
ਨਵੀਂ ਦਿੱਲੀ, 29 ਮਾਰਚ (ਅੰਮ੍ਰਿਤ ਲਾਲ ਮੰਨਣ)- ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ਵਿਚ ਸ਼ਾਮਿਲ 36 ਸਿੱਖਾਂ ਦੇ ਨਾਂ ਹਟਾਉਣ ਅਤੇ ਦਿੱਲੀ ਹਾਈਕੋਰਟ ਵੱਲੋਂ ਅੱਜ ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਨੂੰ ਸੈਂਸਰ ਬੋਰਡ ਤੋਂ ਮਿਲੀ ਮਾਨਤਾ ‘ਤੇ ਮੁੜ੍ਹ ਵਿਚਾਰ ਕਰਨ ਦੇ ਸੈਂਸਰ ਬੋਰਡ ਨੂੰ ਦਿੱਤੇ ਗਏ ਆਦੇਸ਼ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕੀਤਾ ਹੈ।ਇਸ ਮਸਲੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਲ ਦੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਪਾਰਟੀ ਦਫ਼ਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੇਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਇਆ ਕੁਮਾਰ ਵੱਲੋਂ 1984 ਸਿੱਖ ਕਤਲੇਆਮ ਨੂੰ ਬੇਕਾਬੂ ਭੀੜ ਦਾ ਗੁੱਸਾ ਕਰਾਰ ਦੇਣ ਤੇ ਕਨ੍ਹਇਆ ਨੂੰ ਕਰੜੇ ਹੱਥੀ ਲਿਆ।
ਜੀ.ਕੇ. ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਲੀ ਸੂਚੀ ਵਿੱਚੋਂ 36 ਨਾਂਵਾ ਨੂੰ ਹਟਾਉਣ ਦੀ ਮਨਜੂਰੀ ਦੇ ਕੇ 1980-90 ਦੇ ਦਹਾਕੇ ਦੌਰਾਨ ਵਿਦੇਸ਼ਾ ਵਿਚ ਸਿਆਸ਼ੀ ਪਨਾਹ ਲੈੈਣ ਵਾਲੇ ਸਿੱਖਾਂ ਨੂੰ ਫੋਰੀ ਰਾਹਤ ਦਿੱਤੀ ਹੈ। ਕਾਲੀ ਸੂਚੀ ਵਿਚ ਸ਼ਾਮਿਲ ਸਿੱਖਾਂ ਦੇ ਮਨੁੱਖੀ ਅਧਿਕਾਰਾ ਦੀ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸ਼ੀ ਮੋਰਚੇ ਅਤੇ ਦਿੱਲੀ ਕਮੇਟੀ ਵੱਲੋਂ ਕਾਨੂੰਨੀ ਮੋਰਚੇ ਤੇ ਲੜੀ ਜਾ ਰਹੀ ਲੜਾਈ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ। 8 ਅਪ੍ਰੈਲ 2016 ਨੂੰ ਇਸ ਮਸਲੇ ਤੇ ਦਿੱਲੀ ਹਾਈ ਕੋਰਟ ਦੀ ਚੀਫ਼ ਜਸਟਿਸ ਕੋਲ ਕਮੇਟੀ ਦੀ ਪਟੀਸ਼ਨ ਤੇ ਹੋਣ ਵਾਲੀ ਸੁਣਵਾਈ ਤੋਂ ਪਹਿਲੇ ਸਰਕਾਰ ਵੱਲੋਂ ਦਿਖਾਏ ਗਏ ਉਸਾਰੂ ਪੱਖ ਦੀ ਵੀ ਜੀ.ਕੇ. ਨੇ ਸਲਾਘਾ ਕੀਤੀ।
ਜੀ.ਕੇ ਨੇ ਸਾਫ ਕਿਹਾ ਕਿ ਕਾਲੀ ਸੂਚੀ ਨੂੰ ਪੂਰਣ ਤੌਰ ਤੇ ਖਾਰਿਜ ਕਰਾਉਣ ਅਤੇ ਸਮੂਹ ਪਰਿਵਾਰਾਂ ਨੂੰ ਵੀਜ਼ਾ ਪੱਕੇ ਤੌਰ ਤੇ ਮਿਲੇ, ਉਸ ਲਈ ਅਕਾਲੀ ਦਲ ਵਚਨਬੱਧ ਹੈ ਕਿਉਂਕਿ ਬੀਤੇ 35 ਸਾਲਾਂ ਦੌਰਾਨ ਉਨ੍ਹਾਂ ਨੌਜਵਾਨ ਸਿੱਖਾਂ ਦੀਆਂ ਅੱਗਲੀਆਂ ਦੋ ਪੀੜ੍ਹੀਆਂ ਵੀ ਜਨਮ ਲੈ ਚੁੱਕੀਆਂ ਹਨ। ਇਸ ਲਈ ਦਾਦੇ ਦੀ ਕਿਸੇ ਮਜਬੂਰੀ ਦੀ ਸਜ਼ਾ ਉਸਦੇ ਪੋਤੇ ਨੂੰ ਭਾਰਤ ਆਉਣ ਤੋਂ ਰੋਕਣ ਵਿੱਚ ਜੇਕਰ ਰੁਕਾਵਟ ਬਣਦੀ ਹੈ ਤੇ ਇਹ ਸਿੱਧਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਫਿਲਮ ਸੰਤਾ-ਬੰਤਾ ਤੇ ਹਾਈ ਕੋਰਟ ਦੇ ਚੀਫ਼ ਜਸਟਿਸ ਵੱਲੋਂ ਫਿਲਮ ਦੀ ਮਾਨਤਾ ਨਾਲ ਸੰਬੰਧਿਤ ਮਸਲੇ ਤੇ ਮੁੜ੍ਹ ਵਿਚਾਰ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਭੇਜਣ ਦੇ ਦਿੱਤੇ ਗਏ ਆਦੇਸ਼ ਤੇ ਜੀ.ਕੇ. ਨੇ ਤਸੱਲੀ ਪ੍ਰਗਟਾਈ। ਜੀ.ਕੇ ਨੇ ਕਿਹਾ ਕਿ ਮੰਤਰਾਲੇ ਦੇ ਸਾਹਮਣੇ ਵੀ ਕਮੇਟੀ ਆਪਣਾ ਪੱਖ ਮਜਬੂਤੀ ਨਾਲ ਰੱਖ ਕੇ ਫਿਲਮ ਨੂੰ ਸੈਂਸਰ ਬੋਰਡ ਤੋਂ ਮਿਲੀ ਮਾਨਤਾ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਜੀ.ਕੇ. ਨੇ ਫਿਲਮ ਦੇ ਨਿਰਮਾਤਾ ਵੱਲੋਂ ਦਿੱਲੀ ਕਮੇਟੀ ਦੇ ਵਿਰੋਧ ਦੇ ਬਾਅਦ ਫਿਲਮ ਦੇ ਪੋਸਟਰ ਵਿਚ 2 ਵਾਰ ਕੀਤੇ ਗਏ ਬਦਲਾਵਾਂ ਨੂੰ ਨਿਰਮਾਤਾ ਦੀ ਘਬਰਾਹਟ ਕਰਾਰ ਦਿੱਤਾ।
ਜੀ.ਕੇ. ਨੇ ਕਿਹਾ ਕਿ ਸਿੱਖ ਕਿਸੇ ਕੀਮਤ ਤੇ ਵੀ ਕਿਸੇ ਸਿੱਖ ਕਿਰਦਾਰ ਵਿਚ ਐਕਟਿੰਗ ਕਰ ਰਹੇ ਕਿਸੇ ਐਕਟਰ ਨੂੰ ਸਿੱਖਾਂ ਨੂੰ ਅਕਲ ਤੋਂ ਪੈਦਲ ਦਿਖਾਉਣ ਦੀ ਕਿਸੀ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਪਹਿਲੇ ਪੋਸਟਰ ਵਿਚ 2 ਸਿੱਖ ਨੌਜਵਾਨਾਂ ਨੂੰ ਪਿੱਠ ਕਰਕੇ ਕੋਟ ਦੇ ਹੇਠਾਂ ਧਾਰੀਦਾਰ ਕੱਛਾ ਪਵਾਉਣ, ਦੂਜੇ ਪੋਸਟਰ ਵਿਚ ਇੱਕ ਸਿੱਖ ਨੂੰ ਹਟਾਕੇ ਗੈਰ ਸਿੱਖ ਨੂੰ ਉਸੇ ਜਾਮੇ ਵਿਚ ਸ਼ਾਮਿਲ ਕਰਨ ਅਤੇ ਤੀਜੇ ਪੋਸਟਰ ਵਿਚ ਦੋਨੋ ਸਿੱਖਾਂ ਨੂੰ ਕੋਟ ਦੇ ਹੇਠਾਂ ਜਨਾਨਾ ਪਜਾਮਾ ਪਵਾਉਣ ਨੂੰ ਜੀ.ਕੇ ਨੇ ਨਿਰਮਾਤਾ ਦੀ ਸਿੱਖ ਵਿਰੋਧੀ ਸੋਚ ਕਰਾਰ ਦਿੱਤਾ। ਜੀ.ਕੇ ਨੇ ਦੱਸਿਆ ਕਿ ਸਿੱਖਾਂ ਨੂੰ ਘੱਟ ਅਕਲ ਦਿਖਾਉਣ ਵਾਲੀ ਇਸ ਫਿਲਮ ਦਾ ਪ੍ਰਦਰਸ਼ਨ ਦਿੱਲੀ ਵਿਖੇ ਨਾ ਹੋਵੇ ਇਸ ਲਈ ਕਮੇਟੀ ਵੱਲੋਂ ਥਾਣਾ ਗ੍ਰੇਟਰ ਕੈਲਾਸ਼ ਵਿਖੇ ਸ਼ਿਕਾਇਤ ਵੀ ਦਰਜ਼ ਕਰਵਾਈ ਗਈ ਹੈ।
ਕਨ੍ਹਇਆ ਵੱਲੋਂ 1984 ਸਿੱਖ ਕਤਲੇਆਮ ਨੂੰ ਬੇਕਾਬੂ ਭੀੜ ਦੀ ਕਾਰਵਾਈ ਦੱਸਣ ਤੇ ਜੀ.ਕੇ. ਨੇ ਕਨ੍ਹਇਆ ਨੂੰ ਨਾਸਮਝ ਅਤੇ ਕਥਿਤ ਕਾਂਗਰਸ ਸਮਰਥਕ ਵੀ ਕਰਾਰ ਦਿੱਤਾ। ਜੀ.ਕੇ ਨੇ ਸਵਾਲ ਕੀਤਾ ਕਿ ਜਿਸਦਾ ਜਨਮ ਹੀ 1984 ਤੋਂ ਬਾਅਦ ਹੋਇਆ ਹੋਵੇ ਉਸ ਇਸ ਕਤਲੇਆਮ ਦੇ ਬਾਰੇ ਕੀ ਜਾਣਦਾ ਹੈ? ਕਾਂਗਰਸੀ ਆਗੂ ਸ਼ਸ਼ੀ ਥਰੂਰ ਵੱਲੋਂ ਬੀਤੇ ਦਿੱਨੀ ਕਨ੍ਹਇਆ ਨੂੰ ਭਗਤ ਸਿੰਘ ਦੱਸਣ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਜੀ.ਕੇ ਨੇ ਕਨ੍ਹਈਆ ਦੇ ਭਗਤ ਸਿੰਘ ਦੇ ਚਰਨਾ ਦੀ ਧੂੜ ਬਰਾਬਰ ਵੀ ਨਾ ਹੋਣ ਦਾ ਦਾਅਵਾ ਕੀਤਾ। ਕਨ੍ਹਇਆ ਨੂੰ ਨਸੀਹਤ ਦਿੰਦੇ ਹੋਏ ਜੀ.ਕੇ. ਨੇ ਸੰਸਾਰ ਦੀ ਇੱਕਲੌਤੀ ਵਿਧਵਾ ਕਲੋਨੀ ‘ਤਿਲਕ ਵਿਹਾਰ’ ਬਣਨ ਦਾ ਮੂਲ ਕਾਰਨ ਰਾਜੀਵ ਗਾਂਧੀ ਨੂੰ ਦੱਸਿਆ।
ਜੀ.ਕੇ ਨੇ ਕਿਹਾ ਕਿ ਜੇਕਰ 1984 ਵਿਚ ਬੇਕਾਬੂ ਭੀੜ ਨੇ ਕਤਲੇਆਮ ਕੀਤਾ ਸੀ ਤੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਐਚ.ਕੇ.ਐਲ ਭਗਤ ਤੇ ਧਰਮਦਾਸ ਸ਼ਾਸ਼ਤਰੀ ਉਸ ਬੇਕਾਬੂ ਭੀੜ ਦਾ ਹਿੱਸਾ ਸੀ ਜਾਂ ਨਹੀਂ ਇਹ ਵੀ ਕਨ੍ਹੱਈਆ ਨੂੰ ਸਾਫ਼ ਕਰਨਾ ਚਾਹੀਦਾ ਹੈ। ਜੀ.ਕੇ ਨੇ ਤਲਖ ਲਹਿਜ਼ੇ ਵਿਚ ਵਿਅੰਗ ਕਰਦੇ ਹੋਏ ਕਿਹਾ ਕਿ ਜੋ ਖੁਦ ਅਦਾਲਤ ਵਿੱਚ ਦੇਸ਼ਧ੍ਰੋਹ ਦੇ ਕੇਸ ਵਿੱਚ ਕਾਨੂੰਨੀ ਕਾਰਜ ਪ੍ਰਣਾਲੀ ਦੀ ਜਾਂਚ ਦਾ ਹਿੱਸਾ ਹੋਵੇ ਉਹ ਦੂਜਿਆਂ ਨੂੰ ਬੇਗੁਨਾਹੀ ਦੇ ਸਰਟੀਫਿਕੇਟ ਵੰਡਣ ਦੀ ਕੋਸ਼ਿਸ਼ ਨਾ ਕਰੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਤਨਵੰਤ ਸਿੰਘ ਰਾਣਾ, ਹਰਵਿੰਦਰ ਸਿੰਘ ਕੇ.ਪੀ., ਦਰਸ਼ਨ ਸਿੰਘ, ਹਰਜਿੰਦਰ ਸਿੰਘ, ਚਮਨ ਸਿੰਘ, ਗੁਰਬਚਨ ਸਿੰਘ ਚੀਮਾ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੌਵਾ, ਜੀਤ ਸਿੰਘ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ, ਅਕਾਲੀ ਆਗੂ ਵਿਕਰਮ ਸਿੰਘ, ਪੁਨਪ੍ਰੀਤ ਸਿੰਘ ਅਤੇ ਬੁਲਾਰਾ ਪਰਮਿੰਦਰ ਪਾਲ ਸਿੰਘ ਮੌਜੂਦ ਸਨ।
Punjab Post Daily Online Newspaper & Print Media