
ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਪਲਾਸਟਿਕ ‘ਤੇ 1 ਅਪ੍ਰੈਲ 2016 ਤੋਂ ਰੋਕ ਦੇ ਆਦੇਸ਼ ਦਾ ਈਕੋ ਅੰਮ੍ਰਿਤਸਰ ਨੇ ਭਰਵਾਂ ਸਵਾਗਤ ਕੀਤਾ ਹੈ। ਪਲਾਸਟਿਕ ਵਾਤਾਵਰਨ ਦੇ ਦੂਸ਼ਿਤ ਹੋਣ ਦਾ ਇਕ ਪ੍ਰਮੁੱਖ ਕਾਰਣ ਹੈ। ਪਲਾਸਟਿਕ ਦੇ ਥੈਲੇ ਅਤੇ ਥਰਮੋਕੋਲ ਦੇ ਬਰਤਨ ਜਿੱਥੇ ਕਿ ਸੀਵਰ, ਨਾਲੇ ਅਤੇ ਛੱਪੜਾਂ ਨੂੰ ਜਾਮ ਕਰ ਦਿੰਦਾ ਹੈ। ਉੱਥੇ ਇਹ ਚੀਜਾਂ ਗੰਦਗੀ ਦੇ ਢੇਰਾਂ ਵਿੱਚ ਸੜ ਕੇ ਦੂਸ਼ਿਤ ਗੈਸਾਂ ਵਾਤਾਵਰਨ ਵਿੱਚ ਛੱਡਦੀਆਂ ਹਨ। ਇਹ ਹੀ ਬਸ ਨਹੀਂ ਸ਼ਹਿਰਾਂ ਦੇ ਵਿੱਚ ਘੁਮਦੀਆਂ ਗਾਵਾਂ ਪਲਾਸਟਿਕ ਦੇ ਪੈਕਟ ਖਾ ਕੇ ਦਮ ਤੋੜ ਦਿੰਦੀਆਂ ਹਨ। ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਅਤਿ ਗਰਮੀ ਕਰਕੇ ਜਿੱਥੇ ਪਾਣੀ ਦੂਸ਼ਿਤ ਹੁੰਦਾ ਹੈ ਉੱਥੇ ਇਹਨਾਂ ਪਦਾਰਥਾਂ ਵਿੱਚ ਖਾਣ ਦੀਆਂ ਚੀਜਾਂ ਦੀ ਸੰਭਾਲ ਵੀ ਖਤਰੇ ਤੋਂ ਖਾਲੀ ਨਹੀਂ।
ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਕੁਝ ਹੀ ਚਿਰ ਪਹਿਲਾਂ ਪਲਾਸਟਿਕ ਦੀ ਵਰਤੋਂ ਬੰਦ ਕਰਵਾਉਣ ਲਈ ਸ਼ੌ-ਕਾਜ ਨੋਟਿਸ ਦਿੱਤਾ ਸੀ। ਇਸਦਾ ਕਾਰਣ ਪੰਜਾਬ ਦੇ ਵਿੱਚ ਪਲਾਸਟਿਕ ਦੇ ਥੈਲਿਆਂ, ਥਰਮੋਕੋਲ ਪਲੇਟਾਂ, ਗਲਾਸਾਂ, ਪਾਣੀ ਦੀਆਂ ਬੋਤਲਾਂ ਦੀ ਭਰਪੂਰ ਵਰਤੋ ਸੀ। ਜਿਸ ਕਰਕੇ ਪੰਜਾਬ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਪੰਜਾਬ ਸਰਕਾਰ ਨੇ ਪੰਜਾਬ ਪਲਾਸਟਿਕ ਕੈਰੀ ਬੈਗ ਐਕਟ ਦੀ ਧਾਰਾ 7 ਅਧੀਨ ਇਹਨਾਂ ਚੀਜਾਂ ਦੀ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਵਿੱਚ ਰੋਕ 1 ਅਪ੍ਰੈਲ ਤੋਂ ਲਗਾ ਦਿੱਤੀ ਹੈ।
ਈਕੋ ਅੰਮ੍ਰਿਤਸਰ ਨੇ ਪਿਛਲੇ ਕੁਝ ਸਾਲਾਂ ਵਿੱਚ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸਿੱੀਖਅਕ ਅਦਾਰੇ, ਉਦਯੋਗਪਤੀ ਅਤੇ ਲੋਕ ਭਲਾਈ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਰਲ ਕੇ ਇਸ ਮੁੱਦੇ ਤੇ ਭਰਪੂਰ ਕੰਮ ਕੀਤਾ ਹੈ। ਇਸ ਮਿਹਨਤ ਦੇ ਸਦਕਾ ਅੱਜ ਨਗਰ ਕੀਰਤਨ ਅਤੇ ਧਾਰਮਿਕ ਇਕੱਠਾਂ ਵਿੱਚ ਕੁਦਰਤੀ ਡੋਨੇ ਅਤੇ ਪੱਤਲ ਦੀ ਵਰਤੋਂ ਆਮ ਹੋ ਚੁੱਕੀ ਹੈ। ਸਮੇਂ-ਸਮੇਂ ਤੇ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਕਿ ਇਹਨਾਂ ਕੁਦਰਤੀ ਪਦਾਰਥਾਂ ਦੀ ਵਰਤੋਂ ਬਾਅਦ ਇਹਨਾਂ ਨੂੰ ਖੱਡੇ ਖੋਦ ਕੇ ਦਬਾ ਦਿੱਤਾ ਜਾਵੇ ਤਾਂ ਜੋ ਇਹਨਾਂ ਤੋਂ ਖਾਦ ਬਣ ਸਕੇ। ਇਹ ਕੋਸ਼ਿਸ਼ਾਂ ਹੁਣ ਈਕੋ ਸਿੱਖ ਰਾਹੀਂ ਨਾ ਸਿਰਫ ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਬਲਕਿ ਭਾਰਤ ਦੇ ਅਨੇਕ ਕੇਂਦਰਾਂ ਵਿੱਚ ਵੀ ਜਾਰੀ ਹਨ। ਗੁਨਬੀਰ ਸਿੰਘ ਚੇਅਰਮੈਨ ਈਕੋ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਆਖਿਆ ਕਿ ਪਲਾਸਟਿਕ ਦੀ ਵਰਤੋਂ ਤੇ ਰੋਕ ਦਾ ਲਾਭ ਵਾਤਾਵਰਨ ਨੂੰ ਜਰੂਰ ਹੋਏਗਾ ਪਰ ਇਹ ਮੁਹਿੰਮ ਕਾਮਯਾਬ ਤਾਂ ਹੀ ਹੋਏਗੀ ਜੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਸ਼ਹਿਰ ਵਾਸੀ ਇਸ ਬਦਲਾਅ ਨੂੰ ਖੁਲ੍ਹ ਦਿਲੀ ਨਾਲ ਅਪਨਾੳਣ। ਅਸੀਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਪੜੇ ਦੇ ਥੈਲੇ ਦੀ ਵਰਤੋਂ ਅਤੇ ਕੁਦਰਤੀ ਪਦਾਰਥਾਂ ਦੇ ਬਣੇ ਬਰਤਨਾਂ ਦੀ ਸਿਫਾਰਿਸ਼ ਕਰ ਰਹੇ ਹਾਂ। ਪੰਜਾਬ ਸਰਕਾਰ ਨੂੰ ਜਿੱਥੇ ਅਸੀਂ ਇਹ ਅਪੀਲ ਕਰਦੇ ਹਾਂ ਕਿ ਪਲਾਸਟਿਕ ਤੇ ਰੋਕ ਨਾ ਸਿਰਫ ਸ਼ਹਿਰਾਂ ਬਲਕਿ ਪਿੰਡਾਂ ਦੇ ਵਿੱਚ ਵੀ ਲਗਾਈ ਜਾਵੇ ਉੱਥੇ ਕੁਦਰਤੀ ਵਸਤਾਂ ਪਿੰਡਾਂ ਅਤੇ ਸ਼ਹਿਰਾਂ ਵਿੱਛ ਆਮ ਮੁਹੱਈਆ ਕਰਵਾਈਆਂ ਜਾਣ।
Punjab Post Daily Online Newspaper & Print Media