ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਆਪਣੇ ਚੌਥੇ ਸਾਲਾਨਾਂ ਸਮਾਗਮ ਦੀ ਸਫ਼ਲਤਾ ਅਤੇ ਲੋਕ ਲਹਿਰ ਨੂੰ ਜੋੜਣ ਲਈ ਪਿੰਡ ਪਿੰਡ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸਮਾਜ ਵਿਚ ਫੈਲ ਰਹੀਆਂ ਨਸ਼ਿਆਂ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਉੱਚਕੋਟੀ ਦੇ ਪ੍ਰਚਾਰਕਾਂ ਵਲੋਂ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਲਈ ਗੁਰਦੁਆਰਾ ਪਿੱਪਲਸਰ ਸਾਹਿਬ ਭੁੱਚੋਂਖੁਰਦ ਜਿਲ੍ਹਾ ਬਠਿੰਡਾ ਵਿਖੇ ਵਿਸ਼ਾਲ ਸਮਾਗਮ 14 ਫਰਵਰੀ ਦਿਨ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਨੇ ਦੱਸਿਆ ਕਿ ਅੱਜ ਸਾਡਾ ਪੰਜਾਬ ਤਕਰੀਬਨ ਨਸ਼ਿਆਂ ਦੀ ਗ੍ਰਿਫਤ ਵਿਚ ਆਉਣ ਕਾਰਨ ਨੌਜਵਾਨ ਲੜਕੇ ਲੜਕੀਆਂ ਕਾਫ਼ੀ ਵੱਡੀ ਗਿਣਤੀ ਵਿਚ ਇਸ ਨਾਮੁਰਾਦ ਲਾਹਨਤ ਦਾ ਸ਼ਿਕਾਰ ਹੋ ਚੁੱਕੇ ਹਨ ਨਸ਼ਿਆਂ ਕਾਰਨ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਨੇ ਪੰਜਾਬ ਨੂੰ ਘੇਰਾ ਪਾਇਆ ਹੋਇਆ ਹੈ। ਜਿਵੇਂ ਕਿ ਕੈਂਸਰ, ਗੁਰਦੇ ਦਾ ਫੇਲ ਹੋਣਾ, ਲੀਵਰ ਖਰਾਬ ਹੋਣਾ ਆਦਿ । ਨਸ਼ਿਆਂ ਕਾਰਨ ਅਨੇਕਾਂ ਹੀ ਪਰਿਵਾਰ ਬਰਬਾਦ ਹੋ ਚੁੱਕੇ ਹਨ ਅਤੇ ਅਨੇਕਾ ਹੀ ਪਰਿਵਾਰ ਬਰਬਾਦੀ ਦੇ ਕੰਢੇ ‘ਤੇ ਖੜੇ ਹਨ। ਨਸ਼ਿਆਂ ਕਾਰਨ ਹੀ ਅਸੀ ਆਪਣੇ ਸੱਭਿਆਚਾਰ, ਰੀਤੀ ਰਿਵਾਜ, ਆਪਣਾ ਪਿਛੋਕੜ ਅਤੇ ਆਪਣੇ ਆਪਣੇ ਧਰਮਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਨਸ਼ਿਆਂ ਕਾਰਨ ਰੋਜਾਨਾਂ ਐਕਸੀਡੈਂਟਾਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਵੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਆਪਾਂ ਮਾੜੇ ਨਸ਼ਿਆਂ ਦਾ ਤਿਆਗ ਕਰੀੲੈ ਅਤੇ ਗੁਰੂ ਸਾਹਿਬਾਨਾਂ ਵਲੋਂ ਦਿੱਤੀ ਹੋਈ ਗੁਰਮਤਿ ਅਨੁਸਾਰ ਜੀਵਨ ਜਿਉਣ ਦਾ ਤਹੱਈਆਂ ਕਰੀਏ? ਤਾਂ ਕਿ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਹੋ ਸਕੇ। ਸਾਡਾ ਖੁੱਸਿਆਂ ਹੋਇਆ ਸੱਭਿਆਚਾਰ,ਮਾਂ ਬੋਲੀ ਪ੍ਰਫੁੱਲਿਤ ਹੋਵੇ, ਕੋਈ ਵੀ ਵਿਅਕਤੀ ਨਸ਼ਿਆਂ ਕਾਰਨ ਆਪਣੀ ਜਿੰਦਗੀ ਨਾ ਗਵਾਏ , ਕੋਈ ਵੀ ਧੀ ਭੈਣ ਵਿਧਵਾ ਨਾ ਹੋਵੇ ਅਤੇ ਨਾ ਹੀ ਪੰਜਾਬ ਦੀ ਧਰਤੀ ‘ਤੇ ਕੋਈ ਬੱਚਾ ਯਤੀਮ ਹੋਵੇ। ਪਿਛਲੇ ਪੰਜ ਸਾਲਾਂ ਤੋਂ ਪਿੰਡਾਂ ਵਿਚ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਚੌਥਾ ਸਾਲਾਨਾ ਗੁਰਮਤਿ ਸਮਾਗਮ ਵਿਚ ਪੰਥਕ ਮਹਾਨ ਸਖਸ਼ੀਅਤਾਂ ਵਿੱਚ ਮਹੰਤ ਬਾਬਾ ਕਾਹਨ ਸਿੰਘ ਜੀ ਸੇਵਾਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ, ਡਾ: ਇੰਦਰਜੀਤ ਸਿੰਘ ਗੋਗੋਆਣੀ ਮੁੱਖ ਸਿੱਖ ਇਤਿਹਾਸ ਖੋਜ ਵਿਭਾਗ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ, ਡਾ: ਰਾਜਿੰਦਰ ਕੌਰ ਪੀ.ਐਚ.ਡੀ. ਤੋਂ ਇਲਾਵਾ ਹੋਰ ਮੌਜ਼ਿਜ ਸਖਸ਼ੀਅਤਾਂ ਲਹਿਰ ਦੇ ਪ੍ਰਚਾਰਕ ਅਤੇ ਢਾਡੀ ਜੱਥੇ ਵੀ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਹੁਣ ਤੱਕ ਬਹੁਤ ਸਾਰੇ ਪਿੰਡਾਂ ਵਿਚ ਨਗਰ ਨਿਵਾਸੀਆਂ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇਸ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਤੋਂ ਪ੍ਰਰੇਣਾ ਲੈ ਕੇ ਆਪਣੇ ਆਸ ਪਾਸ ਦੇ ਨੌਜਵਾਨ ਬੱਚਿਆਂ ਨੂੰ ਮਾੜੇ ਅਤੇ ਮੌਤ ਦੇ ਨਸ਼ਿਆਂ ਤੋਂ ਬਚਾ ਸਕਣ। ਹੁਣ ਤੱਕ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਅਹੁੱਦੇਦਾਰ ਪ੍ਰਚਾਰਕਾਂ ਵਲੋਂ ਬਾਹੋ ਸਿਵੀਆਂ, ਕਾਲਝਰਾਣੀ, ਜੈ ਸਿੰਘ, ਨਰੂਆਣਾ ਅਤੇ ਭਾਗੀ ਬਾਂਦਰ ਆਦਿ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media