ਨਵੀਂ ਦਿੱਲੀ, 9 ਅਗਸਤ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਦਿੱਲੀ ਵਿਚ ਨਵੇਂ 58 ਸ਼ਰਾਬ ਦੇ ਠੇਕੇ ਖੁਲਣ ਦੀ ਜਾਣਕਾਰੀ ਆਰ.ਟੀ.ਆਈ ਰਾਹੀਂ ਬਾਹਰ ਆਉਣ ਤੋਂ ਬਾਅਦ ਹੁਣ ਦਿੱਲੀ ਦੇ ਬੁੱਧੀਜੀਵੀਆਂ ਵੱਲੋਂ ਦਿੱਲੀ ਵਿੱਚ ਸ਼ਰਾਬਬੰਦੀ ਦੀ ਮੰਗ ਕੀਤੀ ਜਾ ਰਹੀ ਹੈ।ਅਖਿਲ ਭਾਰਤੀ ਨਸ਼ਾ ਮੁਕਤੀ ਮੋਰਚਾ ਦੇ ਮੁਖੀ ਸਵਾਮੀ ਅਗਿਨਵੇਸ਼ ਦੀ ਅਗਵਾਈ ਹੇਠ ਅੱਜ ਸੈਂਕੜੇ ਕਾਰਕੂਨਾ ਨੇ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਤੋਂ ਦਿੱਲੀ ਸਕੱਤ੍ਰੇਤ ਤਕ ਮਾਰਚ ਕੱਢਿਆ।ਇਤਿਹਾਸਿਕ ਜਨਕ੍ਰਾਂਤੀ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਕੱਢੇ ਗਏ ਇਸ ਮਾਰਚ ਵਿਚ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਅਤੇ ਸਰਬ ਧਰਮ ਸੰਸਦ ਦੇ ਆਗੂਆਂ ਨੇ ਵੀ ਹਾਜਰੀ ਭਰੀ।
ਸਵਾਮੀ ਅਗਿਨਵੇਸ਼ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਨਸ਼ਾਖੋਰੀ ਤੇ ਲਗਾਮ ਲਗਾਉਣ ਵਾਸਤੇ ਵੱਡੀ ਪਹਿਲਕਦਮੀ ਕੀਤੀ ਸੀ, ਪਰ ਦਿੱਲੀ ਸਰਕਾਰ ਦਿੱਲੀ ਵਿੱਚ ਲਗਾਤਾਰ ਨਵੇਂ ਸ਼ਰਾਬ ਦੇ ਠੇਕੇ ਖੋਲ ਰਹੀ ਹੈ।ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪੰਜਾਬ ਅਤੇ ਦੂਜੇ ਸੂਬਿਆਂ ਵਿਚ ਜਾ ਕੇ ਪੂਰਨ ਤੌਰ ਤੇ ਨਸ਼ਾਬੰਦੀ ਦੀ ਹਿਮਾਇਤ ਕਰਦੇ ਹਨ ਪਰ ਦਿੱਲੀ ਵਿਚ ਉਸਦੇ ਉਲਟ ਨਵੇਂ ਠੇਕੇ ਖੋਲਦੇ ਹਨ।ਉਨਾਂ੍ਹ ਨੇ ਇਸ ਵਿਵਹਾਰ ਨੂੰ ਕੇਜਰੀਵਾਲ ਦਾ ਦੋਹਰੇ ਮਾਪਦੰਡ ਦੱਸਿਆ। ਆਂਕੜੇ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਬੀਤੇ ਡੇਢ ਸਾਲ ਦੌਰਾਨ ਦਿੱਲੀ ਵਿਚ 21 ਸਰਕਾਰੀ ਅਤੇ 37 ਨਿੱਜੀ ਸ਼ਰਾਬ ਦੇ ਠੇਕੇ ਖੋਲੇ ਗਏ ਹਨ।ਜਿਸ ਕਰਕੇ ਸਰਕਾਰੀ ਖਜਾਨੇ ਵਿਚ ਪਹਿਲੇ ਆ ਰਹੇ 800 ਕਰੋੜ 30 ਲੱਖ ਦੇ ਮੁਕਾਬਲੇ ਸਰਕਾਰ ਕੋਲ ਹੁਣ 1500 ਕਰੋੜ ਰੁਪਏ ਕਮਾਈ ਆ ਰਹੀ ਹੈ।ਬਿਹਾਰ ਵਿਚ ਸ਼ਰਾਬਬੰਦੀ ਤੋਂ ਬਾਅਦ 27 ਫੀਸਦੀ ਆਪਰਾਧਿਕ ਘਟਨਾਵਾਂ ਵਿੱਚ ਕਮੀ ਆਉਣ ਦੀ ਜਾਣਕਾਰੀ ਦਿੰਦੇ ਹੋਏ ਸਵਾਮੀ ਅਗਿਨਵੇਸ਼ ਨੇ ਗਰੀਬ ਪਰਿਵਾਰਾਂ ਦੇ ਜੀਵਨ ਵਿਚ ਹੁਣ ਖੁਸ਼ਹਾਲੀ ਆਉਣ ਦਾ ਵੀ ਦਾਅਵਾ ਕੀਤਾ।ਉਨ੍ਹਾਂ ਕਿਹਾ ਕਿ ਬੇਸ਼ਕ ਬਿਹਾਰ ਸਰਕਾਰ ਦੇ ਖਜਾਨੇ ਨੂੰ 5000 ਕਰੋੜ ਦੀ ਚਪੇੜ ਸ਼ਰਾਬਬੰਦੀ ਨਾਲ ਲੱਗੀ ਹੈ ਪਰ ਉਸ ਦੇ ਮੁਕਾਬਲੇ ਪੈਦਾ ਹੋਣ ਵਾਲੀ ਪਰੇਸ਼ਾਨੀਆਂ ਅਤੇ ਬੀਮਾਰੀਆਂ ਵਿਚ ਵੀ ਕਮੀ ਆਈ ਹੈ। ਫਾਉਂਡੇਸ਼ਨ ਦੇ ਮੁਖੀ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਦਿੱਲੀ ਨੂੰ ਨਸ਼ਾ ਮੁਕਤ ਬਣਾਉਣ ਦਾ ਜੋ ਵਾਇਦਾ ਕੀਤਾ ਸੀ ਅੱਜ ਉਸਨੂੰ ਅਮਲੀਜਾਮਾ ਪਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਮਾਰਚ ਦੇ ਦਿੱਲੀ ਸਕੱਤ੍ਰੇਤ ਪੁਜਣ ਤੇ ਜਦੋਂ ਆਗੂਆਂ ਨੇ ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲਕੇ ਮੰਗ ਪੱਤਰ ਦੇਣਾ ਚਾਹੀਆਂ ਤਾਂ ਸਿਸੋਦੀਆਂ ਵੱਲੋਂ ਨਾਹ ਕਰ ਦਿੱਤੀ ਗਈ। ਜਿਸਤੋਂ ਬਾਅਦ ਉਕਤ ਮੰਗ ਪੱਤਰ ਦਿੱਲੀ ਦੇ ਉਪਰਾਜਪਾਲ ਨੂੰ ਦਿੱਤਾ ਗਿਆ। ਨਸ਼ਾ ਮੁਕਤ ਭਾਰਤ ਆਂਦੋਲਨ ਦੀਆਂ ਤਿੰਨ ਮੁਖ ਮੰਗਾ ਵਿਚ ਸੰਵਿਧਾਨ ਦੀ ਧਾਰਾ 47 ਦੇ ਤਹਿਤ ਦਿੱਲੀ ਵਿੱਚ ਪੂਰਨ ਸ਼ਰਾਬਬੰਦੀ ਲਾਗੂ ਕੀਤੀ ਜਾਵੇ, ਸ਼ਰਾਬ ਦੇ ਨਾਲ ਬਾਕੀ ਨਸ਼ੇ ਦੀ ਵਸਤੂਆਂ ਤੇ ਰੋਕ ਲਗਾਈ ਜਾਵੇ ਅਤੇ ਨਸ਼ਾ ਮੁਕਤਿ ਦੇ ਪ੍ਰਚਾਰ-ਪ੍ਰਸਾਰ ਤੇ ਲੋਕਾਂ ਨੂੰ ਜਾਗਰੁਕ ਕਰਨ ਵੱਧ ਤੋਂ ਵੱਧ ਬਜਟ ਰਖਿਆ ਜਾਵੇ।ਇਸ ਮੌਕੇ ਸਰਬ ਧਰਮ ਸੰਸਦ ਪ੍ਰਧਾਨ ਗੋਸਵਾਮੀ ਸ਼ੁਸ਼ੀਲ ਜੀ ਮਹਾਰਾਜ, ਮਹੰਤ ਭਾਈ, ਮਨੋਹਰ ਮਾਨਵ ਭੁਪਿੰਦਰ ਸਿੰਘ ਰਾਵਤ ਅਤੇ ਫਾਉਂਡੇਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰੰਘ ਚੰਢੋਕ ਸਣੇ ਮੁਸਲਿਮ ਧਰਮ ਗੁਰੂ ਆਦਿਕ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media