ਪੰਜਾਬੀ ਗ਼ਜ਼ਲ ਦਾ ਭਵਿੱਖ ਰੌਸ਼ਨ : ਸੁਰਜੀਤ ਪਾਤਰ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਸਾਹਿਤ ਅਕਾਦਮੀ ਅਤੇ ਖ਼ਾਲਸਾ ਕਾਲਜ ਦੇ ਸਾਂਝੇ ਸਹਿਯੋਗ ਨਾਲ ਚਲ ਰਿਹਾ 2 ਰੋਜਾ ਪੰਜਾਬ ਯੁਵਾ ਸਾਹਿਤ ਮੇਲਾ ਅੱਜ ਅਮਿੱਟ ਯਾਦਾਂ ਛੱਡਦਾ ਖ਼ਤਮ ਹੋ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੇਲੇ ਵਿੱਚ ਸ਼ਾਮਿਲ ਸਮੂਹ ਯੁਵਾ ਸਾਹਿਤਕਾਰਾਂ ਨਾਮਵਰ ਲੇਖਕਾਂ ਅਤੇ ਆਲੋਚਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਆਮਦ ਕਾਲਜ ਦੇ ਇਤਿਹਾਸ ਵਿੱਚ ਸੋਨ ਸੁਨਿਹਰੀ ਅੱਖਰਾਂ ਨਾਲ ਦਰਜ ਹੋਵੇਗੀ ਅਤੇ ਜੋ ਅਨੁਭਵ ਉਹ ਇੱਥੇ ਲਿਜਾ ਰਹੇ ਹਨ ਉਹ ਖ਼ਾਲਸਾ ਕਾਲਜ ਦੀ ਅਮੀਰੀ ਨੂੰ ਦੂਰ ਤੱਕ ਪਹੁੰਚਾਉਣਗੇ। ਇਸ ਮੌਕੇ ‘ਤੇ ਪ੍ਰਿੰ: ਡਾ. ਮਹਿਲ ਸਿੰਘ ਵੱਲੋਂ ਮੇਲੇ ਦੇ ਪ੍ਰਬੰਧਕਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਅੱਜ ਸਵੇਰ ‘ਅਸਾਂ ਤਾਂ ਡੁਬ ਕੇ ਸਦਾ ਖੂਨ ਵਿੱਚ ਲਿਖੀ ਹੈ ਗ਼ਜ਼ਲ’ ਦੇ ਸਿਰਲੇਖ ਹੇਠ ਆਯੋਜਿਤ ਸ਼ੈਸ਼ਨ ਵਿੱਚ ਪੰਜਾਬੀ ਗ਼ਜ਼ਲ ਅਤੇ ਗੀਤਕਾਰੀ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ। ਚਰਚਾ ਵਿਚ ਸ਼ਾਮਿਲ ਵਿਦਵਾਨਾਂ ਦੀਪਕ ਧਲੇਵਾਂ, ਵਿਸ਼ਾਲ ਖੁੱਲਰ , ਸਤਨਾਮ ਵਾਹਿਦ ਅਤੇ ਜੱਗਦੀਪ ਆਦਿ ਨੇ ਪੰਜਾਬੀ ਗ਼ਜ਼ਲ ਦੇ ਜਨਮ, ਵਿਧਾ ਅਤੇ ਇਸਦੀ ਸਿਰਜਣ ਪ੍ਰਕਿਰਿਆ ਸਬੰਧੀ ਕਈ ਭਾਵਪੂਰਤ ਨੁਕਤਿਆਂ ਨੂੰ ਉਭਾਰਿਆ ਅਤੇ ਸ਼ੈਸ਼ਨ ਵਿਚ ਸ਼ਾਮਿਲ ਡੈਲੀਗੇਟਾਂ ਵਲੋਂ ਉਠਾਏ ਸ਼ੰਕਿਆਂ ਦਾ ਨਿਵਾਰਣ ਕੀਤਾ।ਇਸ ਮੌਕੇ ਸ਼ੈਸ਼ਨ ਵਿੱਚ ਉਚੇਚੇ ਤੌਰ ‘ਤੇ ਸ਼ਾਮਿਲ ਨਾਮਵਰ ਕਵੀ ਸੁਰਜੀਤ ਪਾਤਰ ਨੇ ਬਹਿਰ ਨੂੰ ਗ਼ਜ਼ਲ ਦਾ ਜਰੂਰੀ ਤੱਤ ਸਵੀਕਾਰਦਿਆਂ ਇਸ ਗੱਲ ਤੇ ਪ੍ਰੋੜਤਾ ਕੀਤੀ ਕਿ ਹੁਣ ਪੰਜਾਬੀ ਗ਼ਜ਼ਲ ਦਾ ਭਵਿੱਖ ਬਹੁਤ ਜਿਆਦਾ ਰੌਸ਼ਨ ਹੈ। ਇਸ ਲਈ ਪੰਜਾਬੀ ਦੇ ਯੁਵਾ ਨਵੇਂ ਕਵੀਆਂ ਨੂੰ ਗ਼ਜ਼ਲ ਵਲ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਵਾਰਤਕ, ਗਿਆਨ ਸਾਹਿਤ ਅਤੇ ਅਨੁਵਾਦ ਸਬੰਧੀ ਚਲੇ ਸ਼ੈਸ਼ਨ ਦਾ ਸੰਚਾਲਨ ਰੋਜੀ ਸਿੰਘ ਨੇ ਕੀਤਾ ਜਿਸ ਵਿਚ ਸੋਹਜਦੀਪ, ਨਵੀ ਨਿਰਮਾਣ, ਪ੍ਰਿੰਸ ਧੁੰਨਾ, ਅਮਨਦੀਪ, ਸੁਖਵਿੰਦਰ ਸੁੁੱਖੀ ਭੀਖੀ, ਜੱਸੀ ਸੰਘਾ ਆਦਿ ਵਿਦਵਾਨ ਸ਼ਾਮਿਲ ਹੋਏ। ਜਦੋਂ ਕਿ ਇਸ ਮੌਕੇ ਤੇ ਪ੍ਰਸਿੱਧ ਵਿਦਵਾਨ ਡਾ ਹਰਪਾਲ ਸਿੰਘ ਪੰਨੂੰ ਵਿਸ਼ੇਸ਼ ਤੌਰ ਹਾਜਿਰ ਸਨ। ਜਿਨ੍ਹਾਂ ਨੇ ਪੰਜਾਬੀ ਵਾਰਤਕ ਸਬੰਧੀ ਗੱਲਬਾਤ ਕਰਦਿਆਂ ਆਖਿਆ ਕਿ ਵਾਰਤਕ ਭਾਵੇਂ ਗੰਭੀਰ ਸਾਹਿਤਕ ਵਿਧਾ ਹੈ, ਪਰ ਇਸ ਵਿਚ ਕਾਵਿਕ ਰਵਾਨੀ ਜਰੂਰੀ ਹੈ, ਤਾਂ ਜੋ ਪਾਠਕ ਵਰਗ ਇਸਦਾ ਭਾਰਾਪਣ ਮਹਿਸੂਸ ਨਾ ਕਰੇ। ਇਸੇ ਤਰ੍ਹਾਂ ਨਿੰਦਾ ਚੁਗਲੀ ਪ੍ਰਸੰਸਾ ਅਤੇ ਆਲੋਚਨਾ ਸਬੰਧੀ ਚਲੇ ਸ਼ੈਸ਼ਨ ਦਾ ਆਰੰਭ ਡਾ ਨੀਤੂ ਅਰੋੜਾ ਨੇ ਕੀਤਾ , ਜਦੋਂ ਕਿ ਇਸ ਵਿਚ ਡਾ ਯਾਦਵਿੰਦਰ ਸਿੰਘ, ਡਾ ਮਨਜਿੰਦਰ ਸਿੰਘ , ਡਾ ਸਰਬਜੀਤ ਮਾਨ, ਪਰਮਜੀਤ ਸਿੰਘ ਆਦਿ ਸ਼ਾਮਿਲ ਹੋਏ। ਜਦੋਂਕਿ ਇਸ ਮੌੋਕੇ ਤੇ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਪ੍ਰਸਿੱਧ ਆਲੋਚਕ ਡਾ ਹਰਿਭਜਨ ਸਿੰਘ ਭਾਟੀਆ ਨੇ ਪੰਜਾਬੀ ਆਲੋਚਨਾ ਸਬੰਧੀ ਤੱਥ ਪੇਸ਼ ਕਰਦਿਆਂ ਆਖਿਆ ਕਿ ਪੰਜਾਬੀ ਆਲੋਚਨਾ ਅਜੋਕੇ ਸਮੇਂ ਵਿਚ ਵਿਸ਼ਵ ਪੱਧਰ ਦੀ ਹੋ ਚੁੱਕੀ ਹੈ। ਜਿਸ ਕਾਰਣ ਪੰਜਾਬੀ ਆਲੋਚਨਾ ਦਾ ਭਵਿਖ ਬਹੁਤ ਉਜਵਲ ਹੈ। ਇਸ ਤਰ੍ਹਾਂ ਮੇਰੀ ਬੋਲੀ ਮੇਰਾ ਦੇਸ਼ ਦੇ ਨਾਮ ਹੋਠ ਆਯੋਜਿਤ ਸ਼ੈਸ਼ਨ ਵਿਚ ਪੰਜਾਬ ਅਤੇ ਪੰਜਾਬੀ ਦੇ ਭਵਿੱਖ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ,ਜਿਸ ਵਿਚ ਯਾਦਵਿੰਦਰ ਕਰਫਿਊ ਅਤੇ ਅਮਰਜੀਤ ਗਰੇਵਾਲ ਵਿਸ਼ੇਸ਼ ਤੌਰ ਤੇ ਸਾਮਿਲ ਹੋਏ। ਇਨ੍ਹਾਂ ਵਿਦਵਾਨਾਂ ਨੇ ਪੰਜਾਬੀ ਮਾਂ ਬੋਲੀ ਦੇ ਵਰਤਮਾਨ, ਅਤੇ ਭਵਿੱਖ ਸਬੰਧੀ ਸਰੋਤਿਆਂ ਵਲੋ ਉਠਾਏ ਗਏ ਪ੍ਰਸ਼ਨਾਂ ਦਾ ਨਿਵਾਰਣ ਕੀਤਾ ।
ਮੇਲੇ ਦੀ ਅੰਤ ਵਿੱਚ ਆਯੋਜਿਤ ਸ਼ੈਸ਼ਨ ਵਿੱਚ ਸੂਤਰਧਾਰ ਡਾ. ਸੁਰਜੀਤ ਸਿੰਘ ਨੇ ਇਸ ਮੇਲੇ ਦੇ ਮੰਤਵ ਨੂੰ ਸ਼ਪੱਸ਼ਟ ਕਰਦਿਆਂ ਯੁਵਾ ਸਾਹਿਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਉਚ ਕੋਟੀ ਦੀਆਂ ਕਦਰਾਂ ਕੀਮਤਾਂ ਵਾਲਾ ਸਾਹਿਤ ਦੀ ਰਚਨਾ ਕਰਨ। ਇਸ ਉਪਰੰਤ ਡਾ. ਸਰਬਜੀਤ ਕੌਰ ਸੋਹਲ ਨੇ ਮੇਲੇ ਸਬੰਧੀ ਸਮੁੱਚੀ ਰਿਪੋਰਟ ਪੇਸ਼ ਕੀਤੀ।ਇਸ ਮੌਕੇ ਤੇ ਮੁੱਖ ਮਹਿਮਾਨ ਵਰਿਆਮ ਸੰਧੂ ਨੇ ਇਹੋ ਜਿਹਾ ਸਫਲ ਮੇਲੇ ਕਰਾਉਣ ਦਾ ਪ੍ਰਬੰਧਕਾਂ ਨੂੰ ਦਿਲੀ ਮੁਬਾਰਕ ਬਾਦ ਦਿੱਤੀ।ਇਸ ਮੌਕੇ ਡਾ ਸੁਖਦੇਵ ਸਿੰਘ ਖਾਹਰਾ, ਸ਼੍ਰੀਮਤੀ ਹਰਜਿੰਦਰ ਕੌਰ, ਡਾ. ਸੁਖਬੀਰ ਸਿੰਘ, ਡਾ. ਦਵਿੰਦਰ ਕੌਰ, ਪ੍ਰੋ ਦਵਿੰਦਰਪਾਲ ਕੌਰ, ਡਾ. ਆਤਮ ਸਿੰਘ ਰੰਧਾਵਾ, ਡਾ ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ ਜੌਲੀ, ਡਾ. ਕੁਲਦੀਪ ਸਿੰਘ ਢਿਲੋਂ, ਡਾ ਹੀਰਾ ਸਿੰਘ ਰੰਧਾਵਾ, ਡਾ. ਜਸਬੀਰ ਸਿੰਘ, ਡਾ. ਮੰਗਤ ਰਾਮ, ਡਾ. ਹਰਜੀਤ ਕੌਰ, ਡਾ. ਰਾਜਵਿੰਦਰ ਕੌਰ, ਡਾ. ਮਿੰਨੀ ਸਲਵਾਨ ਆਦਿ ਹਾਜਰ ਸਨ।
Punjab Post Daily Online Newspaper & Print Media