ਸੰਦੌੜ, 27 ਜੂਨ (ਹਰਮਿੰਦਰ ਸਿੰਘ ਭੱਟ)- ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਅਤੇ ਰਾਖਵਾਂਕਰਨ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ 29 ਜੂਨ ਨੂੰ ਮੁਹਾਲੀ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਸ਼ਿਫ਼ਟ ਕਰਨ ਦਾ ਫ਼ੈਸਲਾ ਕੀਤਾ ਹੈ।ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਚੰਦੜ ਨੇ ਦੱਸਿਆ ਕਿ ਹਾਲ ਹੀ ਵਿਚ 249 ਪ੍ਰਿੰਸੀਪਲਾਂ ਦੀਆਂ ਕੀਤੀਆਂ ਪਦ ਉੱਨਤੀਆਂ ਵਿਚ ਸੀਨੀਅਰ ਲੈਕਚਰਾਰਾਂ ਨੂੰ ਛੱਡ ਕੇ ਜੂਨੀਅਰ ਨੂੰ ਪਦ ਉੱਨਤ ਕਰਨ ਲਈ ਜਿੱਥੇ ਸਿੱਖਿਆ ਵਿਭਾਗ ਦੇ ਡੀ.ਪੀ.ਆਈ (ਸ) ਅਤੇ ਹੋਰ ਅਧਿਕਾਰੀ ਕਸੂਰਵਾਰ ਹਨ ਉੱਥੇ ਹੀ ਸਿੱਖਿਆ ਮੰਤਰੀ ਵੀ ਮੁੱਖ ਤੌਰ ਤੇ ਜ਼ਿੰਮੇਵਾਰ ਹਨ।ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਵਿਚ ਅਧਿਕਾਰੀਆਂ ਦੀ ਇੱਕ ਅਜਿਹੀ ਲਾਬੀ ਕੰਮ ਕਰ ਰਹੀ ਹੈ ਜੋ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੇ ਹਿਤਾਂ ਵਿਰੁੱਧ ਸਾਜ਼ਿਸ਼ਾਂ ਰਚ ਕੇ ਰਾਖਵਾਂਕਰਨ ਨੀਤੀ ਨੂੰ ਠੀਕ ਢੰਗ ਨਾਲ ਲਾਗੂ ਕਰਨ ਵਿੱਚ ਅੜਿੱਕੇ ਲਾ ਰਹੀ ਹੈ।ਇਸ ਤੋਂ ਇਲਾਵਾ ਬੈਕਲਾਗ ਪੂਰਾ ਕਰਨ, ਰੋਸਟਰ ਮੇਨਟੇਨ ਕਰਨ, ਠੇਕਾ ਆਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕਰਨ, ਤਨਖ਼ਾਹ ਕਮਿਸ਼ਨ ਦੀ ਸਥਾਪਨਾ, ਡੀ.ਏ ਦੀਆਂ ਕਿਸ਼ਤ ਜਾਰੀ ਕਰਨ, ਵਜ਼ੀਫ਼ਾ ਜਾਰੀ ਕਰਨ ਦੀਆਂ ਮੰਗਾਂ ਵੀ ਧਰਨੇ ਦਾ ਏਜੰਡਾ ਹਨ।ਇਸ ਮੌਕੇ ਜਿੱਲ੍ਹਾ ਪ੍ਰਧਾਨ ਸੰਗਰੂਰ ਕ੍ਰਿਸ਼ਨ ਸਿੰਘ ਦੁੱਗਾਂ, ਜ਼ਿਲ੍ਹਾ ਆਗੂ ਕੁਲਵੰਤ ਸਿੰਘ ਪੰਜਗਰਾਈਆਂ, ਸੁਖਦੇਵ ਸਿੰਘ ਚੱਕ, ਜਸਪਾਲ ਸਿੰਘ ਨੱਥੋਹੇੜੀ, ਜਸਵਿੰਦਰ ਸਿੰਘ ਮੋਰਾਂਵਾਲੀ, ਭੁਪਿੰਦਰ ਸਿੰਘ ਨੱਥੂਮਾਜਰਾ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media