
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪੁੱਜੇ 3 ਪ੍ਰਵਾਸੀ ਸਾਬਕਾ ਵਿਦਿਆਰਥੀ ਜਿਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਹਨ, ਦਾ ਅੱਜ ਕਾਲਜ ਦੇ ਵਿਹੜੇ ਵਿੱਚ ਪਹੁੰਚਣ ਉਪਰੰਤ ਨਿੱਘਾ ਸਵਾਗਤ ਕੀਤਾ ਗਿਆ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੌਂਸਲ ਦੇ ਦਫਤਰ ਵਿਖੇ ਆਯੋਜਿਤ ਕੀਤੇ ਗਏ ਖਾਸ ਪ੍ਰੋਗਰਾਮ ਦੌਰਾਨ ਅਮਰੀਕੀ ਨਾਗਰਿਕ ਅਤੇ ਵਿਰਜੀਨੀਆ ਸਟੇਟ ਦੇ ਨਾਮਵਰ ਬਿਜਨੈਸਮੈਨ ਸ: ਮਹਿਤਾਬ ਸਿੰਘ ਕਾਹਲੋਂ, ਵੈਨਕੂਵਰ (ਕੈਨੇਡਾ) ਦੇ ਉੱਘੇ ਪੱਤਰਕਾਰ ਸ: ਅਮਰਜੀਤ ਸਿੰਘ ਸਰ੍ਹਾਂ ਅਤੇ ਓਨਟੈਰੀਓ (ਅਮਰੀਕਾ) ਤੋਂ ਸ੍ਰੀ ਨਵਦੀਪ ਭਾਰਤੀ ਨੂੰ ਉਨ੍ਹਾਂ ਦੀਆਂ ਉਪਲਬੱਧੀਆਂ ਲਈ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਕਾਲਜ ਨੂੰ ਆਪਣੀ ਵਿਸ਼ਵ ਭਰ ਵਿੱਚ ਫੈਲੀ ਐਲੂਮਨੀ ‘ਤੇ ਫ਼ਖਰ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਦਿਆਰਥੀ ਆਪਣੀ ਮਾਤਰੀ ਸੰਸਥਾ ਦ ਅੰਬਸੈਂਡਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋਈ ਕਿ ਇੰਨ੍ਹਾਂ ਪੁਰਾਣੇ ਤਿੰਨਾਂ ਵਿਦਿਆਰਥੀਆਂ ਨੇ ਜੀਵਨ ਵਿੱਚ ਉੱਚੇ ਮੁਕਾਮ ਹਾਸਲ ਕਰਕੇ ਬੁਲੰਦੀਆਂ ਨੂੰ ਛੂਹਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਹਰ ਸਾਲ ਐਲੂਮਨੀ ਮੀਟ ਕਰਵਾਕੇ ਸਾਬਕਾ ਵਿਦਿਆਰਥੀਆਂ ਨੂੰ ਆਪਣੀ ਮਾਤਰੀ ਸੰਸਥਾ ਵਿੱਚ ਪਹੁੰਚ ਕੇ ਪੁਰਾਣੀਆਂ ਯਾਦਾਂ ਤਾਜਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਅਗਲੀ ਸਾਬਕਾ ਵਿਦਿਆਰਥੀਆਂ ਦੀ ਮਿਲਨੀ 5 ਮਾਰਚ 2017 ਵਿੱਚ ਹੋਵੇਗੀ।
ਪੰਜਾਬ ਕਲਚਰਲ ਪ੍ਰਮੋਸ਼ਨ ਕਾਊਂਸਲ ਦੇ ਡਾਇਰੈਕਟਰ ਅਤੇ ਖ਼ਾਲਸਾ ਗਵਰਨਿਗ ਕੌਂਸਲ ਦੇ ਮੈਂਬਰ ਸ: ਦਵਿੰਦਰ ਸਿੰਘ ਛੀਨਾ ਦੀ ਅਗਵਾਈ ਵਿੱਚ ਪਹੁੰਚੇ ਸਾਬਕਾ ਵਿਦਿਆਰਥੀਆਂ ਦੇ ਵਫ਼ਦ ਨੇ ਕਾਲਜ ਕੈਂਪਸ ਦਾ ਦੌਰਾ ਕਰਕੇ ਵਿਦਿਆਰਥੀ ਸਮੇਂ ਦੀਆਂ ਯਾਦਾਂ ਨੂੰ ਤਰੋਤਾਜ਼ਾ ਕੀਤਾ। ਸ: ਦਵਿੰਦਰ ਛੀਨਾ ਜੋ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਅੰਤਰਰਾਸ਼ਟਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਕੇ ਮਾਨਵਤਾ ਦੇ ਮੇਲ-ਮਿਲਾਪ ਅਤੇ ਦੁਨੀਆ ਦੀ ਸਾਂਝੀ ਵਿਰਾਸਤ ਲਈ ਕੰਮ ਕਰ ਰਹੇ ਹਨ, ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਆਪਣੀ ਮਾਤਰੀ ਸੰਸਥਾ ਨੂੰ ਸਮਰਪਿਤ ਹਨ ਅਤੇ ਇਸਦੇ ਵਿਕਾਸ ਲਈ ਯੋਗਦਾਨ ਪਾਉਣ ਲਈ ਤੱਤਪਰ ਹਨ।
ਪ੍ਰਿੰ: ਡਾ. ਮਹਿਲ ਸਿੰਘ ਨੇ ਸਾਬਕਾ ਵਿਦਿਆਰਥੀਆਂ ਦੇ ਸਵਾਗਤ ਵਿੱਚ ਕਿਹਾ ਕਿ 124 ਸਾਲਾ ਤੋਂ ਖ਼ਾਲਸਾ ਕਾਲਜ ਮਨੁੱਖਤਾ ਦੀ ਸੇਵਾ ਵਿੱਚ ਵਿੱਦਿਆ ਦਾ ਪ੍ਰਸਾਰ ਕਰ ਰਹੇ ਹਨ ਅਤੇ ਇਸ ਨੇ ਕਈ ਨਾਮਵਰ ਖਿਡਾਰੀ, ਬਿਜਨਸਮੈਨ, ਰਾਜਨੀਤਿਕ, ਅਦਾਕਾਰ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ਨਾਮਣਾ ਖੱਟਣ ਵਾਲੇ ਵਿਦਿਆਰਥੀ ਪੈਦੇ ਕੀਤੇ ਹਨ। ਖ਼ਾਲਸਾ ਕਾਲਜ ਜੋ ਕਿ ਕਈ ਅਣਗਿਣਤ ਅਭੁੱਲ ਯਾਦਾਂ ਨੂੰ ਸਮੋਏ ਬੈਠਾ ਹੈ, ਜਿਸ ਨੂੰ ਕਦੇ ਵੀ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਜਿਸਦੀ ਸਥਾਪਨਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਲਈ ਅਤੇ ਖ਼ਾਲਸਾ ਹੋਂਦ ਨੂੰ ਬਰਕਰਾਰ ਰੱਖਣ ਲਈ ਉੇਸੇ ਵੇਲੇ ਵੱਡ-ਵਡੇਰਿਆਂ ਵੱਲੋਂ ਅਮੁੱਲਾਂ ਯੋਗਦਾਨ ਪਾ ਕੇ ਕੀਤੀ ਗਈ ਸੀ, ਨੂੰ ਸੀਸ ਨਿਵਾਉਂਦੇ ਹਾਂ।
ਸ: ਮਹਿਤਾਬ ਸਿੰਘ ਕਾਹਲੋਂ ਅਤੇ ਸ: ਅਮਰਜੀਤ ਸਿੰਘ ਸਰ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਨਾਲ ਸਬੰਧਿਤ ਵੇਲੇ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਇਸ ਵਿੱਦਿਅਕ ਸੰਸਥਾ ਤੋਂ ਵਿੱਦਿਆ ਹਾਸਲ ਕਰਕੇ ਜਿੰਦਗੀ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜਿਸ ਲਈ ਉਹ ਕਾਲਜ ਦੇ ਹਮੇਸ਼ਾਂ ਰਿਣੀ ਰਹਿਣਗੇ। ਇਸ ਮੌਕੇ ਸ: ਛੀਨਾ ਨੇ ਇਹ ਐਲਾਨ ਵੀ ਕੀਤਾ ਕਿ ਖ਼ਾਲਸਾ ਕਾਲਜ ਸੋਸਾਇਟੀ ਨੇ ਸਾਬਕਾ ਵਿਦਿਆਰਥੀਆਂ ਲਈ 1 ਕਮਰਾ 2 ਦਿਨ ਲਈ ਆਪਣੇ ਗੈਸਟ ਹਾਊਸ ਵਿੱਚ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ। ਸਾਬਕਾ ਵਿਦਿਆਰਥੀਆਂ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਉਤਰੀ ਅਮਰੀਕਾ ਵਿੱਚ ਇਕ ਖਾਸ ਪ੍ਰੋਗਰਾਮ ਆਯੋਜਨ ਕਰਕੇ ਆਪਣੀ ਮਾਤਰ ਸੰਸਥਾ ਲਈ ਕਿਸੇ ਵੱਡੇ ਪ੍ਰੋਜੈਕਟ ਜਿਸ ਵਿੱਚ ਹੋਸਟਲ ਦਾ ਨਿਰਮਾਣ ਜਾਂ ਫਿਰ ਗਰੀਬ ਵਿਦਿਆਰਥੀਆਂ ਲਈ ਵਜੀਫ਼ੇ ਆਦਿ, ਸ਼ਾਮਿਲ ਹੋ ਸਕਦੇ ਹਨ, ਨੂੰ ਉਲੀਕ ਕੇ ਮੈਨੇਜ਼ਮੈਂਟ ਨੂੰ ਸੂਚਿਤ ਕਰਨਗੇ। ਇਸ ਮੌਕੇ ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਦੇਵ ਸਿੰਘ, ਰਵਿੰਦਰ ਸਿੰਘ ਰੌਬਿਨ, ਡੀ. ਐੱਸ. ਰਟੌਲ, ਸ: ਸੁਖਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਹੈਪੀ ਰਾਜੇਵਾਲੀਆ ਤੋਂ ਇਲਾਵਾ ਹੋਰ ਸਖਸ਼ੀਅਤਾਂ ਮੌਜ਼ੂਦ ਸਨ।
Punjab Post Daily Online Newspaper & Print Media