Monday, July 8, 2024

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਸਮਾਗਮ 18 ਅਗਸਤ ਤੋਂ – ਦਿਲਜੀਤ ਸਿੰਘ

Diljit Singh Bedi

ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ। ਇਸ ਸਬੰਧ ਵਿੱਚ ਗੁਰੁਦਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਪਹਿਲਾ ਗੁਰਮਤਿ ਸਮਾਗਮ ਕਵੀ ਸੰਮੇਲਨ 18 ਅਗਸਤ 2016 ਦਿਨ ਵੀਰਵਾਰ ਨੂੰ ਸਵੇਰੇ 10 ਤੋਂ ਰਾਤ 10 ਵਜੇ ਤੀਕ ਹੋਵੇਗਾ। ਜਿਸ ਵਿੱਚ 52 ਕਵੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਦੂਜਾ ਗੁਰਮਤਿ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ (ਬਠਿੰਡਾ) ਵਿਖੇ 29 ਅਗਸਤ ਦਿਨ ਸੋਮਵਾਰ ਨੂੰ ਸਵੇਰੇ 11 ਤੋਂ ਦੁਪਹਿਰ 3 ਵਜੇ ਤੀਕ ਹੋਵੇਗਾ।ਸ. ਬੇਦੀ ਨੇ ਦੱਸਿਆ ਕਿ ਤੀਜਾ ਗੁਰਮਤਿ ਸਮਾਗਮ ਗੁਰਦੁਆਰਾ ਜ਼ਫਰਨਾਮਾ ਸਾਹਿਬ ਦੀਨਾ ਕਾਂਗੜ (ਮੋਗਾ) ਵਿਖੇ 16 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੀਕ ਤੇ ਚੌਥਾ ਗੁਰਮਤਿ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 9 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੀਕ ਹੋਵੇਗਾ।ਉਨ੍ਹਾਂ ਕਿਹਾ ਕਿ ਪੰਜਵਾਂ ਗੁਰਮਤਿ ਸਮਾਗਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਂਰਾਸ਼ਟਰ) ਵਿਖੇ 1 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੀਕ ਕਰਵਾਇਆ ਜਾਵੇਗਾ।
ਸ. ਬੇਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਤੇ ਸਜਾਏ ਜਾ ਰਹੇ ਨਗਰ ਕੀਰਤਨ ਦੇ ਰੂਟ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ 20 ਨਵੰਬਰ ਨੂੰ ਨਗਰ ਕੀਰਤਨ ਦੀ ਆਰੰਭਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਵੇਗੀ ਤੇ ਰਾਤ ਦਾ ਵਿਸ਼ਰਾਮ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਵੇਗਾ। ਇਸੇ ਤਰ੍ਹਾਂ 21 ਨਵੰਬਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਰਵਾਨਾ ਹੋ ਕੇ ਰਾਤ ਅੰਬਾਲਾ ਠਹਿਰੇਗਾ। 22 ਨਵੰਬਰ ਨੂੰ ਅੰਬਾਲਾ ਤੋਂ ਰਵਾਨਾ ਹੋ ਕੇ ਰਾਤ ਦਾ ਠਹਿਰਾਓ ਗੁਰਦੁਆਰਾ ਸਾਹਿਬ ਕਪਾਲ ਮੋਚਨ ਵਿਖੇ ਕਰੇਗਾ। 23 ਨਵੰਬਰ ਨੂੰ ਉਕਤ ਸਥਾਨ ਤੋਂ ਚੱਲ ਕੇ ਰਾਤ ਨੂੰ ਹਰਿਦੁਆਰ ਪਹੁੰਚੇਗਾ। 24 ਨਵੰਬਰ ਨੂੰ ਹਰਿਦੁਆਰ ਤੋਂ ਆਰੰਭ ਹੋ ਕੇ ਰਾਤ ਗੁਰਦੁਆਰਾ ਨਾਨਕਮਤਾ ਪਹੁੰਚੇਗਾ। 25 ਨਵੰਬਰ ਨੂੰ ਗੁਰਦੁਆਰਾ ਨਾਨਕਮਤਾ ਤੋਂ ਆਰੰਭ ਹੋ ਕੇ ਰਾਤ ਪੀਲੀਭੀਤ ਪੁੱਜੇਗਾ। 26 ਨਵੰਬਰ ਨੂੰ ਇਹ ਨਗਰ ਕੀਰਤਨ ਪੀਲੀਭੀਤ ਤੋਂ ਰਵਾਨਾ ਹੋ ਕੇ ਰਾਤ ਨੂੰ ਲਖਨਊ ਆਵੇਗਾ।27 ਨਵੰਬਰ ਨੂੰ ਲਖਨਊ ਤੋਂ ਰਵਾਨਾ ਹੋ ਕੇ ਰਾਤ ਅਯੁਧਿਆ ਵਿਸ਼ਰਾਮ ਕਰੇਗਾ।28 ਨਵੰਬਰ ਨੂੰ ਅਯੁਧਿਆ ਤੋਂ ਰਵਾਨਗੀ ਉਪਰੰਤ ਰਾਤ ਇਲਾਹਾਬਾਦ ਪੁੱਜੇਗਾ।29 ਨਵੰਬਰ ਨੂੰ ਇਲਾਹਾਬਾਦ ਤੋਂ ਰਵਾਨਗੀ ਕਰਕੇ ਰਾਤ ਬਨਾਰਸ ਪੁੱਜੇਗਾ। 30 ਨਵੰਬਰ ਨੂੰ ਬਨਾਰਸ ਤੋਂ ਅਰੰਭ ਹੋ ਕੇ ਰਾਤ ਸਾਸਾਰਾਮ ਆਵੇਗਾ ਤੇ ਅਖੀਰ 1 ਦਸੰਬਰ ਨੂੰ ਇਹ ਵਿਸ਼ਾਲ ਨਗਰ ਕੀਰਤਨ ਸਾਸਾਰਾਮ ਤੋਂ ਰਵਾਨਾ ਹੋ ਕੇ ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਵਿਖੇ ਰਾਤ ਨੂੰ ਸੰਪੰਨ ਹੋਵੇਗਾ।
ਉਨ੍ਹਾਂ ਵਧੇਰੇ ਜਾਣਕਾਰੀ ਦੇਂਦਿਆਂ ਕਿਹਾ ਕਿ ਇਸੇ ਕੜੀ ਤਹਿਤ 1 ਜਨਵਰੀ 2017 ਨੂੰ ਸਵੇਰੇ 9-00 ਵਜੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 3 ਜਨਵਰੀ ਨੂੰ ਸਵੇਰੇ 8-00 ਵਜੇ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਉਪਰੰਤ ਵੱਖ-ਵੱਖ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਤੇ ਪੰਥ ਪ੍ਰਸਿੱਧ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਵਾਰਾਂ ਗਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਗੁਰਮਤਿ ਸਮਾਗਮਾਂ ਵਿੱਚ ਅੰਮ੍ਰਿਤ ਸੰਚਾਰ ਦੇ ਇਲਾਵਾ ਸੈਮੀਨਾਰ, ਹਾਕੀ ਮੁਕਾਬਲੇ, ਗਤਕਾ, ਲਾਈਟ ਐਂਡ ਸਾਊਂਡ ਸ਼ੋਅ ਅਤੇ ਕਵੀ ਦਰਬਾਰ ਆਦਿ ਕਰਵਾਏ ਜਾਣਗੇ।
ਸz: ਬੇਦੀ ਨੇ ਕਿਹਾ ਕਿ ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੌਮਣੀ ਕਮੇਟੀ ਨੇ ਸਮੂਹ ਧਾਰਮਿਕ, ਸਮਾਜਿਕ, ਪੰਥਕ ਜਥੇਬੰਦੀਆਂ ਅਤੇ ਸੰਗਤਾਂ ਨੂੰ ਇਸ ਸਮਾਗਮ ਵਿੱਚ ਆਪਣੇ-ਆਪਣੇ ਪ੍ਰੀਵਾਰਾਂ ਸਮੇਤ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply