Monday, August 10, 2026

ਜ਼ੁਲਮਾਂ ਦੇ ਸ਼ਿਕਾਰ ਬੱਚਿਆਂ ਲਈ ਵਰਦਾਨ ਬਣੀ 1098 ਚਾਈਲਡ ਹੈਲਪਲਾਈਨ

PPN2308201603

ਬਟਾਲਾ, 23 ਅਗਸਤ (ਨਰਿੰਦਰ ਬਰਨਾਲ)- ਬੱਚਿਆਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਟੌਲ ਫਰੀ ਚਾਈਲਡ ਹੈਲਪ ਲਾਈਨ 1098 ਚਲਾਈ ਜਾ ਰਹੀ ਹੈ। ਜੇਕਰ ਛੋਟੇ ਬੱਚਿਆਂ ਨੂੰ ਕੋਈ ਪਰੇਸ਼ਨੀ ਜਾਂ ਮੁਸਕਲ ਦਰਪੇਸ਼ ਹੋਵੇ ਤਾਂ ਉਹ ਚਾਈਲਡ ਹੈਲਪ ਲਾਈਨ 1098 ਉੱਪਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਸ੍ਰੀ ਵਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਹੈਲਪ ਲਾਈਨ ਨੰਬਰ ‘ਤੇ ਇਹ ਸਹੂਲਤ 24 ਘੰਟੇ ਉਪਲੱਬਧ ਹੈ ਅਤੇ ਹੈਲਪ ਲਾਈਨ ਵੱਲੋਂ ਇਹ ਸਹਾਇਤਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਵਾਂ ਵਿਚ ਦਿੱਤੀ ਜਾ ਰਹੀ ਹੈ।
ਸੀ.ਡੀ.ਪੀ.ਓ. ਬਟਾਲਾ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਇਹ ਹੈਲਪ ਲਾਈਨ ਬਾਲ ਮਜ਼ਦੂਰੀ ਕਰਦੇ ਬੱਚਿਆਂ, ਬੇਸਹਾਰਾ ਬੱਚਿਆਂ, ਘਰੋਂ ਕੱਢੇ ਬੱਚਿਆਂ, ਵੱਖ-ਵੱਖ ਜੁਲਮਾਂ ਦੇ ਸ਼ਿਕਾਰ ਬੱਚਿਆਂ, ਮਾਨਸਿਕ ਤੇ ਸਰੀਰਕ ਤੌਰ ‘ਤੇ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਚਾਈਲਡ ਹੈਲਪ ਲਾਈਨ ਉੱਪਰ ਕਿਸੇ ਵੀ ਸਥਾਨ ਤੋਂ ਕਿਸੇ ਵੀ ਸਮੇਂ ਮੁਫਤ ਫੋਨ ਕੀਤਾ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਚਾਈਲਡ ਲਾਈਨ ਵੱਲੋਂ ਬੱਚਿਆਂ ਨਾਲ ਸਬੰਧਤ ਸਲਾਹ ਮਸ਼ਵਰਾ, ਬੱਚਿਆਂ ਦੇ ਰਹਿਣ ਦੀ ਸੁਵਿਧਾ, ਅੱਤਿਆਚਾਰਾਂ ਤੋਂ ਸੁਰੱਖਿਆ, ਡਾਕਟਰੀ ਸਹਾਇਤਾ, ਵਜ਼ੀਫਾ, ਕਾਨੂੰਨੀ ਸਹਾਇਤਾ, ਰਿਹਾਇਸ਼ ਦੀ ਸਹੂਲਤ ਅਤੇ ਗੁਆਚੇ ਬੱਚੇ ਨੂੰ ਲੱਭਣ ਤੇ ਉਸਨੂੰ ਘਰ ਵਾਪਸ ਪਹੁੰਚਾਉਣ ਦੀ ਸੇਵਾ ਵੀ ਦਿੱਤੀ ਜਾਂਦੀ ਹੈ।
ਸ੍ਰੀ ਵਰਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਇਹ ਚਾਈਲਡ ਹੈਲਪ ਲਾਈਨ ਰਾਸ਼ਟਰ ਪੱਧਰ ‘ਤੇ ਚੱਲ ਰਹੀ ਹੈ ਅਤੇ ਬੱਚਿਆਂ ‘ਤੇ ਜੁਲਮਾਂ ਨੂੰ ਰੋਕਣ ਲਈ ਇਹ ਹੈਲਪ ਲਾਈਨ ਬਹੁਤ ਸਹਾਈ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕਿਸੇ ਬੱਚੇ ਨਾਲ ਜੁਲਮ ਹੋ ਰਹੇ ਹੋਣ ਜਾਂ ਖੁਦ ਬੱਚੇ ਇਸ ਗੱਲ ਦੀ ਸਮਝ ਰੱਖਦੇ ਹੋਣ ਤਾਂ ਉਹ 1098 ਨੰਬਰ ਡਾਈਲ ਕਰਕੇ ਆਪਣੀ ਮੁਸ਼ਕਲ ਜਾਂ ਸ਼ਿਕਾਇਤ ਦਰਜ ਕਰਾ ਸਕਦੇ ਹਨ, ਜਿਸ ਉਪਰ ਫੌਰੀ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply