Friday, March 20, 2026

ਝੋਨੇ ਤੇ ਬਾਸਮਤੀ ਦੀ ਫਸਲ ਦੇ ਵਾਧੇ ਲਈ ਰਸਾਇਣਕ ਖਾਦਾਂ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ‘ਤੇ ਜੋਰ

PPN1008201619
ਪਠਾਨਕੋਟ, 10 ਅਗਸਤ (ਪੰਜਾਬ ਪੋਸਟ ਬਿਊਰੋ) – ਝੋਨੇ ਅਤੇ ਬਾਸਮਤੀ ਦੀ ਫਸਲ ਦੇ ਵਾਧੇ ਅਤੇ ਪ੍ਰਤੀ ਏਕੜ ਵਧੇਰੇ ਪੈਦਾਵਾਰ ਲੈਣ ਲਈ ਵੱਡੇ ਖੁਰਾਕੀ ਤੱਤਾਂ (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਦੇ ਨਾਲ ਨਾਲ ਛੋਟੇ ਖੁਰਾਕੀ ਤੱਤ (ਫੈਰਿਸ ਸਲਫੇਟ, ਜਿੰਕ ਸਲਫੇਟ) ਵੀ ਅਹਿਮ ਭੁਮਿਕਾ ਨਿਭਾਉਂਦੇ ਹਨ, ਇਸ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਠਾਨਕੋਟ ਦੇ ਪਿੰਡ ਜੰਗਲ ਵਿੱਚ ਸਥਿਤ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੀਨਾਨਗਰ,ਮਾਸਟਰ ਗਿਆਨ ਸਿੰਘ ਦੇ ਦਿਉਲ ਖੇਤੀ ਫਾਰਮ ਤੇ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤਹਿਤ ਲਗਾਏ ਫਾਰਮ ਸਕੂਲ ਦੇ ਤੀਜੇ ਸੈਸ਼ਨ ਮੌਕੇ ਇਕੱਤਰ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦਿਆਂ ਕਹੇ।ਡਾ. ਅਮਿਤ ਕੁਮਾਰ ਬੀ ਟੀ ਐਮ ਅਤੇ ਡਾ. ਮਿਸ ਮਨਜੀਤ ਕੌਰ ਦੇ ਪ੍ਰਬੰਧਾ ਹੇਠ ਲਗਾਏ ਫਾਰਮ ਸਕੂਲ ਮੌਕੇ ਡਾ. ਸੁਮੇਸ਼ ਚੋਪੜਾ ਜ਼ਿਲ੍ਹਾ ਪਸਾਰ ਮਾਹਿਰ(ਸਮ),ਡਾ. ਮਨਪ੍ਰੀਤ ਕੌਰ ਕੀਟ ਵਿਗਿਆਨੀ,ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ, ਬਲਵਿੰਦਰ ਕੁਮਾਰ, ਮਨਦੀਪ ਸਿੰਘ, ਸੁਰੇਣ ਸਿੰਘ , ਪਰਗਟ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਫਾਰਮ ਸਕੂਲ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਦੇ ਪੱਕਣ ਤੱਕ ਕੁੱਲ ਛੇ ਤਕਨੀਕੀ ਸ਼ੈਸ਼ਨ ਲਗਾਏ ਜਾਣਗੇ, ਜਿਸ ਵਿੱਚ ਮੌਸਮ/ਸਮੇਂ ਅਨੁਸਾਰ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਮਕਸਦ ਲਈ ਕੁੱਲ 28 ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਦੇ ਫਾਲਤੂ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਸ਼ੁੱਧ ਆਮਦਨ ਵਧਾਈ ਜਾ ਸਕੇ। ਉਨਾਂ ਦੱਸਿਆ ਕਿ ਝੋਨੇ ਅਤੇ ਬਾਸਮਤੀ ਵਿੱਚ ਕੀੜਿਆ ਦੀ ਰੋਕਥਾਮ ਲਈ ਵਰਤੀਆਂ ਜਾਂਦੀਆ ਕੀਟਨਾਸ਼ਕਾਂ ਦੀ ਨਿਰਭਰਤਾ ਘਟਾਉਣ ਲਈ ਸਰਬਪੱਖੀ ਕੀਟ ਪ੍ਰਬੰਧ ਵਿਧੀ ਨੂੰ ਅਪਨਾਇਆ ਜਾਵੇਗਾ।
ਡਾ. ਮਨਦੀਪ ਕੌਰ ਨੇ ਕਿਹਾ ਕਿ ਝੋਨੇ ਦੀ ਫਸਲ ਉੱਪਰ ਤਕਰੀਬਨ ਦਰਜਨ ਤੋਂ ਵੱਧ ਕੀੜੇ ਹਮਲਾ ਕਰਕੇ ਔਸਤਣ 28% ਫੀਸਦੀ ਨੁਕਸਾਨ ਕਰ ਦਿੰਦੇ ਹਨ ਅਤੇ ਇਨਾਂ ਵਿੱਚੋਂ ਮੁੱਖ ਤੌਰ ਤੇ ਤਣੇ ਦਾ ਗੜੂੰਆਂ,ਪੱਤਾ ਲਪੇਟ ਸੁੰਡੀ,ਕੰਡਿਆਲੀ ਕਾਲੀ ਭੂੰਡੀ, ਟਿੱਡੇ ਅਤੇ ਚੂਹੇ ਕੁਝ ਅਜਿਹੇ ਕੀੜੇ ਹਨ, ਜਿੰਨਾ ਦੀ ਸਮੇਂ ਸਿਰ ਰੋਕਥਾਮ ਕਰਕੇ ਹੋਣ ਵਾਲੇ ਨੁਕਸਾਨ ਨੂੰ ਘਟਾ ਕੇ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨ ਆਪਣੀਆਂ ਸਮੱਸਿਆਂਵਾਂ ਦੇ ਹੱਲ ਲਈ ਦੁਕਾਨਦਾਰਾਂ ਤੇ ਨਿਰਭਰ ਕਰਦੇ ਹਨ , ਜਿਸ ਨਾਲ ਕਈ ਵਾਰੀ ਫਾਇਦੇ ਦੀ ਬਿਜਾਏ ਨੁਕਸਾਨ ਹੋ ਜਾਂਦਾ ਹੈ ।ਡਾ. ਸੁਮੇਸ਼ ਚੋਪੜਾ ਨੇ ਕਿਹਾ ਕਿ ਦੁਕਾਨਦਾਰ ਆਮ ਕਰਕੇ ਕਿਸਾਨਾਂ ਨੂੰ ਸਿਫਾਰਸ਼ਾਂ ਦੇ ਉਲਟ ਘੱਟੋ ਘੱਟ ਦੋ ਕੀਟ ਨਾਸ਼ਕ ਦਵਾਈਆਂ ਦੇ ਦਿੰਦੇ ਹਨ ਅਤੇ ਕਈ ਵਾਰ ਦਵਾਈ ਦੀ ਸਿਫਾਰਸ਼ਾਂ ਦੇ ਉਲਟ ਮਾਤਰਾ ਵੀ ਵਧਾ ਕੇ ਦਿੰਦੇ ਹਨ ਤਾਂ ਜੋ ਉਨਾਂ ਦੀ ਵਿਕਰੀ ਵੱਧ ਹੋਣ ਕਾਰਨ ਫਾਇਦਾ ਜ਼ਿਆਦਾ ਹੋ ਸਕੇ ,ਪਰ ਇਸ ਨਾਲ ਜਿਥੇ ਕਿਸਾਨ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ, ਉਥੇ ਫਸਲ ਉੱਪਰ ਕੀੜਿਆਂ ਦੀ ਰੋਕਥਾਮ ਵੀ ਨਹੀਂ ਹੁੰਦੀ ।ਡਾ. ਜਤਿੰਦਰ ਕੁਮਾਰ ਨੇ ਕਿਸਾਨਾਂ ਨੂੰ ਕਿਹਾ ਖੇਤੀ ਤੋਂ ਵਧੇਰੇ ਆਮਦਨ ਲੈਣ ਲਈ ਬਾਗਾਂ ਅਤੇ ਸਬਜੀਆਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ।ਅਖੀਰ ਵਿੱਚ ਮਾਸਟਰ ਗਿਆਨ ਸਿੰਘ ਨੇ ਹਾਜ਼ਰ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਜ਼ਰੂਰੀ ਹੈ ਕਿ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਜਾਂਦੀਆਂ ਸਿਫਾਰਸ਼ਾਂ ਅਨੁਸਾਰ ਵਿਗਿਆਨਕ ਖੇਤੀ ਕੀਤੀ ਜਾਵੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply