਕਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਜਲਦ ਹੀ ਦੋ ਵੱਡੇ ਹੁਨਰ ਵਿਕਾਸ ਕੇਂਦਰ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਇਕ 2000 ਬੱਚਿਆਂ ਦਾ ਇਕ ਹੁਨਰ ਵਿਕਾਸ ਕੇਂਦਰ ਅਤੇ ਇਕ ਸਿਹਤ ਵਿਕਾਸ ਕੇਂਦਰ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਅਟਾਰੀ ਵਿਖੇ ਸ਼ੁਰੂ ਕੀਤੇ ਗਏ ਇਸ ਹੁਨਰ ਵਿਕਾਸ ਕੇਂਦਰ ਵਿਚ ਆਧੁਨਿਕ ਤਕਨੀਕ ਰਾਹੀਂ ਕਟਿੰਗ ਤੇ ਟੇਲਰਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿਚ 19 ਆਧੁਨਿਕ ਜਾਪਾਨੀ ਮਸ਼ੀਨਾਂ ਲਗਾਈਆਂ ਹਨ, ਜਿਨ੍ਹਾਂ ਵਿਚ ਸਟਿਚਿੰਗ, ਬਟਨ ਹੋਲ, ਓਵਰਲੌਕ, ਕਟਿੰਗ ਅਤੇ ਸਿਲਾਈ ਮਸ਼ੀਨਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਨੌਜਵਾਨਾਂ, ਵਿਸ਼ੇਸ਼ ਕਰ ਲੜਕੀਆਂ ਲਈ ਆਪਣੇ ਆਪ ‘ਤੇ ਨਿਰਭਰ ਹੋਣ ਜਾਂ ਰੁਜ਼ਗਾਰ ਲੈਣ ਲਈ ਰੀੜ ਦੀ ਹੱਡੀ ਦਾ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਉਮੀਦਵਾਰਾਂ ਨੂੰ ਸਿਖਲਾਈ ਦਿਵਾ ਕੇ ਲੁਧਿਆਣਾ ਵਿਖੇ ਰੁਜ਼ਗਾਰ ਦਿਵਾਇਆ ਜਾਵੇਗਾ ਜਿਸ ਲਈ ਉਥੋਂ ਦੀਆਂ ਕੱਪੜਾ ਸਨਅਤੀ ਇਕਾਈਆਂ ਨੇ ਸਹਿਮਤੀ ਪ੍ਰਗਟਾਈ ਹੈ।’ਨਿਕਟੋਨ’ ਦੇ ਏ. ਜੀ. ਐਮ ਸ੍ਰੀ ਵਿਜੇ ਅਰੋੜਾ ਨੇ ਇਸ ਮੌਕੇ ਦੱਸਿਆ ਕਿ ਨਿਕਟੋਨ ਵੱਲੋਂ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਨੂੰ 10 ਹਜ਼ਾਰ ਰੁਪਏ ਦੀ ਗ੍ਰਾਂਟ ਆਪਣਾ ਕੋਈ ਵੀ ਰੁਜ਼ਗਾਰ ਸ਼ੁਰੂ ਕਰਨ ਲਈ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਸਾਈਕਲ ਮੁਹੱਈਆ ਕਰਵਾਏ ਜਾਂਦੇ ਹਨ। ਇਸ ਮੌਕੇ ਬੈਮਫਿਕੋ ਦੇ ਚੇਅਰਬਮੈਨ ਅਮਨਦੀਪ ਸਿੰਘ ਸਿਆਲਕਾ, ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਦੇ ਖੋਜ ਅਫ਼ਸਰ ਸ. ਚਰਨਜੀਤ ਸਿੰਘ, ਚੇਅਰਮੈਨ ਲਾਲੀ, ਬੀ. ਡੀ. ਪੀ. ਓ ਅਟਾਰੀ ਲਖਬੀਰ ਸਿੰਘ ਰੰਧਾਵਾ, ਸ੍ਰੀ ਸੁਨੀਲ ਕੁਮਾਰ, ਪਿੰਡਾਂ ਦੇ ਸਰਪੰਚ ਅਤੇ ਇਲਾਕੇ ਦੀਆਂ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply