
ਸੰਦੌੜ, 13 ਮਾਰਚ (ਹਰਮਿੰਦਰ ਭੱਟ ਸਿੰਘ)- ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਰੁਪਿੰਦਰ ਸਿੰਘ ਮਾਨ ਟਰੱਸਟ, ਸ਼ੇਖ ਦੌਲਤ, ਜਗਰਾਉ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਆਪਣਾ ਪੰਜਵਾਂ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਗਿਆ। ਜੋ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਆਉਣ ਵਾਲੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੀ। ਇਸ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਅਤੇ ਵਿਸ਼ੇਸ਼ ਮਹਿਮਾਨ ਸ. ਅਸ਼ੋਕ ਸਿੰਘ ਬਾਗੜੀਆ ਸਨ। ਪ੍ਰਧਾਨਗੀ ਮੰਡਲ ਵਿਚ ਟਰੱਸਟ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੀਤਮ ਸਿੰਘ ਮਾਨ ਸ਼ੇਖ ਦੌਲਤ, ਉੱਘੇ ਪੱਤਰਕਾਰ ਬਚਨ ਸਿੰਘ ਸਰਲ ਕਲਕੱਤਾ ਸ਼ਸ਼ੋਭਿਤ ਸਨ। ਇਸ ਮੌਕੇ ਪੰਜਵਾਂ ਰੁਪਿੰਦਰ ਸਿੰਘ ਮਾਨ ਯਾਦਗਾਰੀ ਪੁਰਸਕਾਰ ਉੱਘੇ ਇਤਿਹਾਸਕਾਰ ਅਤੇ ਸਾਬਕਾ ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਸੁਖਦਿਆਲ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਜਿਸ ਵਿਚ ਯਾਦਗਾਰੀ ਚਿੰਨ੍ਹ, ਦਸਤਾਰ ਅਤੇ ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਸੀ। ਪ੍ਰਧਾਨਗੀ ਮੰਡਲ ਵਲੋਂ ਇਹ ਸਨਮਾਨ ਡਾ. ਸੁਖਦਿਆਲ ਸਿੰਘ ਨੂੰ ਭੇਟਾ ਕੀਤਾ ਗਿਆ। ਸਮਾਗਮ ਦੇ ਮੁਖ ਮਹਿਮਾਨ ਡਾ. ਚਰਨਜੀਤ ਸਿੰਘ ਅਟਵਾਲ ਨੇ ਡਾ. ਸੁਖਦਿਆਲ ਸਿੰਘ ਨੂੰ ਸਨਮਾਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਿਆਸਤਦਾਨਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਹਨ, ਜਿਸ ਕਰਕੇ ਉਹ ਸੱਚੀ ਗਲ ਨਹੀਂ ਕਹਿ ਸਕਦੇ ਪਰ ਡਾ. ਸੁਖਦਿਆਲ ਸਿੰਘ ਨੇ ਬੇਬਾਕੀ ਨਾਲ ਸੱਚ ਲਿਖਿਆ ਹੈ। ਜਿਸ ਕਾਰਨ ਉਹ ਵਧਾਈ ਦੇ ਹੱਕਦਾਰ ਹਨ। ਡਾ. ਸੁਖਦਿਆਲ ਸਿੰਘ ਬਾਰੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰੋ. ਸੁਖਦਿਆਲ ਸਿੰਘ ਨੇ ਆਪਦੀ ਵਿਲੱਖਣ ਇਤਿਹਾਸਕ ਵਿਧੀ ਨਾਲ ਵਿਭਿੰਨ ਇਤਿਹਾਸਕ ਤੱਥਾਂ ਦੀ ਨਵੀਂ ਵਿਆਖਿਆ ਕੀਤੀ ਹੈ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ 16 ਪੁਸਤਕਾਂ ਲਿਖੀਆਂ ਹਨ। ਇਨ੍ਹਾਂ ਦੀ ਲੇਖਣੀ ਰਚਨਾਤਮਿਕ, ਦਾਰਸ਼ਨਿਕ ਅਤੇ ਲੋਕ ਤੱਥਾਂ ‘ਤੇ ਅਧਾਰਿਤ ਹੈ ਅਤੇ ਇਤਿਹਾਸਕ ਭ੍ਰਾਂਤੀਆਂ ਨੂੰ ਦੂਰ ਕਰਦੀ ਹੈ। ਇਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਦੇ ਨਾਇਕ ਵਜੋਂ ਪੇਸ਼ ਕੀਤਾ ਹੈ। ਇਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਰਾਜ ਦਾ ਮੋਢੀ ਕਿਹਾ ਹੈ ਅਤੇ ਸ਼ਹਾਦਤ ਨਾਲ ਗੁਰੂ ਬਖਸ਼ਿਸ਼ ‘ਤੇ ਪੂਰਾ ਉਤਰਿਆ ਨਾਇਕ ਸਿੱਧ ਕੀਤਾ ਹੈ। ਡਾ. ਤੇਜਾ ਸਿੰਘ ਤਿਲਕ ਨੇ ਕਿਹਾ ਕਿ ਡਾ. ਸੁਖਦਿਆਲ ਸਿੰਘ ਦਾ ਜਨਮ ਇਤਿਹਾਸਕ ਕਸਬੇ ਲੌਗੋਂਵਾਲ ਨੇੜੇ ਛੋਟੇ ਜਿਹੇ ਪਿੰਡ ਮੰਡੇਰ ਕਲਾਂ ਵਿਚ ਹੋਇਆ ਹੈ ਜੋ ਸ਼ਹੀਦਾਂ, ਮੁਰੀਦਾਂ ਦੇ ਖੂਨ ਨਾਲ ਭਿੱਜੀ ਹੋਈ ਧਰਤੀ ਹੈ।
ਇਸ ਦੌਰਾਨ ਡਾ. ਸੁਖਦਿਆਲ ਸਿੰਘ ਨੇ ਸਨਮਾਨ ਦੇਣ ‘ਤੇ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਜੋ ਕੁਝ ਹੁਣ ਤਕ ਲਿਖਿਆ ਹੈ ਉਹ ਕਿਸੇ ਸਭਾ ਸੰਸਥਾ ਜਾਂ ਕਿਸੇ ਸ਼ਖ਼ਸੀਅਤ ਵੱਲ ਵੇਖ ਕੇ ਨਹੀਂ ਲਿਖਿਆ ਮੈਂ ਸਿਰਫ ਖਾਲਸਾ ਪੰਥ ਵੱਲ ਵੇਖ ਕੇ ਲਿਖਿਆ ਹੈ। ਖਾਲਸਾ ਪੰਥ ਦੇ ਨੁਕਤੇ ਤੋਂ ਲਿਖਣਾ ਹੀ ਮੇਰੀ ਪ੍ਰਤੀਬਧਤਾ ਹੈ। ਇਸੇ ਪ੍ਰਤੀਬਧਤਾ ਅਨੁਸਾਰ ਹੀ ਮੈਂ ਲਿਖਦਾ ਰਹਾਂਗਾ। ਸਟੇਜ ਸਕੱਤਰ ਦੇ ਫਰਜ਼ ਨਿਭਾਉਦਿਆਂ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਸਿੱਖ ਸੰਸਥਾਵਾਂ ਨੇ ਹਾਲੇ ਤੱਕ ਡਾ. ਸੁਖਦਿਆਲ ਸਿੰਘ ਦਾ ਉਹ ਮੁੱਲ ਨਹੀਂ ਪਾਇਆ ਜਿਸ ਦੇ ਉਹ ਹੱਕਦਾਰ ਹਨ। ਸਮਾਗਮ ਦੇ ਪ੍ਰਧਾਨ ਉੱਘੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਕਿਹਾ ਕਿ ਜੋ ਇਤਿਹਾਸਕਾਰਾਂ ਨੇ ਡਾ. ਸੁਖਦਿਆਲ ਸਿੰਘ ਤੋਂ ਪਹਿਲਾਂ ਲਿਖਿਆ ਹੈ ਡਾ. ਸੁਖਦਿਆਲ ਸਿੰਘ ਨੇ ਉਸ ਤੋਂ ਅੱਗੇ ਦੀ ਪ੍ਰਾਪਤੀ ਕੀਤੀ ਹੈ। ਆਉਣ ਵਾਲੇ ਸਕਾਲਰ ਡਾ. ਸੁਖਦਿਆਲ ਸਿੰਘ ਤੋਂ ਵੀ ਅੱਗੇ ਜਾਣਗੇ।ਉਨ੍ਹਾਂ ਕਿਹਾ ਸਿੱਖੀ ਵੈਰ ਜਾਂ ਬਦਲਾ ਲੈਣ ਦਾ ਨਾਂ ਨਹੀਂ, ਇਹ ਤਾਂ ਮਨੁੱਖਤਾ ਨੂੰ ਜੋੜਨ ਦਾ ਨਾਂ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇੇ ਕੋਈ ਬਦਲਾ ਨਹੀਂ ਲਿਆ ਸੀ ਬਲਕਿ ਜ਼ੁਲਮ ਨੂੰ ਖਤਮ ਕੀਤਾ ਸੀ। ਜਿਸ ਕਾਰਨ ਉਸ ਦੀ ਫੌਜ ਵਿਚ 5000 ਤੋਂ ਵੱਧ ਮੁਸਲਮਾਨ ਸਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਰੁਪਿੰਦਰ ਸਿੰਘ ਮਾਨ ਟਰੱਸਟ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਅੱਜ ਟਰੱਸਟ ਡਾ. ਸੁਖਦਿਆਲ ਸਿੰਘ ਨੂੰ ਸਨਮਾਨਤ ਕਰਕੇ ਆਪਣੇ ਆਪ ਨੂੰ ਸਨਮਾਨਤ ਹੋਇਆ ਮਹਿਸੂਸ ਕਰਦਾ ਹੈਕਿਉਕਿ ਬਹੁਤ ਵੱਡੇ ਵਿਦਵਾਨਾਂ ਨੇ ਸਾਡੀ ਇਸ ਚੋਣ ‘ਤੇ ਸਹੀ ਹੋਣ ਦੀ ਮੋਹਰ ਲਗਾਈ ਹੈ।
Punjab Post Daily Online Newspaper & Print Media