Friday, July 5, 2024

ਤਨਖਾਹਾਂ ਨਾ ਮਿਲਣ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਨੇ ਘੇਰੀ ਕਾਰਜਕਾਰੀ ਇੰਜੀਨੀਅਰ ਦੀ ਕਾਰ

ਅਲਗੋਂ ਕੋਠੀ, 20 ਜੁਲਾਈ (ਹਰਦਿਆਲ ਸਿੰਘ ਭੈਣੀ) – ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਜਿਲਾ ਤਰਨਤਾਰਨ ਦੇ ਕਾਮਿਆਂ ਨੇ ਵਿਭਾਗ ਦੇ ਮੁਲਾਜ਼ਮਾਂ ਦੀ ਗੱਲ ਨਾ ਸੁਨਣ ‘ਤੇ ਦਫਤਰ ਵਿਚੋਂ ਗੱਲਬਾਤ ਕਰਨ ਤੋਂ ਭੱਜਦੇ ਹੋਏ ਕਾਰਜਕਾਰੀ ਇੰਜੀਨੀਅਰ ਨਰਿੰਦਰ ਸਿੰਘ ਨੂੰ ਉਸ ਦੀ ਕਾਰ ਅੱਗੇ ਲੰਮੇ ਪੈ ਕੇ ਘੇਰਿਆ ਅਤੇ ਉਸ ਨੂੰ ਮੁੜ ਦਫਤਰ ਵਿੱਚ ਬੈਠ ਕੇ ਗੱਲ ਸੁਨਣ ਲਈ ਮਜ਼ਬੂਰ ਕੀਤੇ ਜਾਣ ਦੀ ਖਬਰ ਹੈ।ਇਸ ਸਬੰਧੀ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਜਿਲਾ ਪ੍ਰਧਾਨ ਗੁਰਸਾਹਿਬ ਸਿੰਘ ਮੱਲੀ ਨੇ ਦੱਸਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਕਾਰਜਕਾਰੀ ਇੰਜੀਨੀਅਰ ਨੂੰ ਫੋਨ ਕਰਕੇ ਉਨਾਂ ਨੇ ਸਮਾਂ ਮੰਗਿਆ ਤਾਂ ਉਨਾਂ ਨੂੰ ਤਰਨਤਾਰਨ ਬੁਲਾ ਲਿਆ ਗਿਆ, ਪਰ ਗੱਲਬਾਤ ਕਰਨ ਦਾ ਸਮਾਂ ਨਾ ਦਿੱਤਾ।ਗੁਰਸਾਹਿਬ ਸਿੰਘ ਮੱਲੀ ਸਾਥੀਆਂ ਸਮੇਤ ਲੰਮਾ ਸਮਾਂ ਉਡੀਕਦੇ ਰਹੇ, ਜਦਕਿ ਕਾਰਜਕਾਰੀ ਇੰਜੀਨੀਅਰ ਨੇ ਕਈ ਹੋਰਨਾਂ ਨੂੰ ਦਫਤਰ ਦੇ ਅੰਦਰ ਬੁਲਾਇਆ ।ਜਿਸ ‘ਤੇ ਸੈਨੀਟੇਸ਼ਨ ਮੁਲਾਜ਼ਮਾਂ ਨੇ ਮਹਿਸੂਸ ਕੀਤਾ ਕਿ ਇੰਜੀਨੀਅਰ ਨਰਿੰਦਰ ਸਿੰਘ ਉਨਾਂ ਨਾਲ ਜਾਣ ਬੁੱਝ ਕੇ ਗੱਲ ਨਹੀਂ ਕਰਨੀ ਚਾਹੁੰਦੇ।ਇਸੇ ਦੌਰਾਨ ਇੰਜ: ਨਰਿੰਦਰ ਸਿੰਘ ਦਫਤਰ ‘ਚੋਂ ਨਿਕਲ ਕੇ ਆਪਣੀ ਕਾਰ ਵਿੱਚ ਬੈਠ ਕੇ ਉਥੋਂ ਜਾਣ ਲੱਗੇ ਤਾਂ ਗੁਰਸਾਹਿਬ ਸਿੰਘ ਤੇ ਸੈਨੀਟੇਸ਼ਨ ਮੁਲਾਜ਼ਮ ਨਾਅਰੇਬਾਜ਼ੀ ਕਰਦੇ ਹੋਏ ਕਾਰ ਅੱਗੇ ਲੰਮੇ ਪੈ ਗਏ। ਇਸ ਉਪਰੰਤ ਹੋਰ ਕੋਈ ਚਾਰਾ ਨਾ ਚੱਲਦਿਆਂ ਦੇਖ ਕੇ ਕਾਰਜਕਾਰੀ ਇੰਜੀਨੀਅਰ ਨੂੰ ਮੁਲਾਜ਼ਮਾਂ ਦੀ ਗੱਲ ਸੁਨਣ ਲਈ ਮਜ਼ਬੂਰ ਹੋਣਾ ਪਿਆ।ਜਿਲਾ ਪ੍ਰਧਾਨ ਮੱਲੀ ਨੇ ਕਿਹਾ ਕਿ ਗੱਲ ਸੁਨਣ ਦੇ ਬਾਵਜੂਦ ਵੀ ਉਨਾਂ ਦੀਆਂ ਮੰਗਾਂ ਜਿੰਨਾਂ ਵਿੱਚ ਦੋ ਮਹੀਨਿਆਂ ਰੁਕੀ ਤਨਖਾਹ ਦਾ ਮਸਲਾ ਵੀ ਸ਼ਾਮਲ ਹੈ ਦਾ ਕੋਈ ਹੱਲ ਨਹੀ ਕੀਤਾ ਗਿਆ, ਜਦਕਿ ਉਨਾਂ ਨੇ ਹੈਡ ਆਫਿਸ ਤੋਂ ਮੁਲਾਜ਼ਮਾਂ ਦੀ ਤਨਖਾਹ ਰਲੀਜ਼ ਕਰਵਾਈ ਹੋਈ ਹੈ।ਇਸੇ ਦੌਰਾਨ ਕਾਰਜਕਾਰੀ ਇੰਜੀਨੀਅਰ ਦੇ ਇਸ ਵਤੀਰੇ ਦੀ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆ, ਜਿਲਾ ਜਨਰਮ ਸਕੱਤਰ ਜਸਵਿੰਦਰ ਸਿੰਘ ਰਾਹੀ, ਅੰਮ੍ਰਿਤਸਰ ਜਿਲੇ ਦੇ ਪ੍ਰਧਾਨ ਸ਼ਸ਼ਪਾਲ ਸਿੰਘ ਲੱਲਾ, ਲੱਖਾ ਸਿੰਘ ਧਾਰੀਵਾਲ, ਸੂਬਾ ਕੈਸ਼ੀਅਰ ਇੰਦਰ ਕੁਮਾਰ ਆਦਿ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਧਰ ਜਦ ਕਾਰਜਕਾਰੀ ਇੰਜੀਨੀਅਰ ਨਰਿੰਦਰ ਸਿੰਘ ਦਾ ਪੱਖ ਜਾਨਣ ਲਈ ਉਨਾਂ ਦੇ ਮੋਬਾਇਲ ‘ਤੇ ਕਾਲ ਕੀਤੀ ਗਈ ਤਾਂ ਉਨਾਂ ਨੇ ਕਾਲ ਸੁਨਣ ਦੀ ਖੇਚਲ ਨਾ ਕੀਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply