Friday, March 6, 2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੈਂਪ ਦੌਰਾਨ 547 ਨਵੇਂ ਉਸਾਰੀ ਕਿਰਤੀ ਕੀਤੇ ਰਜਿਸਟਰਡ ਤੇ 132 ਫਾਰਮ ਭਰੇ

PPN2907201611ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ ਸੱਗੂ)- ਮਾਣਯੋਗ ਸੁਪਰੀਮ ਕੋਰਟ ਅਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ (ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਕਾਨੂੰਨੀ ਸਹਾਇਤਾ) ਸਕੀਮ 2015 ਦੇ ਆਦੇਸ਼ਾਂ ਦੀ ਪਾਲਣਾ ਵਿਚ ਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਸ. ਗੁਰਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਵਿਖੇ ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਕਿਰਤੀਆਂ ਲਈ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ 547 ਨਵੇਂ ਉਸਾਰੀ ਕਿਰਤੀ ਰਜਿਸਟਰਡ ਕਰਨ ਤੋਂ ਇਲਾਵਾ ਭਲਾਈ ਸਕੀਮਾਂ ਦੇ 132 ਫਾਰਮ ਵੀ ਭਰੇ ਗਏ।
ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਨਵੇਂ ਰਜਿਸਟਰਡ ਹੋਏ ਉਸਾਰੀ ਕਾਮਿਆਂ ਨੂੰ ਰਜਿਸਟ੍ਰੇਸ਼ਨ ਕਾਰਡਾਂ ਦੀ ਵੰਡ ਕਰਦਿਆਂ ਕਿਹਾ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਉਨ੍ਹਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਅਤੇ ਸੈਮੀਨਾਰ ਦਾ ਮੁੱਖ ਉਦੇਸ਼ ਅਸੰਗਿਠਤ ਖੇਤਰ ਵਿਚ ਕੰਮ ਕਰ ਰਹੇ ਕਿਰਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਹਿੱਤਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਉਨ੍ਹਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਬੀ. ਸੀ. ਓ ਡਬਲਯੂ ਐਕਟ ਅਧੀਨ ਰਜਿਸਟਰ ਹੋਣ ਦੇ ਫਾਇਦੇ ਦੱਸੇ ਅਤੇ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਉਹ ਵਰਕਰ ਜਿਨ੍ਹਾਂ ਨੇ ਸਾਲ ਦੇ 90 ਦਿਨ ਪੰਜਾਬ ਵਿਚ ਉਸਾਰੀ ਦਾ ਕੰਮ ਕਰ ਲਿਆ ਹੋਵੇ, ਉਹ ਕਿਰਤ ਵਿਭਾਗ, ਪੰਜਾਬ ਤੋਂ ਰਜਿਟਰੇਸ਼ਨ ਕਰਵਾ ਕੇ ਸਕੀਮਾਂ ਦਾ ਫਾਇਦਾ ਲੈ ਸਕਦੇ ਹਨ। ਜਿਵੇਂ ਕਿ ਦੁਰਘਟਨਾ ਵਿਚ ਮੌਤ ਹੋਣ ‘ਤੇ 4 ਲੱਖ ਰੁਪਏ, ਕੁਦਰਤੀ ਮੌਤ ‘ਤੇ 3 ਲੱਖ ਰੁਪਏ, ਪੂਰਨ ਅਪੰਗਤਾ (100 ਫੀਸਦੀ) ਹੋਣ ‘ਤੇ 4 ਲੱਖ ਰੁਪਏ, ਆਂਸ਼ਕ ਅਪੰਗਤਾ ਦੀ ਸੂਰਤ ਵਿਚ ਹਰੇਕ ਇਕ ਪ੍ਰਤੀਸ਼ਤ ਅਪੰਗਤਾ ਲਈ 4000 ਰੁਪਏ, ਜੋ ਕਿ ਵੱਧ ਤੋਂ ਵੱਧ 4 ਲੱਖ ਰੁਪਏ, ਬਿਮਾਰੀ ਦੇ ਇਲਾਜ ਵਾਸਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਕੁਲ 50000 ਰੁਪਏ ਤੱਕ ਪ੍ਰਤੀ ਪਰਿਵਾਰ ਸਾਲਾਨਾ ਪੰਜ ਮੈਂਬਰ ਇਲਾਜ ਕਰਵਾ ਸਕਦੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਲਈ ਸਕਾਲਰਸ਼ਿਪ, ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਕਿਲ ਅਪਗ੍ਰੇਡੇਸ਼ਨ ਅਤੇ ਵੋਕੇਸ਼ਨ ਦਾ ਸਾਰਾ ਖਰਚਾ ਹੋਸਟਲ ਸਹਿਤ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 60 ਸਾਲ ਦੀ ਉਮਰ ਤੋਂ ਬਾਅਦ ਉਸਾਰੀ ਕਾਮੇ ਪੈਨਸ਼ਨ ਦੇ ਵੀ ਹੱਕਦਾਰ ਹੋਣਗੇ।
ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਦੱਸਦਿਆਂ ਇਨ੍ਹਾਂ ਦਾ ਲਾਭ ਉਠਾਉਣ ਲਈ ਕਿਹਾ। ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ਼ ਬਾਂਸਲ ਨੇ ਇਸ ਮੌਕੇ ਕਿਰਤੀਆਂ ਦੇ ਕਾਨੂੰਨੀ ਹੱਕਾਂ ਅਤੇ ਲੇਬਰ ਐਕਟ 1996 ਬਾਰੇ ਜਾਣੂ ਕਰਵਾਇਆ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਿਪਨ ਪਰਮਾਰ, ਕਿਰਤ ਅਫ਼ਸਰ ਸ. ਜਗੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੰਚ ਸੰਚਾਲਨ ਸ. ਸੁਖਰਾਜ ਸਿੰਘ ਸੰਧੂ ਨੇ ਬਾਖੂਬੀ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply