ਬਠਿੰਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਚਾਇਤੀ ਰਾਜ ਸੰਸਥਾਵਾਂ ਦਾ ਸੂਬਾ ਪੱਧਰੀ ਖੇਡ ਮੇਲਾ 2 ਅਤੇ 3 ਅਪ੍ਰੈਲ ਨੂੰ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਫੂਲ ਦੀ ਮਾਲ ਮੰਡੀ ਨੇੜੇ ਖੇਡ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਐਲਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕੀਤਾ ਹੈ।ਮਲੂਕਾ ਨੇ ਸੂਬਾ ਪੱਧਰ ਦੀਆਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਮੁੱਖ ਤੌਰ ‘ਤੇ ਕਬੱਡੀ, ਵਾਲੀਬਾਲ, ਰੱਸਾਕਸ਼ੀ, ਗੋਲਾ ਸੁੱਟਣ ਅਤੇ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਮਰਦ ਅਤੇ ਔਰਤਾਂ ਲਈ ਵੱਖਰੇ-ਵੱਖਰੇ ਵਰਗ ਬਣਾਏ ਗਏ ਹਨ। ਇਸੇ ਤਰ੍ਹਾਂ ਪੰਚਾਇਤਾਂ ਦੇ ਚੁਣੇ ਗਏ ਨੁਮਾਇੰਦਿਆਂ ਦੇ ਮੁਕਾਬਲੇ ਵੀ ਅਲੱਗ ਵਰਗ ਵਿੱਚ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਪਿੰਡਾਂ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ ਅਤੇ ਨੌਜਵਾਨ ਉਸਾਰੂ ਰੁਚੀਆਂ ਵੱਲ ਪ੍ਰੇਰਿਤ ਹੋਣਗੇ। ਖੇਡਾਂ ਦੇ ਸਮਾਪਤੀ ਸਮਾਗਮ ਮੌਕੇ 3 ਅਪ੍ਰੈਲ ਨੂੰ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮਾਂ ਨਾਲ ਨਿਵਾਜਣਗੇ।ਸੂਬਾ ਪੱਧਰੀ ਇਨਾਮ ਵੰਡ ਸਮਾਗਮ ਮੌਕੇ ਮਰਦਾਂ ਅਤੇ ਔਰਤਾਂ ਦੀਆਂ ਕਬੱਡੀ, ਵਾਲੀਬਾਲ ਅਤੇ ਰੱਸਾਕਸ਼ੀ ਦੀਆਂ ਜੇਤੂ ਟੀਮਾਂ ਨੂੰ 51 ਹਜ਼ਾਰ ਤੋਂ ਲੈ ਕੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੂਜੀਆਂ ਖੇਡਾਂ ਲਈ ਵੀ ਦਿਲ ਖਿੱਚਵੇਂ ਇਨਾਮ ਦਿੱਤੇ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਪੰਚਾਇਤ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ/ ਪੰਚਾਇਤ ਸਮਿਤੀਆਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਪਿੰਡਾਂ ਦੇ ਗਭਰੂਆਂ ਅਤੇ ਮੁਟਿਆਰਾਂ ਵੱਲੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media