
ਅਮ੍ਰਿਤਸਰ, 5 ਜੂਨ (ਪੰਜਾਬ ਪੋਸਟ ਬਿਊਰੋ)- ਯੂਥ ਸਿੱਖ ਕੌਂਸਲ ਦੀ ਮੀਟਿੰਗ ਪ੍ਰਧਾਨ ਮੰਨਾ ਸਿੰਘ ਝਾਮਕੇ ਦੀ ਪ੍ਰਧਾਨਗੀ ਹੇਠ ਨਿਊ ਅੰਮ੍ਰਿਤਸਰ ਵਿਖੇ ਹੋਈ, ਜਿਸ ਦੌਰਾਨ ਘੱਲੂਘਾਰਾ ਦਿਵਸ ਅਤੇ ਮੌਜੂਦਾ ਹਾਲਾਤ ਬਾਰੇ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਨਾ ਸਿੰਘ ਝਾਮਕੇ ਨੇ ਕਿਹਾ ਹੈ ਕਿ 1984 ਵਿੱਚ ਜੋ ਮੰਦਭਾਗਾ ਵਾਪਰਿਆ ਉਸ ਦੀ ਯਾਦ ਵਿੱਚ ਘੱਲੂਘਾਰਾ ਦਿਵਸ ਮੌਕੇ ਸਮੂਹ ਸਿੱਖ ਜਗਤ ਰੋਸ ਭਰੇ ਮਨ ਨਾਲ ਸਾਂਤਮਈ ਢੰਗ ਨਾਲ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੇ।ਮੌਜੂਦਾ ਹਾਲਾਤਾਂ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਗੁਰੂ ਪੰਥ ਵਿੱਚ ਬਖੇੜਾ ਪਾਉਣ ਵਾਲੀਆਂ ਸਿੱਖ ਵਿਰੋਧੀ ਤਾਕਤਾਂ ਅਤੇ ਆਏ ਦਿਨ ਬਾਣੀ ਉਪਰ ਹਮਲੇ ਕਰਨ ਵਾਲੀਆਂ ਸ਼ਕਤੀਆਂ ਪ੍ਰਤੀ ਕੌਮ ਸੁਚੇਤ ਹੋਵੇ।ਝਾਮਕੇ ਨੇ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਿੱਖ ਹੀ ਸਿੱਖਾਂ ਨੂੰ ਖਤਮ ਕਰਨ ‘ਤੇ ਤੁਲੇ ਹਨ ਅਤੇ ਖੁੱਦ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਭੁੱਲੀ ਬੈਠੇ ਹਨ।ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਸਿੱਖਾਂ ਦੀ ਸੁਪਰੀਮ ਕੋਰਟ ਹੈ, ਜਿਸ ਦਾ ਸਭ ਨੂੰ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਸ ਅਸਥਾਨ ਉਤੇ ਕਿਸੇ ਕਿਸਮ ਦੀ ਸਿਆਸਤ ਨਹੀਂ ਹੋਣੀ ਚਾਹੀਦੀ ।ਝਾਮਕੇ ਨੇ ਹੋਰ ਕਿਹਾ ਕਿ ਸਾਡੇ ਲੀਡਰਾਂ ਨੂੰ ਸਿੱਖ ਮੁੱਦਿਆਂ ਬਾਰੇ ਗੰਭੀਰ ਹੋਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋਣ।
ਅੰਤ ਵਿੱਚ ਉਨਾਂ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ, ਜਿਸ ਨਾਲ ਸਿੱਖ ਕੌਮ ਤੇ ਸਿੱਖ ਗੁਰ ਅਸਥਾਨਾਂ ਦੀ ਬੇਅਦਬੀ ਹੋਵੇ।ਇਸੱ ਮੌਕੇ ਜਗਮੇਲ ਸਿੰਘ ਸ਼ੀਰਾ, ਜਰਨੈਲ ਸਿੰਘ ਭੁੱਲਰ, ਗੁਰਨਾਮ ਸਿੰਘ, ਜਸਦੇਵ ਸਿੰਘ ਬੰਟੀ, ਗੁਰਪ੍ਰੀਤ ਸਿੰਘ ਸੰਨੀ, ਹੈਪੀ ਸੋਹਲ, ਲਵਲੀ ਸੋਹਲ ਆਦਿ ਆਗੂ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media