ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਖੁਰਮਣੀਆ)- ਸੂਬਾ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਲਟਕਦੇ ‘ਖ਼ਾਲਸਾ ਯੂਨੀਵਰਸਿਟੀ’ ਦੀ ਸਥਾਪਨਾ ਦੇ ਫੈਸਲੇ ‘ਤੇ ਲਾਈ ਮੋਹਰ ਦੀ ਅੱਜ ਚੁਫ਼ੇਰਿਓ ਸ਼ਲਾਘਾ ਦਰਜ ਕੀਤੀ ਗਈ। ਯੂਨੀਵਰਸਿਟੀ ਦੀ ਮੈਨੇਜ਼ਮੈਂਟ ਨੇ ਜਿੱਥੇ ਸਰਕਾਰ, ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਇਸ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਲਈ ਧੰਨਵਾਦ ਕੀਤਾ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ-ਵੱਖ ਸਟੂਡੈਂਟਸ ਫੈਡਰੇਸ਼ਨ, ਵਿੱਦਿਅਕ ਸੰਸਥਾਵਾਂ, ਮਾਹਿਰਾਂ ਅਤੇ ਵਿਦੇਸ਼ੀ ਸਿੱਖਾਂ ਨੇ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮੰਤਰੀ ਵੱਲੋਂ ਖ਼ਾਲਸਾ ਯੂਨੀਵਰਸਿਟੀ ਬਣਾਉਣ ਦੀ ਪ੍ਰਵਾਨਗੀ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਸ: ਛੀਨਾ ਨੇ ਕਿਹਾ ਕਿ 125 ਸਾਲਾਂ ਵਿਰਾਸਤੀ ਇਮਾਰਤ ‘ਖ਼ਾਲਸਾ ਕਾਲਜ’ ਦੇ ਨਾਲ-ਨਾਲ ਵੱਡ-ਵਡੇਰਿਆਂ ਨੇ ਸੁਪਨਾ ਸਜੋਇਆ ਸੀ ਕਿ ‘ਖ਼ਾਲਸਾ ਯੂਨੀਵਰਸਿਟੀ’ ਦੀ ਵੀ ਇਕ ਦਿਨ ਸਥਾਪਨਾ ਕੀਤੀ ਜਾਵੇਗੀ ਜੋ ਕਿ ਸਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਮੁੱਖ ਮੰਤਵ ਪ੍ਰੋਫੈਸ਼ਨਲ, ਬਹੁਪੱਖੀ ਵਿਸ਼ਿਆ ਦੀ ਵਿੱਦਿਆ ਤੇ ਖੋਜ ਕਰਨਾ ਹੋਵੇਗਾ ਅਤੇ ਇਹ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਲਈ ਵਚਨਬੱਧ ਹੋਵੇਗੀ।
ਸ: ਛੀਨਾ ਨੇ ਇਸ ਯੂਨੀਵਰਸਿਟੀ ਨੂੰ ਸਮੇਂ ਦੀ ਮੰਗ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਇਤਿਹਾਸਕ 1890 ਤੋਂ ਵਿੱਦਿਆ ਦੇ ਪ੍ਰਸਾਰ ਲਈ ਕਾਰਜਸ਼ੀਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਜਿਸਦੀ ਅਗਵਾਈ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਕਰ ਰਹੇ ਹਨ, ਦੀ ਲੋਕਤਾਂਤਰਿਕ ਢੰਗ ਨਾਲ ਚੁਣੀ ਹੋਈ ਸੋਸਾਇਟੀ ਚਲਾਵੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਜੋ ਕਿ ਵਿਰਾਸਤ ਦਾ ਬੇਸ਼ਕੀਮਤੀ ਨਮੂਨਾ ਹੈ, ਨੂੰ ਹਮੇਸ਼ਾਂ ਦੀ ਤਰ੍ਹਾਂ ਅਲੱਗ ਸੰਭਾਲਿਆ ਜਾਵੇਗਾ ਅਤੇ ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਹੀ ਸਬੰਧਿਤ ਰਹੇਗੀ। ਉਨ੍ਹਾਂ ਨੇ ਖ਼ਾਲਸਾ ਯੂਨੀਵਰਸਿਟੀ ਨੂੰ ਸਰਹੱਦੀ ਖੇਤਰ ਵਿੱਚ ਵਿੱਦਿਆ ਦੇ ਪ੍ਰਸਾਰ ਅਤੇ ਵਿਦਿਆਰਥੀਆਂ ਨੂੰ ਸਮੇਂ ਦੀ ਮੰਗ ਅਨੁਸਾਰ ਕਿੱਤਾ ਮੁੱਖੀ ਕੋਰਸ ਉਪਲਬੱਧ ਕਰਵਾਕੇ ਨਿਪੁੰਨ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਜਾ ਰਹੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਦਾ ਵੀ ਸਵਾਗਤ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ‘ਤੇ ਮੈਨੇਜ਼ਮੈਂਟ ਨੂੰ ਵਧਾਈ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ: ਮਨਜਿੰਦਰ ਸਿੰਘ ਸਿਰਸਾ, ਸਾਬਕਾ ਚੇਅਰਮੈਨ, ਨੈਸ਼ਨਲ ਮਿਓਨਿਟੀ ਕਮਿਸ਼ਨ ਸ: ਤਰਲੋਚਨ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਸ: ਪ੍ਰਿਤਪਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਪ ਕੁਲਪਤੀ ਸ: ਅਜਾਇਬ ਸਿੰਘ ਬਰਾੜ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਐੱਸ. ਪੀ. ਸਿੰਘ ਅਤੇ ਡਾ. ਹਰਭਜਨ ਸਿੰਘ ਸੋਚ, ਸਰਬੱਤ ਦਾ ਭਲਾ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰਾਏ, ਚੰਡੀਗੜ੍ਹ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਆਰ. ਐੱਸ. ਬਾਵਾ ਨੇ ਆਪਣੇ ਸੰਦੇਸ਼ਾਂ ਰਾਹੀਂ ਯੂਨੀਵਰਸਿਟੀ ਦੇ ਫੈਸਲੇ ਦਾ ਭਰਪੂਰ ਸਵਾਗਤ ਕੀਤਾ।
ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਵੀ ਖ਼ਾਲਸਾ ਯੂਨੀਵਰਸਿਟੀ ਦਾ ਭਰਪੂਰ ਸਵਾਗਤ ਕੀਤਾ ਹੈ। ਆਪਣੇ ਸੰਦੇਸ਼ ਵਿੱਚ ਹੋਲਲੈਂਡ ਤੋਂ ਭੁਪਿੰਦਰ ਸਿੰਘ, ਕੈਨੇਡਾ ਦੇ ਰੱਖਿਅਕ ਮੰਤਰੀ ਸ: ਹਰਜੀਤ ਸਿੰਘ ਸਾਜਨ ਦੇ ਨਜਦੀਕੀ ਹਰਬੰਸ ਸਿੰਘ ਰਾਏ, ਨਾਰਵੇ ਤੋਂ ਗੁਰਚਰਨ ਸਿੰਘ, ਜੋਗਾ ਸਿੰਘ, ਹਰਚਰਨ ਸਿੰਘ ਗਰੇਵਾਲ, ਬਲਦੇਵ ਸਿੰਘ, ਬਲਕਾਰ ਸਿੰਘ, ਇੰਗਲੈਂਡ ਸ਼ਹਿਰ ਬਾਰਕਿਨ ਡੇਗਨਹਮ ਦੇ ਸਾਬਕਾ ਮੇਅਰ ਇੰਦਰਜੀਤ ਸਿੰਘ ਜੰਮੂ, ਅਮਰੀਕਾ ਤੋਂ ਹਰਪ੍ਰੀਤ ਸਿੰਘ ਸੰਧੂ, ਪੰਜਾਬ ਕਲਚਰਲ ਕੌਂਸਲ ਦੇ ਪ੍ਰਧਾਨ ਦਵਿੰਦਰ ਸਿੰਘ ਛੀਨਾ, ਲੇਖਕ ਅਤੇ ਅਰਥ ਸ਼ਾਸ਼ਤਰੀ ਡਾ. ਗੁਰਨਾਮ ਸਿੰਘ ਰੇਖੀ, ‘ਸਾਲਾਨਾ ਸਿੱਖ-100 ਡਾਇਰੈਕਟਰੀ ਦੇ ਸੰਚਾਲਕ ਭੁਪਿੰਦਰ ਸਿੰਘ ਆਦਿ ਨੇ ਵੀ ਖ਼ਾਲਸਾ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਫੈਡਰੇਸ਼ਨ ਲੀਡਰਾਂ ਤੋਂ ਇਲਾਵਾ, ਪੰਜਾਬ ਨਾਟਸ਼ਾਲਾ, ਆਰਟ ਗੈਲਰੀ, ਕਾਲਜ ਮੈਨੇਜ਼ਮੈਂਟ ਐਸੋਸੀਏਸ਼ਨ, ਮੀਰੀ-ਪੀਰੀ ਅਕਾਦਮੀ, ਫੋਰ ਐੱਸ. ਸਕੂਲ ਮੈਨੇਜ਼ਮੈਂਟ, ਸਪਰਿੰਗ ਡੇਲ ਐਸੋਸੀਏਸ਼ਨ ਸੋਸਾਇਟੀ, ਪਿੰਗਲਵਾੜਾ, ਖ਼ਾਲਸਾ ਕਾਲਜ ਦੀ ਐਲੂਮਨੀ ਐਸੋਸੀਏਸ਼ਨ, ਪੰਜਾਬ ਨੈਸ਼ਨਲ ਬੈਂਕ ਦੀ ਮੈਨੇਜ਼ਮੈਂਟ, ਵਿੱਦਿਅਕ ਮਾਹਿਰਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਉਕਤ ਫੈਸਲੇ ਅਤੇ ਸ਼ਹਿਰ ਕਈ ਨਾਮੀਂ ਵਿੱਦਿਅਕ ਅਦਾਰਿਆਂ ਤੇ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਲਾਘਾ ਕੀਤੀ ਗਈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media