ਪਿੰਡ ਭੁੱਲਰ ਅਤੇ ਹਾਂਸ ਦੇ ਵਿਕਾਸ ਕਾਰਜਾਂ ਲਈ 29 ਲੱਖ ਦੀ ਗ੍ਰਾਂਟ ਦਿੱਤੀ ਗਈ
ਕੱਥੂਨੰਗਲ/ ਮੱਤੇਵਾਲ 20 ਮਾਰਚ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੇਗੀ ਅਤੇ ਇੱਕ ਵਾਰ ਫਿਰ ਆਪਣੀ ਜਿੱਤ ਬਰਕਰਾਰ ਰੱਖਦੇ ਹੋਏ ਸਰਕਾਰ ਦੀ ਹੈਟ੍ਰਿਕ ਬਣਾਏਗੀ।
ਸ: ਮਜੀਠੀਆ ਅੱਜ ਇੱਥੇ ਪਿੰਡ ਭੁੱਲਰ ਅਤੇ ਹਾਂਸ ਦੇ ਵਿਕਾਸ ਕਾਰਜਾਂ ਲਈ 29 ਲੱਖ ਦੀ ਗ੍ਰਾਂਟ ਦੇਣ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਪਿੰਡਾਂ-ਸ਼ਹਿਰਾਂ ਦੇ ਵਿਕਾਸ ਕਰਾਏ, ਸੜਕਾਂ ਦੇ ਜਾਲ ਵਿਛਾ ਕੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵਲ ਵਿਸ਼ੇਸ਼ ਧਿਆਨ ਦਿੱਤਾ,ਬਿਜਲੀ ਸਰਪਰਸ ਕੀਤੀ, ਵੈੱਲਫੇਅਰ ਸਕੀਮਾਂ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਇਤਿਹਾਸਕ ਕਾਰਜ ਤੋਂ ਲੋਕ ਪ੍ਰਭਾਵਿਤ ਹਨ ਤੇ ਵਿਸ਼ਵਾਸ ਹੈ ਕਿ ਲੋਕ ਇਸ ਵਾਰ ਵੀ ਭਰਪੂਰ ਸਾਥ ਦੇਣਗੇ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਸ਼ਟਰ ਭਗਤੀ ਉਸ ਦੇ ਖੂਨ ਵਿੱਚ ਹੋਣ ਦੇ ਦਾਅਵੇ ਬਾਰੇ ਪੁੱਛੇ ਜਾਣ ‘ਤੇ ਸ: ਮਜੀਠੀਆ ਨੇ ਕਿਹਾ ਕਿ ਉਹ ਰਾਹੁਲ ਦੀ ਨਿੱਜੀ ਭਾਵਨਾ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਹਕੀਕਤ ਇਹ ਹੈ ਕਿ ਉਕਤ ਗਲ ਨੂੰ ਤਸਦੀਕ ਕਰਨ ਵਾਲੇ ਦੇਸ਼ਵਾਸੀਆਂ ਨੇ ਉਸ ਦੇ ਬਿਆਨ ਨਾਲ ਅਸਹਿਮਤੀ ਜਤਾਈ ਹੈ ਤੇ ਉਸ ਦੇ ਵਿਰੁੱਧ ਫਤਵਾ ਦਿੱਤਾ ਹੈ ਤਾਂ ਹੀ ਅੱਜ ਗਾਂਧੀ ਪਰਿਵਾਰ ਦੀ ਅਗਵਾਈ ਵਾਲੀ ਕਾਂਗਰਸ ਲੋਕ ਸਭਾ ਵਿੱਚ 544 ਸੀਟਾਂ ਤੋਂ 44 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਉਹਨਾਂ ਕਿਹਾ ਕਿ ਰਾਸ਼ਟਰ ਭਗਤੀ ਦੇਸ਼ ਅਤੇ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਾਲ ਸੰਬੰਧਿਤ ਵਿਸ਼ਾ ਹੈ, ਜਦ ਕਿ ਗਾਂਧੀ ਪਰਿਵਾਰ ਦੀ ਅਗਵਾਈ ਵਾਲੀ ਸਰਕਾਰ ਨੇ ਕਰੋੜਾਂ ਲੋਕਾਂ ਦੀ ਆਸਥਾ ਤੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਾਇਆ, ਨਵੰਬਰ ’84 ਵਿੱਚ ਭਾਰਤੀ ਨਾਗਰਿਕ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਤਲੇਆਮ ਵਿੱਚ ਜ਼ਿੰਮੇਵਾਰ ਕਾਂਗਰਸੀ ਆਗੂ ਐੱਚ ਕੇ ਐਲ ਭਗਤ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਸਜਾਵਾਂ ਦੇਣ ਦੀ ਥਾਂ ਉੱਚੇ ਸਰਕਾਰੀ ਅਹੁਦਿਆਂ ਤੇ ਰੁਤਬਿਆਂ ਨਾਲ ਨਿਵਾਜ ਕੇ ਲੋਕ-ਮਨਾਂ ਨੂੰ ਗਹਿਰੀ ਠੇਸ ਪਹੁੰਚਾਉਣ ਵਾਲੇ ਗਾਂਧੀ ਪਰਿਵਾਰ ਦੀ ਦੇਸ਼ ਭਗਤੀ ਬਾਰੇ ਕੋਈ ਕੀ ਕਿਹਾ ਜਾ ਸਕਦਾ ਹੈ। ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਸਿੱਖਾਂ ਤੇ ਪੰਜਾਬੀਆਂ ਨੇ ਕੁਰਬਾਨੀਆਂ ਦਿੱਤਿਆਂ ਪਰ ਗਾਂਧੀ ਪਰਿਵਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤੀ ਰੱਖਿਆ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਪੰਜਾਬ ਦੇ ਹਿਤਾਂ ‘ਤੇ ਡਾਕਾ ਮਾਰਿਆ ਜਿਸ ਦੀ ਲੁੱਟ ਨੂੰ ਅੱਜ ਤਕ ਪੰਜਾਬ ਭੁਗਤ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਗਲ ਪੰਜਾਬੀ ਹੀ ਕਰ ਸਕਦੇ ਹਨ, ਮੌਕਾਪ੍ਰਸਤੀ ਤੇ ਦੋਗਲੀ ਰਾਜਨੀਤੀ ਕਰਨ ਵਾਲੇ ਪੰਜਾਬ ਦੇ ਮੁੱਦਿਆਂ ਦੀ ਗਹਿਰਾਈ ਨੂੰ ਨਹੀਂ ਸਮਝ ਸਕਦੇ। ਉਹਨਾਂ ਆਮ ਆਦਮੀ ਪਾਰਟੀ ( ਆਪ ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਜਿਸ ਕੋਲ ਦਿੱਲੀ ਦੇ ਮੁੱਖ ਮੰਤਰੀ ਦਾ ਅਹਿਮ ਰੁਤਬਾ ਵੀ ਹੈ ਵੱਲੋਂ ਐਸ.ਵਾਈ ਐਲ ਦੇ ਮੁੱਦੇ ‘ਤੇ ਪੰਜਾਬ ਪੱਖੀ ਆਪਣੇ ਪਹਿਲੇ ਸਟਂੈਡ ਦੇ ਉਲਟ ਯੂ ਟਰਨ ਲੈ ਕੇ ਪੰਜਾਬ ਅਤੇ ਪੰਜਾਬ ਦੇ ਕਿਸਾਨ ਨਾਲ ਧੋਖਾ ਕਮਾਉਣ ਵਾਲੇ ਕਦਮ ਤੋਂ ਸਿਆਸੀ ਮਾਹਿਰ ਵੀ ਹੈਰਾਨ ਹਨ, ਉਹਨਾਂ ਅਜਿਹਾ ਕਰ ਕੇ ਆਪਣੀ ਸਿਆਸੀ ਮੌਤ ਲਈ ਕਬਰ ਵੀ ਖੋਦ ਲਈ ਹੈ। ਸ: ਮਜੀਠੀਆ ਨੇ ਕਿਹਾ ਕਿ ਉਹ ਹੁਣ ਕੇਜਰੀਵਾਲ ਨੂੰ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਉਨ੍ਹਾਂ ਨੇ ਆਪਣੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਹੱਕ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਪੰਜਾਬ ਕੋਲ ਕਿਸੇ ਵੀ ਹੋਰ ਰਾਜ ਨੂੰ ਦੇਣ ਲਈ ਪਾਣੀ ਨਹੀਂ ਹੈ ਇਸ ਲਈ ਐਸ.ਵਾਈ ਐਲ. ਨਹਿਰ ਦਾ ਨਿਰਮਾਣ ਨਹੀਂ ਹੋਣਾ ਚਾਹੀਂਦਾ ਅਤੇ ਕੀ ਇਹ ਸਥਿਤੀ ਇੱਕ ਦਿਨ ਵਿੱਚ ਬਦਲ ਗਈ ਹੈ ਤੇ ਹੁਣ ਕਿਉਂ ਉਹ ਆਪਣੀ ਗੱਲ ਤੋਂ ਮੁੱਕਰ ਰਹੇ ਹਨ? ਉਨ੍ਹਾਂ ਕਿਹਾ ਕਿ ਕੇਜਰੀਵਾਲ ਅਕਸਰ ਰਾਜਨੀਤਕ ਲਾਭ ਲੈਣ ਲਈ ਸਥਿਤੀ ਦੇ ਅਨੁਸਾਰ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਬਣ ਕੇ ਆਪਣੇ ਬਿਆਨ ਤੋਂ ਪਾਸਾ ਵੱਟ ਲੈਂਦੇ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੌਕਾਪ੍ਰਸਤ ਆਗੂ ਲੋਕਾਂ ਦਾ ਕੀ ਭਲਾ ਕਰ ਸਕਦੇ ਹਨ।ਪੰਜਾਬੀ ਮਾਨਸਿਕਤਾ ਵਿੱਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਹੁੰਦੀ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ,ਰੇਸ਼ਮ ਸਿੰਘ ਭੁੱਲਰ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਸਰਪੰਚ ਤਸਵੀਰ ਸਿੰਘ ਭੁੱਲਰ, ਜਥੇਦਾਰ ਸਤਨਾਮ ਸਿੰਘ, ਸਰਪੰਚ ਇਕਬਾਲ ਸਿੰਘ ਭੁੱਲਰ, ਮਨਿੰਦਰ ਸਿੰਘ ਐਕਸੀਅਨ, ਬੀਡੀਓ ਜ਼ੀਨਤ ਖਹਿਰਾ, ਬਲਬੀਰ ਸਿੰਘ ਚੰਦੀ, ਬਲਵਿੰਦਰ ਸਿੰਘ ਬੱਲੋਵਾਲੀ, ਬਲਰਾਜ ਸਿੰਘ ਔਲਖ, ਗੌਰਵ ਬੱਬਾ, ਜੋਗਿੰਦਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਕਾਮਰੇਡ, ਸਰਬਜੀਤ ਸਿੰਘ, ਸਵਿੰਦਰ ਸਿੰਘ ਸਾਬਕਾ ਸਰਪੰਚ ਆਦਿ ਮੌਜੂਦ ਸਨ।
Punjab Post Daily Online Newspaper & Print Media
