
ਪਠਾਨਕੋਟ, 20 ਮਾਰਚ (ਪੰਜਾਬ ਪੋਸਟ ਬਿਊਰੋ) – ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਖੇਤੀਬਾੜੀ ਵਿਭਾਗ ਪਠਾਨਕੋਟ ਵੱਲੋਂ ਸਾਉਣੀ ਦੌਰਾਨ ਮੱਕੀ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਫਸਲ ਹੇਠ ਰਕਬਾ ਵਧਾਉਣ ਅਤੇ ਕਿਸਾਨਾਂ ਨੂੰ ਤਕਨੀਕੀ ਤੌਰ ‘ਤੇ ਮਜ਼ਬੂਤ ਕਰਨ ਦੇ ਮੰਤਵ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਢਾਕੀ ਸਾਦਾ ਵਿੱਚ ਪਿੰਡ ਪੱਧਰੀ ਕੈਂਪ ਲਗਾਇਆ ਗਿਆ। ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ ਦੇ ਪ੍ਰਬੰਧਾਂ ਹੇਠ ਲਗਾਏ ਇਸ ਕੈਂਪ ਵਿੱਚ ਡਾ ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੌਕੇ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ, ਸਰਪੰਚ ਰਾਜ ਕੁਮਾਰ, ਸੁਭਾਸ਼ ਠਾਕੁਰ ਸਰਪੰਚ ਕੌਂਤਰਪੁਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਡਾ ਬਖਸ਼ੀਸ਼ ਸਿੰਘ ਚਾਹਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਕਿੱਤੇ ਤੋਂ ਘਟੀ ਆਮਦਨ ਦੇ ਕਾਰਨ ਮਹਿੰਗੇ ਭਾਅ ਦੀ ਖੇਤੀ ਮਸ਼ੀਨਰੀ ਤੋਂ ਪੂਰਾ ਕੰਮ ਨਾ ਲੈਣਾ, ਨੌਜਵਾਨ ਕਿਸਾਨਾਂ ਅੰਦਰ ਘਟੀ ਕੰਮ ਕਰਨ ਦੀ ਪ੍ਰਵਿਰਤੀ ਅਤੇ ਪਿਛਲੇ ਸਮੇਂ ਦੌਰਾਨ ਕੁਦਰਤੀ ਆਫਤਾਂ ਨਾਲ ਫਸਲਾਂ ਦਾ ਫੇਲ ਹੋਣਾ ਹੈ। ਉਨਾਂ ਕਿਹਾ ਕਿ ਖੇਤੀ ਲਾਗਤ ਖਰਚੇ ਘਟਾਉਣ ਲਈ ਕਿਸਾਨਾਂ ਖਾਸ ਕਰਕੇ ਛੋਟੇ ਅਤੇ ਮਧਿਅਮ ਕਿਸਾਨਾਂ ਨੂੰ ਸਹਿਕਾਰੀ ਪੱਧਰ ‘ਤੇ ਸਾਂਝੀ ਖੇਤੀ ਮਸ਼ੀਨਰੀ ਦੀ ਖਰੀਦ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਮਕਸਦ ਲਈ ਕਿਸਾਨਾਂ ਨੂੰ ਕਿਸਾਨ ਉਤਪਾਦਕ ਸੰਗਠਨਾਂ ਵਿੱਚ ਸੰਗਠਿਤ ਹੋਣ ਦੀ ਜ਼ਰੂਰਤ ਹੈ। ਉਨਾਂ ਖੇਤੀਬਾੜੀ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਜ਼ਿਲੇ ਅੰਦਰ ਮੱਕੀ ਹੇਠ 12000 ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਕਿਸਾਨਾਂ ਨੂੰ ਤਕਨੀਕ ਪੱਖੋਂ ਮਜ਼ਬੂਤ ਕਰਨ ਲਈ 10-10 ਹੈਕਟੇਅਰ ਦੀਆਂ 400ਪ੍ਰਦਰਸ਼ਨੀਆਂ ਲਗਾਈਆ ਜਾਣਗੀਆਂ, ਜਿਸ ਲਈ ਮੱਕੀ ਦਾ ਬੀਜ, ਕੀਟਨਾਸ਼ਕ, ਨਦੀਨਨਾਸ਼ਕ 50% ਸਬਸਿਡੀ ‘ਤੇ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਮੂੰਗੀ ਹੇਠ ਰਕਬਾ ਵਧਾਉਣ ਦੇ ਮੰਤਵ ਲਈ ਮੂੰਗੀ ਦਾ ਬੀਜ 70/-ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਬੀਜ ਫੋਕਲ ਪੁਆਇੰਟ ਪੱਧਰ ‘ਤੇ ਪਹੁੰਚਾ ਦਿੱਤਾ ਗਿਆ ਹੈ ਜਿਥੋਂ ਚਾਹਵਾਨ ਕਿਸਾਨ ਆਪਣੀ ਜ਼ਰੂਰਤ ਅਨੁਸਾਰ ਲੈ ਸਕਦੇ ਹਨ।
ਮੱਕੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਪਠਾਨਕੋਟ ਬਲਾਕ ਵਿੱਚ ਮੱਕੀ ਮੁੱਖ ਫਸਲ ਹੋਣ ਕਾਰਨ ਸਾਉਣੀ ਦੌਰਾਨ ਮੱਕੀ ਦੀ ਕਾਸ਼ਤ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਖੇਤਾਂ ਵਿੱਚੋਂ ਬਰਸਾਤ ਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣ ਕਾਰਨ ਪਾਣੀ ਨੀਵੀਆਂ ਥਾਵਾਂ ‘ਤੇ ਰੁਕ ਜਾਂਦਾ ਹੈ, ਜਿਸ ਨਾਲ ਟਾਂਡੇ ਦੇ ਗਲਣ ਦਾ ਰੋਗ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਤਣਾ ਮੁਢੋਂ ਜਾਂ ਦੂਜੀ ਤੀਜੀ ਗੰਢ ਤੋਂ ਟੁੱਟ ਜਾਂਦਾ ਹੈ। ਉਨਾਂ ਕਿਹਾ ਕਿ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਪੀ.ਏ.ਯੂ ਵੱਲੋਂ ਸਿਫਾਰਸ਼ਸ਼ੁਦਾ ਪੀ.ਐਮ ਐਚ-1 ਜਾਂ ਪਾਈਨੀਅਰ 3396 ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਬਿਜਾਈ ਸਮੇਂ ਲਾਈਨ ਤੋਂ ਲਾਈਨ ਵਿੱਚ ਦੋ ਫੁੱਟ ਅਤੇ ਬੂਟੇ ਤੋਂ ਬੂਟੇ ਵਿੱਚ 20 ਸੈ.ਮੀ. ਫਾਸਲਾ ਰੱਖਣਾ ਚਾਹੀਦਾ। ਉਨਾਂ ਕਿਹਾ ਕਿ ਮੱਕੀ ਦੀ ਬਿਜਾਈ ਮੱਕੀ ਪਲਾਂਟਰ ਨਾਲ ਜਾਂ ਰਿਜ਼ਰ ਨਾਲ ਬਣਾਈਆਂ ਵੱਟਾਂ ਉੱਪਰ ਚੋਗ ਕੇ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ 32 ਤੋਂ 33 ਹਜ਼ਾਰ ਹੋਣੀ ਚਾਹੀਦੀ ਹੈ। ਅਖੀਰ ਵਿੱਚ ਡਾ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਨੇ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media