Saturday, March 7, 2026

ਸਾਬਕਾ ਮੰਤਰੀ ਜੱਸੀ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਾਰਡਾਂ ਵਿੱਚ ਮੀਟਿੰਗਾਂ ਸ਼ੁਰੂ

ਬਠਿੰਡਾ, 24 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਧਾਨ ਸਭਾ ਚੋਣਾਂ ਨਜਦੀਕ ਆਉਂਦੀਆਂ ਦੇਖ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਵੱਖ-ਵੱਖ ਵਾਰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਦੇ ਹੋਏ ਬੂਥ ਪੱਧਰ ਤੇ 21-21 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨੇ ਦੱਸਿਆ ਕਿ ਸ਼ਹਿਰ ਦੇ 50 ਵਾਰਡਾਂ ਅਧੀਨ ਆਉਂਦੇ 202 ਬੂਥਾਂ ਤੇ 21-21 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ 10-10 ਮੈਂਬਰ ਯੂਥ ਕਾਂਗਰਸ, 3-3 ਮੈਂਬਰ ਮਹਿਲਾ ਵਿੰਗ ਸਮੇਤ ਅਹੁਦੇਦਾਰ ਲਾਏ ਗਏ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੂਥ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਅਗਲੀਆਂ ਡਿਊਟੀਆਂ ਲਾਈਆਂ ਜਾਣਗੀਆਂ।ਸਾਬਕਾ ਮੰਤਰੀ ਨੇ ਇਸ ਮੌਕੇ ਵਾਰਡ ਮੀਟਿੰਗਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਤਾ ਤੇ ਪਿਛਲੇ 9 ਸਾਲਾਂ ਤੋਂ ਕਾਬਜ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਨੂੰ ਵਿਕਾਸ ਪੱਖੋਂ ਬਰਬਾਦ ਕਰਕੇ ਰੱਖ ਦਿੱਤਾ ਹੈ, ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸਾ ਨਹੀਂ, ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਕਿਸਾਨਾਂ ਸਿਰ 70 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਕਰਜਾ ਚੜ੍ਹ ਚੁੱਕਿਆ ਹੈ ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਉਥੇ ਹੀ ਵਪਾਰੀਆਂ ਨੂੰ ਵੀ ਟੈਕਸ ਅਤੇ ਸੈਸ ਦੀ ਮਾਰ ਪਾਈ ਜਾ ਰਹੀ ਹੈ। ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਬੇਰੁਜ਼ਗਾਰ ਮਰਨ ਵਰਤ ਤੇ ਬੈਠੇ ਹਨ ਤੇ ਹੱਕ ਮੰਗਣ ਵਾਲਿਆਂ ਨੂੰ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੀਵਰੇਜ ਅਤੇ ਪਾਣੀ ਬਿੱਲਾਂ ਨੂੰ ਬਿਜਲੀ ਬਿੱਲਾਂ ਵਿੱਚ ਜੋੜਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ 3 ਫਰਵਰੀ ਤੱਕ ਇਸ ਫੈਸਲੇ ਨੂੰ ਰੱਦ ਨਾ ਕੀਤਾ ਤਾਂ ਨਗਰ ਨਿਗਮ ਦੇ ਕਮਿਸ਼ਨ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਕਿਉਂਕਿ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਚਹੁੰ ਮੁਖੀ ਵਿਕਾਸ ਦੇ ਦਾਅਵੇ ਤਾਂ ਕਰ ਰਹੀ ਹੈ ਪਰ ਜਮੀਨੀ ਹਾਲਾਤ ਇਹ ਹਨ ਕਿ ਲਾਈਨੋਪਾਰ ਇਲਾਕੇ ਦੀ ਸਵਾ ਲੱਖ ਆਬਾਦੀ ਨੂੰ ਹਾਲੇ ਤੱਕ ਲੋਕਲ ਬੱਸ ਸੇਵਾ ਸਹੂਲਤ ਹੀ ਨਹੀਂ ਮਿਲ ਸਕੀ, ਨਾ ਹੀ ਸੀਵਰੇਜ ਸਿਸਟਮ ਅਤੇ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਮੁਹੱਈਆ ਹੋਈ ਹੈ। ਉਨ੍ਹਾਂ ਤ੍ਰਿਵੇਣੀ ਕੰਪਨੀ ਅਧੀਨ ਸੀਵਰੇਜ ਦੇ ਚਲ ਰਹੇ ਪ੍ਰੋਜੈਕਟਾਂ ਦੀ ਉਚ ਪੱਧਰੀ ਜਾਂਚ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਨਤਾ ਤੋਂ ਟੈਕਸਾਂ ਰਾਹੀਂ ਲਏ ਪੈਸੇ ਸਹੀ ਤਰੀਕੇ ਨਾਲ ਖਰਚ ਨਹੀਂ ਕੀਤੇ ਜਾ ਰਹੇ ਅਤੇ ਘਪਲੇਬਾਜੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਬੰਧਨ ਦਾ ਬਿਸਤਰਾ ਗੋਲ ਕਰਕੇ ਕਾਂਗਰਸ ਦੀ ਸਰਕਾਰ ਬਣੇਗੀ ਜਿਸ ਵਿੱਚ ਜਨਤਾ ਨੂੰ ਪੂਰਨ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਮੌਕੇ ਮੋਹਨ ਲਾਲ ਝੁੰਬਾ ਪ੍ਰਧਾਨ ਜਿਲ੍ਹਾ ਕਾਂਗਰਸ ਸ਼ਹਿਰੀ, ਜਨਰਲ ਸੈਕਟਰੀ ਰੁਪਿੰਦਰ ਬਿੰਦਰਾ, ਇਕਬਾਲ ਢਿੱਲੋਂ, ਕੌਂਸਲਰ ਰਾਜਾ ਸਿੰਘ, ਬੇਅੰਤ ਰੰਧਾਵਾ, ਰਾਮ ਦਾਸ ਐਮਸੀ, ਸੁਖਦੇਵ ਸੁੱਖਾ ਐਮਸੀ, ਹਰੀ ਓਮ, ਸੁਰਿੰਦਰ ਗੁਪਤਾ, ਜਗਜੀਤ ਗਿੱਲਪੱਤੀ, ਰੋਕੀ ਸ਼ਰਮਾ, ਗੁਰਮੀਤ ਸਿੱਧੂ, ਜਸਵੰਤ ਗੋਲਡੀ ਆਦਿ ਵਰਕਰ ਅਤੇ ਅਹੁਦੇਦਾਰ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply